ਸਣੇ ਕਾਰ ਭਾਖੜਾ ''ਚ ਜਾ ਡੁੱਬਿਆ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ

02/19/2020 5:56:44 PM

ਖਨੌਰੀ (ਹਰਜੀਤ ਸਿੰਘ ਪੁਜਾਰੀ) : ਥਾਣਾ ਖਨੌਰੀ ਅਧੀਨ ਪੈਂਦੇ ਨਜ਼ਦੀਕੀ ਪਿੰਡ ਠਸਕਾ ਦੇ ਰਹਿਣ ਵਾਲੇ ਕਿਸਾਨ ਲਖਵਿੰਦਰ ਸਿੰਘ (47) ਪੁੱਤਰ ਰਣਬੀਰ ਸਿੰਘ ਨੇ ਭਾਰੀ ਕਰਜ਼ੇ ਅਤੇ ਆਪਣੇ ਇਕਲੌਤੇ ਪੁੱਤਰ ਦੀ ਲਾਇਲਾਜ ਬਿਮਾਰੀ ਤੋਂ ਪ੍ਰੇਸ਼ਾਨ ਕੇ ਆਪਣੀ ਕਾਰ ਭਾਖੜਾ ਮੇਨ ਲਾਈਨ ਵਿਚ ਸੁੱਟ ਕੇ ਆਤਮ-ਹੱਤਿਆ ਕਰ ਲਈ। ਘਟਨਾ ਨਾਲ ਪਿੰਡ ਠਸਕਾ ਸਮੇਤ ਆਲੇ-ਦੁਆਲੇ ਦੇ ਪਿੰਡਾਂ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਕੱਤਰ ਜਾਣਕਾਰੀ ਅਨੁਸਾਰ ਅੱਜ ਮ੍ਰਿਤਕ ਲਖਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਆਪਣੇ ਪਿੱਛੇ ਪਤਨੀ, 20 ਸਾਲਾ ਅਪਾਹਜ ਬਿਮਾਰ ਲੜਕਾ ਅਤੇ 15 ਸਾਲਾ ਲੜਕੀ ਛੱਡ ਗਿਆ ਹੈ ਜੋ ਕਿ ਡੀ.ਏ.ਵੀ. ਸਕੂਲ ਮੂਨਕ ਵਿਖੇ 10ਵੀਂ ਜਮਾਤ ਵਿਚ ਪੜ੍ਹਦੀ ਹੈ। 

ਮ੍ਰਿਤਕ ਲਖਵਿੰਦਰ ਸਿੰਘ 6 ਏਕੜ ਜ਼ਮੀਨ ਦਾ ਮਾਲਕ ਸੀ ਜਿਸ 'ਤੇ ਪੰਜਾਬ ਐਂਡ ਸਿੰਧ ਬੈਂਕ ਖਨੌਰੀ ਪਾਸੋਂ 15 ਲੱਖ ਰੁਪਏ ਦਾ ਕਰਜ਼ ਲਿਆ ਹੋਇਆ ਸੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਮ੍ਰਿਤਕ ਦੀ ਪਤਨੀ ਕਰਮਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਲਖਵਿੰਦਰ ਸਿੰਘ ਇਕਲੌਤਾ ਪੁੱਤਰ ਅਮਨਦੀਪ ਸਿੰਘ (20) ਜੋ ਕਿ ਜਮਾਂਦਰੂ ਹੀ ਅਪਾਹਜ ਅਤੇ ਬਿਮਾਰ ਰਹਿੰਦਾ ਹੈ ਦੀ ਲਾਇਲਾਜ ਬਿਮਾਰੀ ਤੋਂ ਬਹੁਤ ਦੁੱਖੀ ਸੀ। ਜਿਸ ਦੇ ਇਲਾਜ ਲਈ ਉਨ੍ਹਾਂ ਪੰਜਾਬ, ਹਰਿਆਣਾ, ਪੀ.ਜੀ.ਆਈ ਚੰਡੀਗੜ੍ਹ, ਰਾਜਸਥਾਨ, ਐਮ.ਪੀ. ਅਤੇ ਹੋਰ ਵੀ ਅਨੇਕਾਂ ਹਸਪਤਾਲਾਂ ਤੋਂ ਇਲਾਜ ਕਰਵਾਇਆ ਪਰ ਪੁੱਤਰ ਠੀਕ ਹੋਣ ਦੀ ਜਗ੍ਹਾ ਹੋਰ ਬਿਮਾਰ ਹੁੰਦਾ ਗਿਆ ਅਤੇ ਇਸ ਦੌਰਾਨ ਉਸ ਦੇ ਸਿਰ ਕਰਜ਼ਾ ਚੜ੍ਹਦਾ ਗਿਆ। ਜਿਸ ਨੂੰ ਲੈ ਕੇ ਉਹ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਕਈ ਵਾਰ ਨਹਿਰ ਵਿਚ ਛਾਲ ਮਾਰ ਕੇ ਆਤਮ-ਹੱਤਿਆ ਕਰ ਲੈਣ ਬਾਰੇ ਕਹਿੰਦਾ ਸੀ। 17 ਫਰਵਰੀ ਨੂੰ ਉਹ ਸ਼ਾਮ ਨੂੰ ਖਨੌਰੀ ਤੋਂ ਦਵਾਈ ਲੈਣ ਦਾ ਕਹਿ ਕੇ ਆਪਣੀ ਸਵਿਫ਼ਟ ਕਾਰ 'ਤੇ ਘਰੋਂ ਗਿਆ ਸੀ ਜੋ ਰਾਤ ਤੱਕ ਵਾਪਸ ਨਹੀਂ ਪਰਤਿਆ ਅਤੇ ਪਰਿਵਾਰ ਵੱਲੋਂ ਸਾਰੀ ਰਾਤ ਉਸ ਦੀ ਤਲਾਸ਼ ਕੀਤੀ ਗਈ। 

ਮ੍ਰਿਤਕ ਦੀ ਪਤਨੀ ਅਨੁਸਾਰ ਦੁਪਹਿਰ ਬਾਅਦ ਲਖਵਿੰਦਰ ਸਿੰਘ ਦੀ ਕਾਰ ਪਿੰਡ ਦੇ ਹੀ ਭਾਖੜਾ ਨਹਿਰ ਦੇ ਪੁੱਲ ਕੋਲ ਡਿੱਗਣ ਬਾਰੇ ਜਾਣਕਾਰੀ ਮਿਲੀ। ਜਿਸ 'ਤੇ ਉਨ੍ਹਾਂ ਰਿਸ਼ਤੇਦਾਰ ਅਤੇ ਗੋਤਾਖੋਰਾਂ ਦੀ ਮਦਦ ਨਾਲ ਭਾਖੜਾ ਵਿਚ ਕਾਰ ਦੀ ਤਲਾਸ਼ ਕੀਤੀ ਅਤੇ ਕਾਰ ਨਹਿਰ ਵਿਚ ਮਿਲੀ ਜਿਸ ਵਿਚ ਲਖਵਿੰਦਰ ਸਿੰਘ ਦੀ ਲਾਸ਼ ਵੀ ਸੀ। ਖਨੌਰੀ ਪੁਲਸ ਵੱਲੋਂ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ 174 ਦੀ ਕਾਰਵਾਈ ਕਰਕੇ ਲਾਸ਼ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

Gurminder Singh

This news is Content Editor Gurminder Singh