ਵੱਡੀ ਖ਼ਬਰ: ਮਾਛੀਵਾੜਾ ਸਾਹਿਬ ''ਚ ਨਾਮੀ ਪਰਿਵਾਰ ਦੇ 4 ਮੈਂਬਰ ਭੇਦਭਰੇ ਢੰਗ ਨਾਲ ਲਾਪਤਾ

03/25/2021 8:03:18 PM

ਮਾਛੀਵਾੜਾ ਸਾਹਿਬ, (ਟੱਕਰ)- ਮਾਛੀਵਾੜਾ ਸਾਹਿਬ 'ਚ ਨਾਮੀ ਪਰਿਵਾਰ ਦੇ 4 ਮੈਂਬਰ ਲੰਘੀ 23 ਮਾਰਚ ਤੜਕੇ ਘਰੋਂ ਭੇਦਭਰੇ ਢੰਗ ਨਾਲ ਲਾਪਤਾ ਹੋ ਗਏ ਅਤੇ ਇਲਾਕੇ ਵਿਚ ਚਰਚਾ ਛਿੜੀ ਹੋਈ ਹੈ ਕਿ ਉਨ੍ਹਾਂ ਵਲੋਂ ਕਰੋੜਾਂ ਰੁਪਏ ਦੀ ਦੇਣਦਾਰੀ ਸੀ ਜਿਸ ਕਾਰਨ ਪੈਸੇ ਲੈਣ ਵਾਲੇ ਲੋਕਾਂ ਦੇ ਹੋਸ਼ ਉੱਡੇ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਦਾ ਰਹਿਣ ਵਾਲਾ ਨੌਜਵਾਨ ਅਭਿਸ਼ੇਕ ਕੁਮਾਰ ਜੋ ਕਿ ਡਾਕਖਾਨੇ ਵਿਚ ਬਤੌਰ ਏਜੰਟ ਕੰਮ ਕਰਦਾ ਸੀ ਅਤੇ ਨਾਲ ਹੀ ਉਸਦਾ ਕਮੇਟੀਆਂ ਦਾ ਕਾਰੋਬਾਰ ਵੀ ਸੀ। ਇਸ ਪਰਿਵਾਰ ਦਾ ਸ਼ਹਿਰ ਵਿਚ ਚੰਗਾ ਰਸੂਖ ਸੀ ਅਤੇ ਲੋਕਾਂ ਵਿਚ ਵਿਸ਼ਵਾਸ ਵੀ ਬਹੁਤ ਬਣਿਆ ਹੋਇਆ ਸੀ ਜਿਸ ਕਾਰਨ ਜਿੱਥੇ ਸੈਂਕੜੇ ਲੋਕਾਂ ਨੇ ਕਮੇਟੀਆਂ ਪਾਈਆਂ ਸਨ ਉੱਥੇ ਹਜ਼ਾਰਾਂ ਲੋਕ ਡਾਕਘਰ ਵਿਚ ਆਪਣੇ ਬੱਚਤ ਖਾਤੇ ’ਚ ਇਸ ਏਜੰਟ ਰਾਹੀਂ ਪੈਸੇ ਜਮ੍ਹਾਂ ਕਰਵਾਉਂਦੇ ਸਨ। ਅਚਾਨਕ 23 ਮਾਰਚ ਤੜਕੇ ਇਹ ਪਰਿਵਾਰ ਘਰੋਂ ਭੇਦਭਰੇ ਢੰਗ ਨਾਲ ਲਾਪਤਾ ਹੋ ਗਿਆ ਜਿਨ੍ਹਾਂ ਦੇ ਮੋਬਾਇਲ ਫੋਨ ਬੰਦ ਆ ਰਹੇ ਸਨ ਅਤੇ ਉਨ੍ਹਾਂ ਦੀ ਕਾਰ ਵੀ ਮੌਜੂਦ ਨਹੀਂ ਸੀ।

ਇਹ ਵੀ ਪੜ੍ਹੋ:- ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਬੀਬੀ ਜਗੀਰ ਕੌਰ ਨੇ PM ਮੋਦੀ ਨੂੰ ਲਿਖਿਆ ਪੱਤਰ

