ਖੇਤ ''ਚ ਲੜਕੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼, ਐੱਨ. ਆਰ. ਆਈ. ਨੇ ਬਚਾਈ ਇੱਜ਼ਤ

02/12/2018 7:04:33 PM

ਨਵਾਂਸ਼ਹਿਰ (ਤ੍ਰਿਪਾਠੀ) : ਥਾਣਾ ਸਦਰ ਅਧੀਨ ਪੈਂਦੇ ਇਕ ਪਿੰਡ 'ਚ ਪਖਾਨੇ ਗਈ ਨਾਬਾਲਗ ਲੜਕੀ ਨਾਲ ਦੁਸ਼ਕਰਮ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੰਨੇ ਦੇ ਸੰਘਣੇ ਖੇਤ ਤੋਂ ਅਰਧ ਨਗਨ ਹਾਲਤ 'ਚ ਕਿਸੇ ਤਰ੍ਹਾਂ ਦਰਿੰਦੇ ਤੋਂ ਬਚ ਕੇ ਨਿਕਲੀ ਲੜਕੀ ਨੂੰ ਸੈਰ ਲਈ ਨਿਕਲੇ ਇਕ ਐੱਨ.ਆਰ.ਆਈ. ਨੇ ਆਪਣੀ ਚਾਦਰ ਨਾਲ ਢੱਕ ਕੇ ਉਸ ਦੇ ਸਨਮਾਨ ਦੀ ਰੱਖਿਆ ਕੀਤੀ। ਪਿੰਡ ਦੇ ਗੁਰਦੁਆਰਾ ਸਾਹਿਬ 'ਤੇ ਕੀਤੀ ਗਈ ਅਨਾਊਸਮੈਂਟ 'ਤੇ ਪਿੰਡ ਦੇ ਨੌਜਵਾਨਾਂ ਨੇ ਕਮਾਦ ਦੇ ਖੇਤ ਨੂੰ ਘੇਰ ਕੇ ਦੋਸ਼ੀ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਦੋਸ਼ੀ ਚਕਮਾ ਦੇਕੇ ਫਰਾਰ ਹੋ ਗਿਆ। ਮੌਕੇ 'ਤੇ ਪੁੱਜੇ ਥਾਣਾ ਸਦਰ ਦੇ ਐੱਸ.ਐੱਚ.ਓ.ਇੰਸਪੈਕਟਰ ਗੁਰਮੁਖ ਸਿੰਘ ਦੀ ਪੁਲਸ ਪਾਰਟੀ ਨੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪ੍ਰਵਾਸੀ ਭਾਰਤੀ ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਕੁੱਝ ਦਿਨ ਪਹਿਲਾਂ ਵਿਦੇਸ਼ ਤੋਂ ਆਪਣੇ ਪਿੰਡ ਆਇਆ ਸੀ। ਰੋਜ਼ਾਨਾ ਵਾਂਗ ਸੋਮਵਾਰ ਸਵੇਰੇ ਕਰੀਬ 8 ਵਜੇ ਜਦੋਂ ਸੈਰ ਲਈ ਨਿਕਲਿਆ ਤਾਂ ਪਿੰਡ ਦੀ ਰੇਲਵੇ ਪੱਟੜੀ ਕੋਲ ਸਥਿਤ ਗੰਨੇ ਦੇ ਕਮਾਦ ਤੋਂ ਉਸਨੂੰ ਲੜਕੀ ਦੀ ਚੀਖਣ ਦੀ ਆਵਾਜ਼ ਆਈ, ਜਦੋਂ ਉਹ ਖੇਤ ਵੱਲ ਗਿਆ ਤਾਂ ਕਰੀਬ 15-16 ਸਾਲ ਦੀ ਲੜਕੀ ਜੋ ਪ੍ਰਵਾਸੀ ਲੱਗ ਰਹੀ ਸੀ, ਅਰਧ ਨਗਨ ਹਾਲਤ 'ਚ ਭੱਜਦੀ ਹੋਈ ਉਸ ਕੋਲ ਆ ਗਈ ਅਤੇ ਬਚਾਉਣ ਦੀ ਗੁਹਾਰ ਲਗਾਉਣ ਲੱਗੀ। ਐੱਨ. ਆਰ. ਆਈ. ਨੇ ਦੱਸਿਆ ਕਿ ਉਸਨੇ ਆਪਣੇ 'ਤੇ ਲਈ ਕੰਬਲੀ ਉਕਤ ਲੜਕੀ 'ਤੇ ਦੇ ਦਿੱਤੀ, ਜਿਸ ਉਪਰੰਤ ਉਸਨੂੰ ਘਰ ਭੇਜਿਆ ਗਿਆ। ਉਸਨੇ ਦੱਸਿਆ ਕਿ ਦੋਸ਼ੀ ਨੂੰ ਫੜਨ ਲਈ ਕਮਾਦ 'ਚ ਜਾਣ ਦੀ ਕੋਸ਼ਿਸ਼ ਕੀਤੀ ਪਰ ਕਮਾਦ ਸੰਘਣਾ ਹੋਣ ਕਰਕੇ ਮੀਂਹ ਕਾਰਨ ਉਹ ਅੰਦਰ ਨਹੀਂ ਜਾ ਸਕਿਆ। ਉਸਨੇ ਦੱਸਿਆ ਕਿ ਫੌਰੀ ਤੌਰ 'ਤੇ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਗਿਆ ਤੇ ਉਸਨੇ ਅਨਾਊਸਮੈਂਟ ਕਰਵਾ ਕੇ ਪਿੰਡ ਦੇ ਨੌਜਵਾਨਾਂ ਤੋਂ ਸਹਾਇਤਾ ਮੰਗਣ ਉਪਰੰਤ ਦਰਜਨਾਂ ਲੋਕ ਉਸ ਥਾਂ 'ਤੇ ਪੁੱਜ ਗਏ ਪਰ ਉਦੋਂ ਤੱਕ ਦੋਸ਼ੀ ਫਰਾਰ ਹੋ ਗਿਆ।
ਭੱਜਦੇ ਸਮੇਂ ਖੇਤਾਂ 'ਚ ਖੁੱਲ ਗਿਆ ਇਕ ਬੂਟ
ਪੁਲਸ ਨੂੰ ਦਿੱਤੀ ਜਾਣਕਾਰੀ 'ਚ ਪਤਾ ਲੱਗਾ ਕਿ ਪਖਾਨੇ ਲਈ ਗਈ ਅਨੀਤਾ (ਕਾਲਪਨਿਕ ਨਾਮ) ਨੂੰ ਪਹਿਲਾਂ ਤੋਂ ਹੀ ਸੇਧ ਲਗਾ ਕੇ ਬੈਠੇ ਇਕ ਨੌਜਵਾਨ (ਜਿਸਨੂੰ ਲੜਕੀ ਨਹੀਂ ਜਾਣਦੀ) ਨੇ ਦਬੋਚ ਲਿਆ ਤੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਦੋਸ਼ੀ ਨੇ ਲੜਕੀ ਦੇ ਕੱਪੜੇ ਪਾੜ ਕੇ ਉਸਨੂੰ ਅਰਧ ਨਗਨ ਕਰ ਦਿੱਤਾ ਪਰ ਕਿਸੇ ਤਰ੍ਹਾਂ ਉਹ ਬਚ ਨਿਕਲਣ 'ਚ ਸਫਲ ਰਹੀ। ਇਸ ਦੌਰਾਨ ਦੋਸ਼ੀ ਦੇ ਬੂਟ ਦਾ ਇਕ ਪੈਰ ਵੀ ਪੁਲਸ ਨੇ ਬਰਾਮਦ ਕੀਤਾ ਹੈ।  
ਪ੍ਰਵਾਸੀ ਮਜ਼ਦੂਰ ਹੋ ਸਕਦਾ ਹੈ ਦੋਸ਼ੀ
ਦੁਸ਼ਕਰਮ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਪੁਲਸ ਦੀ ਸੂਈ ਕਿਸੇ ਪ੍ਰਵਾਸੀ ਮਜ਼ਦੂਰ 'ਤੇ ਜਾ ਰਹੀ ਹੈ । ਐੱਸ.ਐੱਚ.ਓ.ਇੰਸਪੈਕਟਰ ਗੁਰਮੁੱਖ ਸਿੰਘ ਨੇ ਦੱਸਿਆ ਕਿ ਜੋ ਬੂਟ ਦਾ ਪੈਰ ਬਰਾਮਦ ਕੀਤਾ ਗਿਆ ਹੈ, ਉਸ ਤਰ੍ਹਾਂ ਦੇ ਬੂਟ ਆਮ ਤੌਰ 'ਤੇ ਪ੍ਰਵਾਸੀ ਮਜ਼ਦੂਰ ਪਾਉਂਦੇ ਹਨ। ਇਸ ਲਈ ਨੇੜੇ-ਤੇੜੇ ਦੇ ਮਜ਼ਦੂਰਾਂ ਦੇ ਠੇਕੇਦਾਰਾਂ ਨਾਲ ਸੰਪਰਕ ਕਰਕੇ ਦੋਸ਼ੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਿਹੀ ਹੈ।  
ਪੁਲਸ ਨੇ ਮਾਮਲਾ ਦਰਜ ਕਰਨ ਕਰਕੇ ਸ਼ੁਰੂ ਕੀਤੀ ਕਾਰਵਾਈ
ਡੀ.ਐੱਸ.ਪੀ. (ਐੱਚ) ਮੁਖਤਿਆਰ ਰਾਏ ਨੇ ਦੱਸਿਆ ਕਿ ਪੀੜਤ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਨੇ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੈਡੀਕਲ ਰਿਪੋਰਟ ਉਪਰੰਤ ਹੀ ਪਤਾ ਲੱਗ ਸਕੇਗਾ ਕਿ ਮਾਮਲਾ ਕੇਵਲ ਦੁਸ਼ਕਰਮ ਦੀ ਕੋਸ਼ਿਸ਼ ਦਾ ਹੈ ਜਾਂ ਦੁਸ਼ਕਰਮ ਦਾ?