ਬੇਅਦਬੀ ਮਾਮਲੇ ਦੇ ਦੋਸ਼ਾਂ 'ਚ ਘਿਰ ਚੁੱਕੇ ਸਕੇ ਭਰਾਵਾਂ ਨਾਲ ਕੈਬਨਿਟ ਮੰਤਰੀਆਂ ਨੇ ਕੀਤੀ ਮੁਲਾਕਾਤ (ਵੀਡੀਓ)

09/05/2018 5:14:50 PM

ਫਰੀਦਕੋਟ, ਮੋਗਾ (ਜਗਤਾਰ) - ਵਿਧਾਨ ਸਭਾ ਦੇ ਸੈਸ਼ਨ 'ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ, ਜਿਸ ਸਦਕਾ ਸਰਕਾਰ ਦੇ ਮੰਤਰੀਆਂ ਵੱਲੋਂ ਹੁਣ ਪੀੜਤਾਂ ਦੀ ਸਾਰ ਲਈ ਜਾ ਰਹੀ ਹੈ। ਇਸੇ ਲੜੀ ਦੇ ਤਹਿਤ ਅੱਜ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਅਗਵਾਈ 'ਚ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਮੋਗਾ ਦੇ ਪਿੰਡ ਪੰਜ ਗਰਾਈਂ ਖੁਰਦ ਵਿਖੇ ਗਏ, ਜਿਥੇ ਉਨ੍ਹਾਂ ਨੇ ਦੋ ਸਕੇ ਭਰਵਾਂ ਰੁਪਿੰਦਰ ਤੇ ਜਸਵਿੰਦਰ ਨਾਲ ਬੰਦ ਕਮਰੇ 'ਚ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵੇਂ ਭਰਾਵਾਂ 'ਤੇ ਅਕਾਲੀ ਦਲ ਸਰਕਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦੇ ਦੋਸ਼ ਲਗੇ ਸਨ, ਜਿਸ ਕਰਾਨ ਇਨ੍ਹਾਂ ਨੂੰ ਥਰਡ ਡਿਗਰੀ ਟਾਰਚਰ ਕੀਤਾ ਗਿਆ ਸੀ।

ਇਸ ਮੌਕੇ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਵਾਲੇ ਹੀ ਹੁਣ ਉਨ੍ਹਾਂ ਖਿਲਾਫ ਬੋਲ ਰਹੇ ਹਨ, ਇਸ ਤੋਂ ਵੱਡਾ ਹੋਰ ਕੀ ਸਬੂਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਫਿਰ ਵੀ ਕੋਈ ਇਤਰਾਜ਼ ਹੈ ਤਾਂ ਜ਼ੋਰਾ ਸਿੰਘ ਕਮਿਸ਼ਨ ਤਾਂ ਇਨ੍ਹਾਂ ਦੀ ਹੀ ਸੀ, ਉਸ ਦੀ ਰਿਪੋਰਟ 'ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ। ਦੱਸਣਯੋਗ ਹੈ ਕਿ ਪੰਜਾਬ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਵੀ ਇਨ੍ਹਾਂ ਭਰਾਵਾਂ ਦਾ ਹਾਲ-ਚਾਲ ਪੁੱਛਣ ਲਈ ਇੱਥੇ ਆ ਰਹੇ ਹਨ। ਫੂਲਕਾ ਵੱਲੋਂ 15 ਦਿਨਾਂ 'ਚ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਏ ਜਾਣ ਤੇ ਖਹਿਰਾ ਵੱਲੋਂ 40 ਦਿਨਾਂ ਦਾ ਅਲਟੀਮੇਟਮ ਦਿੱਤੇ ਜਾਣ 'ਤੇ ਸਿੱਧੂ ਨੇ ਕਿਹਾ ਕਿ ਇਹ ਦੋਵੇਂ ਪਹਿਲਾਂ ਆਪਸ 'ਚ ਇਕ ਰਾਏ ਬਣਾ ਲੈਣ ਕਿ ਇਨ੍ਹਾਂ ਨੇ ਕਿੰਨਾਂ ਸਮਾਂ ਲੈਣਾ ਹੈ।