ਫਰਦ ਕੇਂਦਰ ਜ਼ਮੀਨ ਮਾਲਕਾਂ ਲਈ ਹੋ ਰਹੇ ਨੇ ਵਰਦਾਨ ਸਾਬਤ

11/18/2017 2:10:25 AM

ਮੋਗਾ,  (ਗਰੋਵਰ, ਗੋਪੀ)-  ਡਿਪਟੀ ਕਮਿਸ਼ਨਰ ਮੋਗਾ ਦਿਲਰਾਜ ਸਿੰਘ ਨੇ ਦੱਸਿਆ ਕਿ ਜ਼ਿਲੇ 'ਚ ਚੱਲ ਰਹੇ ਫਰਦ ਕੇਂਦਰਾਂ ਰਾਹੀਂ ਇਸ ਸਾਲ ਦੌਰਾਨ 1 ਅਪ੍ਰੈਲ, 2017 ਤੋਂ 31 ਅਕਤੂਬਰ, 2017 ਤੱਕ 60,860 ਜ਼ਮੀਨ ਮਾਲਕਾਂ ਨੂੰ ਜ਼ਮੀਨੀ ਰਿਕਾਰਡ ਦੇ 4,22,879 ਪੰਨੇ ਮੁਹੱਈਆ ਕਰਵਾਏ ਜਾ ਚੁੱਕੇ ਹਨ ਅਤੇ ਇਨ੍ਹਾਂ ਫਰਦਾਂ ਤੋਂ 84,57,580 ਰੁਪਏ ਦੀ ਸਰਕਾਰੀ ਫੀਸ ਦੀ ਵਸੂਲੀ ਹੋਈ ਹੈ। 
ਦਿਲਰਾਜ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ ਹੋਰ ਜ਼ਮੀਨ ਮਾਲਕਾਂ ਨੂੰ ਆਪਣੇ ਜ਼ਮੀਨੀ ਰਿਕਾਰਡ ਦੀਆਂ ਫਰਦਾਂ ਆਦਿ ਲੈਣ ਲਈ ਜ਼ਿਲਾ ਪੱਧਰ, ਸਬ-ਡਵੀਜ਼ਨ ਤੇ ਸਬ-ਤਹਿਸੀਲ ਪੱਧਰ 'ਤੇ ਖੋਲ੍ਹੇ ਗਏ ਫਰਦ ਕੇਂਦਰ ਜ਼ਮੀਨ ਮਾਲਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ। 
ਉਨ੍ਹਾਂ ਦੱਸਿਆ ਕਿ ਜ਼ਿਲੇ ਦੇ ਵੱਖ-ਵੱਖ ਫਰਦ ਕੇਂਦਰਾਂ ਰਾਹੀਂ ਜ਼ਮੀਨ ਮਾਲਕਾਂ ਨੂੰ 20 ਰੁਪਏ ਪ੍ਰਤੀ ਪੰਨਾ ਵਸੂਲ ਕੇ 15 ਮਿੰਟਾਂ 'ਚ ਫਰਦ ਮੁਹੱਈਆ ਕਰਵਾ ਦਿੱਤੀ ਜਾਂਦੀ ਹੈ। ਮੋਗਾ ਜ਼ਿਲੇ 'ਚ ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਧਰਮਕੋਟ ਤੇ ਬੱਧਨੀ ਕਲਾਂ ਵਿਖੇ ਫਰਦ ਕੇਂਦਰ ਕੰਮ ਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਪੱਧਰੀ ਫਰਦ ਕੇਂਦਰ ਮੋਗਾ ਤੋਂ 19,064 ਜ਼ਮੀਨ ਮਾਲਕਾਂ ਨੂੰ 1,27,300 ਪੰਨੇ ਨਕਲਾਂ ਜਾਰੀ ਕੀਤੀਆਂ ਗਈਆਂ।  ਇਸੇ ਤਰ੍ਹਾਂ ਫਰਦ ਕੇਂਦਰ ਬਾਘਾਪੁਰਾਣਾ ਤੋਂ 13,954, ਨਿਹਾਲ ਸਿੰਘ ਵਾਲਾ ਤੋਂ 9,600 ਧਰਮਕੋਟ ਤੋਂ 14,053 ਅਤੇ ਫਰਦ ਕੇਂਦਰ ਬੱਧਨੀ ਕਲਾਂ ਤੋਂ 4,189 ਜ਼ਮੀਨ ਮਾਲਕਾਂ ਨੂੰ ਜ਼ਮੀਨੀ ਰਿਕਾਰਡ ਦੀਆਂ ਨਕਲਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੈੱਬਸਾਈਟ 'ਤੇ ਕੋਈ ਵੀ ਜ਼ਮੀਨ ਮਾਲਕ ਆਪਣੇ ਜ਼ਮੀਨੀ ਰਿਕਾਰਡ ਨੂੰ ਵੇਖ ਸਕਦਾ ਹੈ ਅਤੇ ਇਸ ਦੀ ਕਾਪੀ ਦਾ ਪ੍ਰਿੰਟ ਆਊਟ ਵੀ ਲੈ ਸਕਦਾ ਹੈ।