ਤਰਨਤਾਰਨ ਅਦਾਲਤ ''ਚੋਂ ਅਗਵਾ ਕੀਤੀ ਨਵ-ਵਿਆਹੀ ਕੁੜੀ, ਚਾਰ ਦਿਨ ਪਹਿਲਾਂ ਹੋਇਆ ਸੀ ਵਿਆਹ

07/20/2017 12:59:06 PM

ਤਰਨਤਾਰਨ (ਰਾਜੂ)— ਤਰਨਤਾਰਨ ਵਿਚ ਇਕ ਬੇਹੱਦ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਅਦਾਲਤ 'ਚੋਂ ਇਕ ਨਵ-ਵਿਆਹੀ ਕੁੜੀ ਨੂੰ ਅਗਵਾ ਕਰ ਲਿਆ ਗਿਆ। ਚਾਰ ਦਿਨ ਪਹਿਲਾਂ ਹੀ ਪਿੰਡ ਮੰਨਣ ਦੀ ਰਹਿਣ ਵਾਲੀ ਲਵਜੀਤ ਕੌਰ ਪੁੱਤਰੀ ਕਾਰਜ ਸਿੰਘ ਦਾ ਵਿਆਹ ਪਿੰਡ ਝਬਾਲ ਦੇ ਰਹਿਣ ਵਾਲੇ ਹਰਪ੍ਰੀਤ ਕੁਮਾਰ ਪੁੱਤਰ ਰਜਿੰਦਰ ਕੁਮਾਰ ਨਾਲ ਹੋਇਆ ਸੀ। ਲੜਕੀ ਦੇ ਮਾਪੇ ਇਸ ਵਿਆਹ ਵਿਚ ਸਹਿਮਤ ਨਹੀਂ ਸਨ ਅਤੇ ਉਸ ਨੂੰ ਲਗਾਤਾਰ ਧਮਕੀਆਂ ਦੇ ਰਹੇ ਸਨ। ਇਸ ਲਈ ਲਵਪ੍ਰੀਤ ਅਤੇ ਹਰਪ੍ਰੀਤ ਜਦੋਂ ਸੈਸ਼ਨ ਜੱਜ ਤਰਨਤਾਰਨ ਦੀ ਅਦਾਲਤ ਵਿਚ ਪੁਲਸ ਸੁਰੱਖਿਆ ਲੈਣ ਲਈ ਪਹੁੰਚੇ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਅਗਵਾ ਕਰ ਲਿਆ। ਪੁਲਸ ਨੇ ਦੋ ਘੰਟਿਆਂ ਵਿਚ ਹੀ ਲੜਕੀ ਨੂੰ ਬਰਾਮਦ ਕਰ ਲਿਆ। ਲੜਕੀ ਦੇ ਪਰਿਵਾਰਕ ਮੈਂਬਰਾਂ ਖਿਲਾਫ ਕਿਡਨੈਪਿੰਗ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਸਬੰਧੀ ਥਾਣਾ ਸਦਰ ਦੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਜਸਵਿੰਦਰ ਕੌਰ ਪਤਨੀ ਰਜਿੰਦਰ ਕੁਮਾਰ ਵਾਸੀ ਝਬਾਲ ਨੇ ਦੱਸਿਆ ਕਿ ਉਸ ਦੇ ਪੁੱਤਰ ਹਰਪ੍ਰੀਤ ਕੁਮਾਰ ਅਤੇ ਲਵਜੀਤ ਦਾ ਵਿਆਹ 16 ਜੁਲਾਈ ਨੂੰ ਝਬਾਲ ਵਿਖੇ ਹੋਇਆ ਸੀ ਤੇ ਇਸ ਸਬੰਧੀ ਵਿਆਹ ਦਾ ਸਰਟੀਫਿਕੇਟ ਵੀ ਜਾਰੀ ਹੋਇਆ ਹੈ। ਦੋਹਾਂ ਨੇ 18 ਜੁਲਾਈ ਨੂੰ ਪੁਲਸ ਸੁਰੱਖਿਆ ਲੈਣ ਲਈ ਅਦਾਲਤ ਵਿਚ ਪਟੀਸ਼ਨ ਲਗਾਈ ਸੀ। ਜੱਜ ਨੇ ਦੋਵਾਂ ਦੇ ਬਿਆਨ ਕਲਮਬੰਦ ਕਰਨ ਲਈ ਅਦਾਲਤ ਵਿਚ ਪੇਸ਼ ਹੋਣ ਦਾ ਹੁਕਮ ਦਿੱਤਾ ਸੀ। ਸਵੇਰੇ ਉਸ ਦੀ ਨੂੰਹ ਅਤੇ ਪੁੱਤਰ ਜੋ ਦੋਵੇਂ ਹੀ ਬਾਲਗ ਹਨ, ਅਦਾਲਤ ਵਿਚ ਗਏ ਤਾਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਜ਼ਬਰਦਸਤੀ ਉਸ ਨੂੰ ਉਥੋਂ ਚੁੱਕ ਲਿਆ ਅਤੇ ਭੱਜ ਗਏ। ਤਫਤੀਸ਼ੀ ਅਫਸਰ ਨੇ ਦੱਸਿਆ ਕਿ ਇਸ ਸਬੰਧੀ ਲੜਕੀ ਦੇ ਪਰਿਵਾਰਕ ਮੈਂਬਰਾਂ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।