ਘਰੋਂ ਭੱਜੀ ਨਾਬਾਲਗਾ ਨੂੰ ਲੱਭਣ ਲਈ ਪਰਿਵਾਰਕ ਮੈਂਬਰਾਂ ਨੇ ਐੱਸ. ਐੱਸ. ਪੀ. ਨੂੰ ਦਿੱਤਾ ਮੰਗ ਪੱਤਰ

02/24/2018 12:12:26 AM

ਗੁਰਦਾਸਪੁਰ, (ਦੀਪਕ)- ਘਰੋਂ ਭੱਜੀ ਨਾਬਾਲਗ ਲੜਕੀ ਨੂੰ ਲੱਭਣ ਲਈ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਇਕ ਮੰਗ ਪੱਤਰ ਰਾਹੀਂ ਐੱਸ. ਐੱਸ. ਪੀ. ਤੋਂ ਲੜਕੀ ਨੂੰ ਜਲਦ ਲੱਭਣ ਤੇ ਲੜਕੀ ਨੂੰ ਭਜਾ ਕੇ ਲਿਜਾਣ ਵਾਲੇ ਮੁਲਜ਼ਮ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜਾਣਕਾਰੀ ਦਿੰਦਿਆਂ ਪਰਮਜੀਤ ਪੁੱਤਰ ਕੇਸਾ ਸਿੰਘ ਵਾਸੀ ਹਰਦੋ ਬਥਵਾਲਾ ਨੇ ਦੱਸਿਆ ਕਿ ਉਸ ਦੀ ਨਾਬਾਲਗ ਲੜਕੀ ਨੂੰ ਬੀਤੀ 14 ਫਰਵਰੀ ਨੂੰ ਵਰਗਲਾ ਕੇ ਪਿੰਡ ਦਾ ਹੀ ਜਸਪਾਲ ਮਸੀਹ ਪੁੱਤਰ ਗਿਆਨ ਚੰਦ ਉਰਫ ਜਰਨੈਲ ਮਸੀਹ ਲੈ ਗਿਆ ਹੈ।
ਇਸ ਸਬੰਧੀ ਸਦਰ ਥਾਣਾ ਗੁਰਦਾਸਪੁਰ 'ਚ ਅਸੀਂ ਸ਼ਿਕਾਇਤ ਵੀ ਦਰਜ ਕਰਵਾਈ ਹੈ ਪਰ ਅਜੇ ਤੱਕ ਸਾਡੀ ਲੜਕੀ ਤੇ ਜਸਪਾਲ ਮਸੀਹ ਦਾ ਕੋਈ ਥਹੁ-ਪਤਾ ਨਹੀਂ ਲੱਗਾ। ਅੱਜ ਅਸੀਂ ਸਮੂਹ ਪਰਿਵਾਰਕ ਮੈਂਬਰਾਂ ਨੇ ਇਕੱਠੇ ਹੋ ਕੇ ਆਪਣੀ ਲੜਕੀ ਨੂੰ ਲੱਭਣ ਲਈ ਐੱਸ. ਐੱਸ. ਪੀ. ਗੁਰਦਾਸਪੁਰ ਤੋਂ ਮੰਗ ਪੱਤਰ ਦੇ ਕੇ ਫਰਿਆਦ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਨਾਬਾਲਕ ਲੜਕੀ ਨੂੰ ਜਲਦੀ ਤੋਂ ਜਲਦੀ ਲੱਭਿਆ ਜਾਵੇ ਅਤੇ ਦੋਸ਼ੀ ਦੇ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। 
ਥਾਣਾ ਸਦਰ ਦੀ ਪੁਲਸ ਨਹੀਂ ਕਰ ਰਹੀ ਕੋਈ ਕਾਰਵਾਈ : ਪਰਿਵਾਰਕ ਮੈਂਬਰ
ਘਰੋਂ ਭੱਜੀ ਨਾਬਾਲਗ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 7 ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਨਾ ਹੀ ਸਾਡੀ ਲੜਕੀ ਅਤੇ ਮੁਲਜ਼ਮ ਨੂੰ ਲੱਭਿਆ ਜਾ ਰਿਹਾ ਹੈ। ਉਨ੍ਹਾਂ ਐੱਸ. ਐੱਸ. ਪੀ. ਗੁਰਦਾਸਪੁਰ ਤੋਂ ਮੰਗ ਕਰਦਿਆਂ ਕਿਹਾ ਕਿ ਲੜਕੀ ਨੂੰ ਜਲਦ ਹੀ ਲੱਭ ਕੇ ਉਨ੍ਹਾਂ ਦੇ ਹਵਾਲੇ ਕੀਤਾ ਜਾਵੇ। ਗੱਲਬਾਤ ਕਰਦਿਆਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਜ਼ਿਲਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੀ ਲੜਕੀ ਨੂੰ ਜਲਦ ਨਾ ਲੱਭਿਆ ਗਿਆ ਤੇ ਮੁਲਜ਼ਮ ਵਿਰੁੱਧ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਐੱਸ. ਐੱਸ. ਪੀ. ਗੁਰਦਾਸਪੁਰ ਦੇ ਦਫਤਰ ਮੂਹਰੇ ਧਰਨਾ ਪ੍ਰਦਰਸ਼ਨ ਕਰਾਂਗੇ, ਜਿਸ ਦੀ ਜ਼ਿੰਮੇਵਾਰੀ ਜ਼ਿਲਾ ਪ੍ਰਸ਼ਾਸਨ ਦੀ ਹੋਵੇਗੀ।
ਕੀ ਕਹਿਣੈ ਅਧਿਕਾਰੀਆਂ ਦਾ
ਇਸ ਸਬੰਧੀ ਥਾਣਾ ਸਦਰ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਦੇ ਦੋਸ਼ੀ ਲੜਕੇ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ। ਅਸੀਂ ਦੋਸ਼ੀ ਨੂੰ ਲੱਭਣ ਲਈ ਛਾਪਾਮਾਰੀ ਕਰ ਰਹੇ ਹਾਂ। ਜਲਦੀ ਹੀ ਲੜਕੇ ਨੂੰ ਕਾਬੂ ਕਰ ਕੇ ਲੜਕੀ ਨੂੰ ਵੀ ਬਰਾਮਦ ਕਰ ਲਿਆ ਜਾਵੇਗਾ।