CIA ਹੱਥ ਲੱਗੀ ਵੱਡੀ ਸਫਲਤਾ : ਹਥਿਆਰਾਂ ਸਣੇ 4 ਬਦਮਾਸ਼ ਕਾਬੂ

08/21/2019 2:10:28 PM

ਫਰੀਦਕੋਟ (ਜਗਤਾਰ) - ਫਰੀਦਕੋਟ ਸੀ.ਆਈ.ਏ. ਸਟਾਫ ਦੀ ਪੁਲਸ ਨੇ ਸੀ ਕੈਟਾਗਰੀ ਦੇ 4 ਬਦਮਾਸ਼ਾਂ ਨੂੰ ਹਥਿਆਰਾਂ ਸਣੇ ਗ੍ਰਿਫਤਾਰ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਗਏ ਬਦਮਾਸ਼ਾਂ ਦਾ ਇਕ ਸਾਥੀ ਭੱਜਣ 'ਚ ਫਰਾਰ ਹੋ ਗਿਆ। ਫਰੀਦਕੋਟ ਸੀ.ਆਈ.ਏ. ਸਟਾਫ ਦੀ ਪੁਲਸ ਨੇ ਉਕਤ ਬਦਮਾਸ਼ਾਂ ਤੋਂ 3 ਰਿਵਾਲਵਰ ਅਤੇ 31 ਜਿੰਦਾ ਕਾਰਤੂਸ ਬਰਾਮਦ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਉਕਤ ਬਦਮਾਸ਼ ਕੁਝ ਦਿਨ ਪਹਿਲਾਂ ਹੀ ਜੇਲ 'ਚੋਂ ਜ਼ਮਾਨਤ 'ਤੇ ਬਾਹਰ ਆਏ ਸਨ ।

ਜ਼ਿਲੇ ਦੇ ਸੀਨੀਅਰ ਪੁਲਸ ਕਪਤਾਨ ਰਾਜ ਬਚਨ ਸਿੰਘ ਸੰਧੂ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸ਼ਹਿਰ 'ਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਮੁਹਿੰਮ ਵਿੱਢੀ ਗਈ ਹੈ। ਜਿਸ ਦੇ ਤਹਿਤ ਸੀ. ਆਈ. ਏ. ਸਟਾਫ ਇੰਚਾਰਜ ਇੰਸਪੈਕਟਰ ਇਕਬਾਲ ਸਿੰਘ ਦੀ ਨਿਗਰਾਨੀ ਹੇਠ ਗੁਪਤ ਸੂਚਨਾ ਦੇ ਆਧਾਰ 'ਤੇ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਸੀ. ਆਈ. ਏ. ਸਟਾਫ ਫਰੀਦਕੋਟ ਨੇ ਪੁਲਸ ਪਾਰਟੀ ਸਮੇਤ ਕੀਤੀ ਨਾਕਾਬੰਦੀ ਦੌਰਾਨ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦਾ ਇਕ ਸਾਥੀ ਵਰਿੰਦਰ ਸਿੰਘ ਉਰਫ ਬੰਟੀ ਫਰਾਰ ਹੋ ਗਿਆ। ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਰਮਨਦੀਪ ਸਿੰਘ ਉਰਫ ਰਮਨਾ, ਅਕਾਸ਼ਦੀਪ ਸਿੰਘ ਉਰਫ ਬੱਗਾ, ਪਰਮਿੰਦਰ ਸਿੰਘ ਉਰਫ ਪਨੂੰ, ਰਾਜਵਿੰਦਰ ਸਿੰਘ ਉਰਫ ਘਾਲੀ ਵਜੋਂ ਹੋਈ ਹੈ। ਇਨ੍ਹਾਂ ਪਾਸੋਂ 1 ਰਿਵਾਲਵਰ 32 ਬੋਰ ਸਮੇਤ 23 ਕਾਰਤੂਸ, 2 ਦੇਸੀ ਕੱਟੇ 315 ਬੋਰ ਸਮੇਤ 8 ਜ਼ਿੰਦਾ ਕਾਰਤੂਸ ਅਤੇ 1 ਕਾਪਾ ਬਰਾਮਦ ਕੀਤਾ ਗਿਆ ਹੈ।



ਦੋਸ਼ੀ ਕਿਸੀ ਵੱਡੀ ਵਾਰਦਾਤ ਨੂੰ ਦੇਣਾ ਚਾਹੁੰਦੇ ਸਨ ਅੰਜਾਮ
ਸੀਨੀਅਰ ਪੁਲਸ ਕਪਤਾਨ ਸੰਧੂ ਨੇ ਦੱਸਿਆ ਉਕਤ ਦੋਸ਼ੀਆਂ ਨੇ ਪਿੰਡ ਬੀਹਲੇਵਾਲਾ ਨਿਵਾਸੀ ਹਰਮਨਜੀਤ ਸਿੰਘ ਪਾਸੋਂ ਬੀਤੀ 12 ਅਗਸਤ ਨੂੰ 32 ਬੋਰ ਰਿਵਾਲਵਰ ਅਤੇ 3 ਹਜ਼ਾਰ ਰੁਪਏ ਦੀ ਨਕਦੀ ਖੋਹੀ ਸੀ। ਇਹ ਦੋਸ਼ੀ ਪੇਸ਼ਾਵਰ ਮੁਜ਼ਰਮ ਹਨ ਅਤੇ ਇਹ ਥੋੜ੍ਹਾ ਸਮਾਂ ਪਹਿਲਾਂ ਜੇਲ 'ਚੋਂ ਬਾਹਰ ਆਏ ਸਨ, ਜੋ ਕਿਸੀ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸਨ। ਦੋਸ਼ੀ ਰਾਜਵਿੰਦਰ ਸਿੰਘ 'ਤੇ ਥਾਣਾ ਸਿਟੀ ਫਰੀਦਕੋਟ ਵਿਖੇ ਅਸਲਾ ਐਕਟ ਤਹਿਤ 7 ਮੁਕੱਦਮੇ ਅਤੇ ਦੋਸ਼ੀ ਰਮਨਦੀਪ ਸਿੰਘ 'ਤੇ ਥਾਣਾ ਸਿਟੀ ਫਰੀਦਕੋਟ ਅਤੇ ਕੋਟਕਪੂਰਾ ਵਿਖੇ 7 ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ।

rajwinder kaur

This news is Content Editor rajwinder kaur