ਬਾਰਿਸ਼ ਨੇ ਕਿਸਾਨਾਂ ਦੇ ਸਾਹ ਸੂਤੇ

09/24/2017 8:02:06 AM

ਪਟਿਆਲਾ  (ਜੋਸਨ, ਇੰਦਰਪ੍ਰੀਤ, ਲਖਵਿੰਦਰ) - ਪਿਛਲੇ 2 ਦਿਨਾਂ ਤੋਂ ਪੈ ਰਹੀ ਲਗਾਤਰ ਬਾਰਿਸ਼ ਨੇ ਜਿਥੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ, ਉਥੇ ਹੀ ਬਾਜ਼ਾਰਾਂ ਵਿਚੋਂ ਵੀ ਰੌਣਕਾਂ ਗਾਇਬ ਹੋ ਰਹੀਆਂ ਹਨ।  ਤਿਉਹਾਰਾਂ ਦਾ ਸਮਾਂ ਸਿਰ 'ਤੇ ਹੈ, ਇਸ ਦੇ ਬਾਵਜੂਦ ਬਾਰਿਸ਼ ਨੇ ਲੋਕਾਂ ਨੂੰ ਘਰਾਂ ਅੰਦਰ ਬੰਦ ਕਰ ਕੇ ਰੱਖ ਦਿੱਤਾ ਹੈ। ਜਨਜਵੀਨ ਪੂਰੀ ਤਰ੍ਹਾਂ ਠੱਪ ਵਿਖਾਈ ਦੇ ਰਿਹਾ ਹੈ।  ਇਹ ਬਾਰਿਸ਼ ਝੋਨੇ ਲਈ ਹੁਣ ਠੀਕ ਨਹੀਂ ਹੈ। ਇਸ ਨਾਲ ਫਸਲ ਦਾ ਝਾੜ ਵੀ ਘਟੇਗਾ ਅਤੇ ਜ਼ਿਆਦਾ ਬਾਰਿਸ਼ ਕਾਰਨ ਫਸਲ ਦੇ ਖਰਾਬ ਹੋਣ ਦਾ ਵੀ ਡਰ ਹੈ। ਮਾਹਿਰਾਂ ਮੁਤਾਬਕ ਫਸਲ ਦਾ ਦਾਣਾ ਬਣ ਚੁੱਕਾ ਹੈ, ਬੱਲੀਆਂ ਤਿਆਰ ਹਨ, ਇਸ ਕਾਰਨ ਇਹ ਖਰਾਬ ਹੋ ਸਕਦੀ ਹੈ। ਇੰਨਾ ਹੀ ਨਹੀਂ, ਜੇਕਰ ਬਾਰਿਸ਼ ਤੋਂ ਬਾਅਦ ਹਵਾ ਚੱਲ ਜਾਂਦੀ ਹੈ ਤਾਂ ਫਸਲ ਡਿੱਗ ਕੇ ਹੋਰ ਵੀ ਖਰਾਬ ਹੋ ਜਾਵੇਗੀ। ਇਸ ਲਈ ਇਹ ਸਮਾਂ ਬਾਰਿਸ਼ ਦਾ ਨਹੀਂ ਬਲਕਿ ਸਾਫ ਮੌਸਮ ਦਾ ਹੈ ਤਾਂ ਕਿ ਫਸਲ ਪੱਕ ਕੇ ਤਿਆਰ ਹੋ ਜਾਵੇ।     ਤਿਉਹਾਰਾਂ ਦੇ ਦਿਨ ਹੋਣ ਕਾਰਨ ਸ਼ਹਿਰ ਵਿਚ ਦੁਕਾਨਦਾਰਾਂ ਨੂੰ ਚੰਗੀ ਆਮਦਨੀ ਦੀ ਆਸ ਸੀ ਜਦਕਿ ਬਾਰਿਸ਼ ਨੇ ਲੋਕਾਂ ਨੂੰ ਘਰਾਂ ਵਿਚ ਹੀ ਬੰਦ ਕਰ ਦਿੱਤਾ ਹੈ। ਜੇਕਰ ਸ਼ਾਹੀ ਸ਼ਹਿਰ ਦੀ ਗੱਲ ਕਰੀਏ ਤਾਂ ਇਥੇ ਮਾਮੂਲੀ ਬਾਰਿਸ਼ ਹੀ ਜਨ-ਜੀਵਨ ਠੱਪ ਕਰ ਦਿੰਦੀ ਹੈ। ਇਥੋਂ ਦਾ ਸੀਵਰੇਜ ਖਰਾਬ ਹੈ, ਸੜਕਾਂ 'ਤੇ ਪਾਣੀ ਖੜ੍ਹ ਜਾਂਦਾ ਹੈ, ਵਸਨੀਕ ਬੇਹੱਦ ਪ੍ਰੇਸ਼ਾਨ ਹਨ। ਜਦੋਂ ਵੀ ਬਾਰਿਸ਼ ਆਉਂਦੀ ਹੈ ਤਾਂ ਇਹ ਲੋਕ ਘਰੋਂ ਬਾਹਰ ਨਹੀਂ ਨਿਕਲ ਸਕਦੇ।