ਇਸ ਪਰਿਵਾਰ ਦੇ 4 ਮੈਂਬਰ ਅਭਿਸ਼ੇਕ ਕੁਮਾਰ, ਉਸਦੇ ਮਾਤਾ-ਪਿਤਾ ਤੇ ਭੈਣ ਭੇਦਭਰੇ ਢੰਗ ਨਾਲ ਲਾਪਤਾ ਹੋਣ ਤੋਂ ਬਾਅਦ ਸ਼ਾਮ ਨੂੰ ਸ਼ਹਿਰ ਅੰਦਰ ਹੜਕੰਪ ਮੱਚ ਗਿਆ ਅਤੇ ਲੋਕਾਂ ਵਲੋਂ ਜਦੋਂ ਇੱਕ-ਦੂਜੇ ਨੂੰ ਆਪਣੀ ਰਾਸ਼ੀ ਸਾਂਝੀ ਕੀਤੀ ਤਾਂ ਪਰਿਵਾਰ 'ਤੇ ਚੜ੍ਹੇ ਕਰੋੜਾ ਰੁਪਏ ਦੇ ਕਰਜ਼ੇ ਵੀ ਸਾਹਮਣੇ ਆਏ। ਹਜ਼ਾਰਾਂ ਹੀ ਲੋਕ ਜਦੋਂ ਡਾਕਘਰ ਵਿਚ ਆਪਣੇ ਪੈਸੇ ਜਮ੍ਹਾਂ ਕਰਵਾਉਂਦੇ ਸਨ ਤਾਂ ਉਨ੍ਹਾਂ ਦਾ ਸਵੇਰੇ ਹੀ ਤਾਂਤਾ ਡਾਕਘਰ ਅੱਗੇ ਲੱਗ ਗਿਆ ਜੋ ਕਿ ਆਪੋ-ਆਪਣੇ ਖਾਤਿਆਂ ਦੀ ਜਾਂਚ ਕਰਵਾ ਰਹੇ ਸਨ ਕਿ ਉਨ੍ਹਾਂ ਦੇ ਪੈਸੇ ਸੁਰੱਖਿਅਤ ਹਨ ਜਾਂ ਨਹੀਂ। ਫਿਲਹਾਲ ਡਾਕਘਰ ਵਲੋਂ ਵੀ ਇਸ ਸਬੰਧੀ ਕੋਈ ਘਪਲੇਬਾਜ਼ੀ ਦੀ ਪੁਸ਼ਟੀ ਤਾਂ ਨਹੀਂ ਕੀਤੀ ਪਰ ਲੋਕਾਂ ਨੂੰ ਡਰ ਸਤਾ ਰਿਹਾ ਹੈ ਕਿ ਜਦੋਂ ਤੱਕ ਉਨ੍ਹਾਂ ਵਲੋਂ ਜਮ੍ਹਾਂ ਕਰਵਾਏ ਪੈਸੇ ਦੀ ਸਥਿਤੀ ਸਪੱਸ਼ਟ ਨਹੀਂ ਹੋ ਜਾਂਦੀ ਉਹ ਭੈਅਭੀਤ ਹਨ। ਲਾਪਤਾ ਹੋਏ ਪਰਿਵਾਰਕ ਮੈਂਬਰ ਦੇ ਰਿਸ਼ਤੇਦਾਰ ਵਲੋਂ ਉਨ੍ਹਾਂ ਦੇ ਇਸ ਭੇਦਭਰੇ ਢੰਗ ਨਾਲ ਲਾਪਤਾ ਹੋ ਜਾਣ ਦੀ ਸੂਚਨਾ ਪੁਲਸ ਨੂੰ ਵੀ ਦੇ ਦਿੱਤੀ ਹੈ ਜਿਸ ’ਤੇ ਉਨ੍ਹਾਂ ਵਲੋਂ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਦੂਸਰੇ ਪਾਸੇ ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਉਨ੍ਹਾਂ ਕੋਲ ਅਜੇ ਕਿਸੇ ਵੀ ਵਿਅਕਤੀ ਨੇ ਘਪਲੇਬਾਜ਼ੀ ਦੀ ਸ਼ਿਕਾਇਤ ਨਹੀਂ ਦਿੱਤੀ ਕੇਵਲ ਪਰਿਵਾਰ ਦੇ ਲਾਪਤਾ ਹੋਣ ਦੀ ਸੂਚਨਾ ਹੀ ਮਿਲੀ ਹੈ ਅਤੇ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਅਮਲ ਵਿਚ ਲਿਆਂਦੀ ਜਾਵੇਗੀ।

 

Bharat Thapa

This news is Content Editor Bharat Thapa