ਨਹਿਰ ’ਚ ਡਿੱਗੀ ਕਾਰ, ਲਾਪਤਾ ਨੌਜਵਾਨ ਦੀ ਬਰਾਮਦ ਹੋਈ ਲਾਸ਼

01/24/2020 11:12:27 AM

ਫਰੀਦਕੋਟ (ਜਗਤਾਰ) - 15 ਜਨਵਰੀ ਨੂੰ ਫ਼ਰੀਦਕੋਟ ਵਿਖੇ ਸਰਹੰਦ ਫੀਡਰ ਨਹਿਰ ’ਚ ਭੇਤਭਰੇ ਹਾਲਤ ’ਚ ਡਿੱਗੀ ਬਰੀਜ਼ਾ ਕਾਰ ਸਵਾਰ ਮਹਿੰਦਰ ਸੇਠੀ ਦੀ ਲਾਸ਼ ਪੁਲਸ ਨੇ ਬਰਾਮਦ ਕਰ ਲਈ ਹੈ। ਲਾਸ਼ ਨੂੰ ਕਬਜ਼ੇ ’ਚ ਲੈ ਪੋਸਟਮਾਰਟਮ ਕਰਵਾਉਣ ਮਗਰੋਂ ਪੁਲਸ ਨੇ ਅੰਤਿਮ ਸੰਸਕਾਰ ਲਈ ਵਾਰਸਾਂ ਹਵਾਲੇ ਕਰ ਦਿੱਤੀ। ਡੀ. ਐੱਸ. ਪੀ. ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਮ੍ਰਿਤਕ ਦੀ ਮਾਤਾ ਸ਼ਕੁੰਤਲਾ ਸੇਠੀ ਪਤਨੀ ਹਰੀ ਚੰਦ ਵਾਸੀ ਫ਼ਰੀਦਕੋਟ ਦੀ ਸ਼ਿਕਾਇਤ ’ਤੇ ਪ੍ਰੀਤ ਵਾਸੀ ਪਾਰਕ ਐਵੀਨਿਊ ਫ਼ਰੀਦਕੋਟ ਖਿਲਾਫ ਮਾਮਲਾ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਸੀ। ਮ੍ਰਿਤਕ ਦੀ ਮਾਂ ਨੇ ਦੋਸ਼ ਲਾਇਆ ਸੀ ਕਿ ਪ੍ਰੀਤ ਉਸ ਦੇ ਪੁੱਤਰ ਨੂੰ 15 ਜਨਵਰੀ ਦੀ ਰਾਤ ਘਰੋਂ ਕਾਰ ’ਤੇ ਬਿਠਾ ਕੇ ਲੈ ਗਿਆ ਸੀ। ਉਸ ਨੇ ਮਹਿੰਦਰ ਦਾ ਕਤਲ ਕਰ ਕੇ ਉਸ ਨੂੰ ਕਾਰ ਸਣੇ ਨਹਿਰ ’ਚ ਸੁੱਟ ਦਿੱਤਾ। ਇਸੇ ਕਾਰਨ ਉਨ੍ਹਾਂ ਪੁਲਸ ਨੂੰ ਮੰਗ ਕੀਤੀ ਕਿ ਉਹ ਉਸ ਖਿਲਾਫ ਬਣਦੀ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ ਦਿਵਾਉਣ। 

ਦੱਸ ਦੇਈਏ ਕਿ 15 ਜਨਵਰੀ ਨੂੰ ਇਕ ਬਰੀਜ਼ਾ ਕਾਰ ਭੇਤਭਰੇ ਹਾਲਤ ’ਚ ਨਹਿਰ ’ਚ ਡਿੱਗ ਗਈ ਸੀ, ਜਿਸ ’ਚ ਸਵਾਰ 2 ਨੌਜਵਾਨਾਂ ’ਚੋਂ 1 ਬਾਹਰ ਆ ਗਿਆ ਸੀ। ਲਾਪਤਾ ਹੋਏ ਦੂਜੇ ਨੌਜਵਾਨ ਦੀ ਭਾਲ ਕਰਨ ਲਈ ਰੋਪੜ ਤੋਂ ਸਪੈਸ਼ਲ ਗੋਤਾਖੋਰਾਂ ਦੀ ਟੀਮ ਅਤੇ SDRF ਦੀ ਟੀਮ ਪ੍ਰਸ਼ਾਸਨ ਵਲੋਂ ਮਦਦ ਲਈ ਬੁਲਾਈ ਗਈ ਸੀ। ਨਹਿਰ ’ਚ ਡਿੱਗੀ ਗੱਡੀ ਨੂੰ ਕ੍ਰੇਨ ਦੀ ਮਦਦ ਨਾਲ ਪਾਣੀ ’ਚੋਂ ਬਾਹਰ ਕੱਢ ਲਿਆ ਗਿਆ ਸੀ, ਜਦਕਿ ਮਹਿੰਦਰ ਸੇਠੀ ਨਾਮਿਕ ਨੌਜਵਾਨ ਦੇ ਕਾਰ ’ਚ ਫਸੇ ਹੋਣ ਦਾ ਸ਼ੱਕ ਸੀ। 

rajwinder kaur

This news is Content Editor rajwinder kaur