ਹਾਦਸੇ ਦੇ ਸ਼ਿਕਾਰ ਗਰੀਬ ਪਰਿਵਾਰ ''ਤੇ ਡਿੱਗਾ ਦੁੱਖਾਂ ਦਾ ਪਹਾੜ (ਤਸਵੀਰਾਂ)

11/24/2017 10:42:56 AM

ਸਾਦਿਕ (ਪਰਮਜੀਤ) - ਪਿਛਲੇ ਦਿਨੀਂ ਸਾਦਿਕ ਦੇ ਵਸਨੀਕ ਜੱਜ ਸਿੰਘ ਦੇ ਪੁੱਤਰ ਗੁਰਮੀਤ ਸਿੰਘ, ਨੂੰਹ ਰਜਨੀ ਅਤੇ ਪੋਤਰੇ ਗੁਰਨੂਰ ਤਿੰਨੋਂ ਜਣੇ ਮੋਟਰਸਾਈਕਲ 'ਤੇ ਸਾਦਿਕ ਤੋਂ ਆਪਣੇ ਕਿਸੇ ਕਰੀਬੀ ਰਿਸ਼ਤੇਦਾਰ ਨੂੰ ਮਿਲਣ ਲਈ ਮਮਦੋਟ ਲਾਗਲੇ ਪਿੰਡ ਜੋਧਪੁਰ ਨੂੰ ਜਾ ਰਹੇ ਸਨ ਤੇ ਜਦੋਂ ਉਹ ਪਿੰਡ ਸੰਗਰਾਹੂਰ ਪੁੱਜੇ ਤਾਂ ਉਨ੍ਹਾਂ ਦੀ ਟਰੈਕਟਰ ਟਰਾਲੀ ਨਾਲ ਐਕਸੀਡੈਂਟ ਹੋ ਗਿਆ ਤੇ ਗੰਭੀਰ ਜ਼ਖਮੀ ਹੋ ਗਏ। ਇਨ੍ਹਾਂ ਤਿੰਨਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਲਿਜਾਇਆ ਗਿਆ, ਇਸ ਹਾਦਸੇ 'ਚ ਗੁਰਮੀਤ ਸਿੰਘ ਦਾ ਇਕ ਪੱਟ ਤੇ ਬਾਂਹ ਟੁੱਟ ਗਈ ਸੀ ਤੇ ਸਿਰ 'ਚ ਕਾਫ਼ੀ ਜ਼ਿਆਦਾ ਸੱਟ ਸੀ।

ਗੁਰਮੀਤ ਸਿੰਘ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਪੀ. ਜੀ. ਆਈ ਚੰਡੀਗੜ ਰੈਫਰ ਕਰ ਦਿੱਤਾ ਪਰ ਕਈ ਦਿਨ ਬੀਤ ਜਾਣ ਤੇ ਵੀ ਉਹ ਹਾਲੇ ਤੱਕ ਕੁਝ ਨਹੀਂ ਬੋਲ ਸਕਿਆ ਤੇ ਉਸ ਦੀ ਪਤਨੀ ਰਜਨੀ ਦਾ ਮੋਢਾ ਤੇ ਬੇਟੇ ਗੁਰਨੂਰ ਦਾ ਪੱਟ ਟੁੱਟਿਆ ਸੀ, ਜਿਨ੍ਹਾਂ ਦਾ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਅਪਰੇਸ਼ਨ ਹੋ ਚੁੱਕਾ ਹੈ।ਇਸ ਗਰੀਬ ਪਰਿਵਾਰ ਦਾ ਇਲਾਜ਼ 'ਤੇ ਕਰੀਬ 4 ਤੋਂ 5 ਲੱਖ ਰੁਪਏ ਖਰਚ ਆਉਣ ਦਾ ਅਨੁਮਾਨ ਹੈ, ਪਰ ਸਾਦਿਕ ਵਿਖੇ ਹੀ ਬੀਜ ਭੰਡਾਰ ਦੀ ਦੁਕਾਨ 'ਤੇ ਨੌਕਰੀ ਕਰਦੇ ਗੁਰਮੀਤ ਸਿੰਘ ਦੀ ਆਰਥਿਕ ਹਾਲਤ ਇਨੀ ਚੰਗੀ ਨਹੀਂ ਕਿ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਇਲਾਜ ਕਰਵਾ ਸਕੇ।

 
ਜ਼ਿਕਰਯੋਗ ਹੈ ਕਰੀਬ 9 ਕੁ ਮਹੀਨੇ ਪਹਿਲਾਂ ਗੁਰਮੀਤ ਸਿੰਘ ਦੇ ਵੱਡੇ ਭਰਾ ਦਾ ਵੀ ਐਕਸੀਡੈਂਟ ਹੋਇਆ ਸੀ ਜੋ ਅਜੇ ਤੱਕ ਵੀ ਸਹੀ ਤਰੀਕੇ ਨਾਲ ਤੁਰ ਫਿਰ ਨਹੀਂ ਸਕਦਾ। ਉਸ ਤੋਂ ਬਾਅਦ ਗੁਰਮੀਤ ਸਿੰਘ ਦੇ ਖੁਦ ਉਪਰ ਜ਼ਿੰਮੇਵਾਰੀ ਹੋਰ ਵੀ ਵਧ ਗਈ ਸੀ।ਪੀੜਤ ਪਰਿਵਾਰ ਨੇ ਸਰਕਾਰ, ਜ਼ਿਲਾ ਪ੍ਰਸ਼ਾਸ਼ਨ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਵਿਤੀ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਪਰਿਵਾਰ ਅਤੇ ਆਪਣਾ ਇਲਾਜ ਕਰਵਾ ਸਕੇ।,