12 ਮਹੀਨਿਆਂ ''ਚ 12 ਫਸਲਾਂ ਉਗਾਉਣ ਵਾਲੇ ਕਿਸਾਨ ਅਮਰਜੀਤ ਦੀ ਬੱਲੇ-ਬੱਲੇ (ਵੀਡੀਓ)

03/13/2019 5:05:39 PM

ਫਰੀਦਕੋਟ (ਜਗਤਾਰ) - ਪੰਜਾਬ ਭਾਰਤ ਦਾ ਖੇਤੀ ਪ੍ਰਧਾਨ ਸੂਬਾ ਹੈ ਪਰ ਇਨੀਂ ਦਿਨੀਂ ਇਥੋਂ ਦੇ ਕਿਸਾਨ ਖੇਤੀ ਤੋਂ ਦੂਰ ਹੁੰਦੇ ਜਾ ਰਹੇ ਨਜ਼ਰ ਆ ਰਹੇ ਹਨ। ਖੇਤੀ ਉਤਪਾਦਾਂ ਦਾ ਸਹੀ ਮੁੱਲ ਨਾ ਮਿਲਣ ਕਾਰਨ ਕਿਸਾਨਾਂ ਦੇ ਸਿਰ 'ਤੇ ਕਰਜ਼ੇ ਦਾ ਬੋਝ ਪੈ ਰਿਹਾ ਹੈ, ਜਿਸ ਕਾਰਨ ਉਹ ਖੁਦਕੁਸ਼ੀਆਂ ਕਰ ਰਹੇ ਹਨ। ਅਜਿਹੇ 'ਚ ਕੁਝ ਕਿਸਾਨ ਅਜਿਹੇ ਵੀ ਹਨ, ਜੋ ਆਪਣੀ ਸੂਝ-ਬੂਝ ਅਤੇ ਮਿਹਨਤ ਸਦਕਾ ਖੇਤੀ ਕਰਕੇ ਮੁਨਾਫਾ ਕਮਾ ਰਹੇ ਹਨ ਅਤੇ ਦੇਸ਼ 'ਚ ਨਾਮਣਾਂ ਖੱਟ ਰਹੇ ਹਨ। ਇਸੇ ਤਰ੍ਹਾਂ ਫਰੀਦਕੋਟ ਜ਼ਿਲੇ ਦੇ ਬਰਗਾੜੀ 'ਚ ਰਹਿਣ ਵਾਲੇ ਕਿਸਾਨ ਅਮਰਜੀਤ ਸਿੰਘ ਢਿਲੋਂ ਨੇ 12 ਮਹੀਨਿਆਂ 'ਚ 12 ਏਕੜ ਦੀ ਜ਼ਮੀਨ 'ਚੋਂ 12 ਤਰਾਂ ਦੀਆਂ ਫਸਲਾਂ ਉਗਾ ਕੇ ਇਕ ਅਹਿਮ ਮਿਸਾਲ ਕਾਇਮ ਕੀਤੀ ਹੈ।

ਦੱਸ ਦੇਈਏ ਕਿ ਕਿਸਾਨ ਅਮਰਜੀਤ ਨੇ ਸਾਲ 2000 'ਚ ਆਪਣੀ ਮਕੈਨੀਕਲ ਇੰਜਿਨਰਿੰਗ ਪੂਰੀ ਕੀਤੀ ਸੀ, ਜਿਸ ਤੋਂ ਬਾਅਦ ਉਹ ਨੌਕਰੀ ਕਰਨ ਲੱਗ ਪਿਆ ਪਰ ਕੁਝ ਸਮੇਂ ਬਾਅਦ ਉਸ ਨੇ ਨੌਕਰੀ ਛੱਡ ਕੇ ਖੇਤੀ ਕਰਨ ਦਾ ਫੈਸਲਾ ਲਿਆ। ਉਹ ਕਣਕ ਅਤੇ ਝੋਨੇ ਦੀ ਫਸਲ 'ਤੇ ਨਿਰਭਰ ਹੀ ਨਹੀਂ ਰਿਹਾ ਸਗੋਂ ਉਸ ਨੇ ਫੁੱਲਾਂ, ਫਲਾਂ ਅਤੇ ਸਬਜ਼ੀਆਂ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਉਸ ਨੂੰ ਮੁਨਾਫ਼ਾ ਹੋਣ ਲੱਗ ਪਿਆ। ਕਿਸਾਨ ਅਮਰਜੀਤ ਸਿੰਘ ਢਿੱਲੋਂ ਇਨੀਂ ਦਿਨੀਂ ਭਾਰਤ ਭਰ ਦੇ ਕਿਸਾਨਾਂ ਲਈ ਇਕ ਮਿਸਾਲ ਬਣ ਚੁੱਕਾ ਹੈ, ਜਿਸ ਸਦਕਾ ਉਸ ਨੂੰ ਖੇਤੀਬਾੜੀ ਵਿਭਾਗ ਵਲੋ ਸੂਬਾ ਅਤੇ ਕੌਮੀਂ ਪੱਧਰ 'ਤੇ ਕਈ ਸਨਮਾਨ ਮਿਲ ਚੁੱਕੇ ਹਨ। ਕਿਸਾਨ ਅਮਰਜੀਤ ਸਿੰਘ ਢਿੱਲੋਂ ਦੀ ਕਾਬਲੀਅਤ ਦਾ ਅੰਦਾਜਾ ਇਸ ਗੱਲ ਤੋਂ ਹੀ ਲਗਦਾ ਹੈ ਕਿ 2018 ਵਿਚ ਭਾਰਤ ਭਰ ਦੇ ਚੰਗੀ ਖੇਤੀ ਕਰਨ ਵਾਲੇ 25 ਕਿਸਾਨਾਂ 'ਚੋਂ ਜੋ 2 ਕਿਸਾਨ ਪੰਜਾਬ ਦੇ ਸਨ, ਉਨ੍ਹਾਂ 'ਚ ਇਕ ਨਾਂ ਅਮਰਜੀਤ ਸਿੰਘ ਢਿੱਲੋਂ ਦਾ ਸੀ।

rajwinder kaur

This news is Content Editor rajwinder kaur