ਖੋ-ਖੋ ’ਚੋਂ ਤੀਜਾ ਸਥਾਨ ਹਾਸਲ ਕਰਨ ਵਾਲੀਆਂ ਖਿਡਾਰਨਾਂ ਦਾ ਪਿੰਡ ਬੁੱਟਰ ਸ਼ਰੀਂਹ ਪਹੁੰਚਣ ’ਤੇ ਭਰਵਾਂ ਸਵਾਗਤ

02/06/2019 4:32:52 AM

ਫਰੀਦਕੋਟ (ਲਖਵੀਰ)- 64ਵੀਆਂ ਨੈਸ਼ਨਲ ਸਕੂਲ ਖੇਡਾਂ ਕਰਨਾਟਕ ਵਿਖੇ 28 ਜਨਵਰੀ ਤੋਂ 31 ਜਨਵਰੀ, 2019 ਤੱਕ ਹੋਈਆਂ, ਜਿਸ ਵਿਚ ਪੰਜਾਬ ਦੀ ਖੋ-ਖੋ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਪ੍ਰਾਪਤ ਕੀਤਾ। ਇੱਥੇ ਵਿਸ਼ੇਸ਼ ਗੱਲ ਇਹ ਰਹੀ ਕਿ ਪੰਜਾਬ ਦੀ ਖੋ-ਖੋ ਟੀਮ ਵਿਚ ਪਿੰਡ ਬੁੱਟਰ ਸ਼ਰੀਂਹ ਦੇ ਹਾਈ ਸਕੂਲ ਦੀਆਂ ਸਮੇਤ ਕਪਤਾਨ ਪੰਜ ਖਿਡਾਰਨਾਂ ਨੇ ਹਿੱਸਾ ਲੈਂਦਿਆਂ ਆਪਣੀ ਵਧੀਆ ਖੇਡ ਨਾਲ ਸਾਰਿਆਂ ਦਾ ਮਨ ਮੋਹਿਆ। ਅੱਜ ਸਵੇਰੇ ਆਪਣੇ ਕੋਚ ਤਰਸੇਮ ਕੁਮਾਰ ਭਲਾਈਆਣਾ ਸਮੇਤ ਵਾਪਸ ਸਕੂਲ ਪਹੁੰਚਣ ’ਤੇ ਇਨ੍ਹਾਂ ਖਿਡਾਰਨਾਂ ਦਾ ਸਹਾਇਕ ਜ਼ਿਲਾ ਸਿੱਖਿਆ ਅਫਸਰ ਦਲਜੀਤ ਸਿੰਘ ਵਡ਼ਿੰਗ, ਰਾਜ ਕੁਮਾਰ ਮੋਂਗਾ, ਜੋਗਿੰਦਰ ਸਿੰਘ ਸਟੇਟ ਅੈਵਾਰਡੀ, ਸਟਾਫ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਦਲਜੀਤ ਸਿੰਘ ਵਡ਼ਿੰਗ, ਰਾਜ ਕੁਮਾਰ ਮੋਂਗਾ, ਜੋਗਿੰਦਰ ਸਿੰਘ ਸਟੇਟ ਅਵਾਰਡੀ ਨੇ ਖਿਡਾਰਨਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਇਹ ਸਾਡੇ ਲਈ ਹੀ ਨਹੀਂ, ਸਗੋਂ ਜ਼ਿਲੇ ਦੇ ਨਾਲ-ਨਾਲ ਪੰਜਾਬ ਸੂਬੇ ਲਈ ਵੀ ਮਾਣ ਵਾਲੀ ਗੱਲ ਹੈ, ਜਿਸ ਦਾ ਸਿਹਰਾ ਟੀਮ ਦੇ ਕੋਚ ਤਰਸੇਮ ਕੁਮਾਰ ਭਲਾਈਆਣਾ ਦੇ ਸਿਰ ਬੱਝਦਾ ਹੈ। ਉਨ੍ਹਾਂ ਨੇ ਪੰਜਾਬ ਟੀਮ ਦੀ ਕਪਤਾਨ ਅਤੇ ਇਸ ਸਕੂਲ ਦੀ ਖਿਡਾਰਨ ਗੁਰਵੀਰ ਕੌਰ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ, ਜਿਸ ਨੇ ‘ਬੈਸਟ ਅਟੈਕਰ’ ਦਾ ਖਿਤਾਬ ਜਿੱਤਿਆ। ਇਸ ਦੌਰਾਨ ਸਕੂਲ ਹੈੱਡ ਟੀਚਰ ਜਸਵਿੰਦਰ ਸਿੰਘ, ਗੁਰਪਿਆਰ ਸਿੰਘ ਜੀ. ਓ. ਜੀ., ਸਰਪੰਚ ਰਾਜਾ ਸਿੰਘ, ਚਰਨਜੀਤ ਪੰਚ, ਸੁਖਜੀਤ ਪ੍ਰਧਾਨ, ਸਰਬਜੀਤ ਸਿੰਘ ਐੱਨ. ਆਰ. ਆਈ., ਜਸਵੀਰ ਸਿੰਘ, ਵਿਪਨ ਸ਼ਰਮਾ, ਮੰਗਾ ਸਿੰਘ, ਭੋਲਾ ਸਿੰਘ ਆਦਿ ਮੌਜੂਦ ਸਨ।