ਕਾਂਗਰਸ ਰਾਜ ਦੌਰਾਨ ਹੋਏ ਝੂਠੇ ਪੁਲਸ ਕੇਸਾਂ ਨੂੰ ਕਮਿਸ਼ਨ ਬਣਾ ਕੇ ਕੀਤਾ ਜਾਵੇਗਾ ਰੱਦ : ਸੁਖਬੀਰ

12/13/2021 1:16:51 AM

ਪਟਿਆਲਾ/ਦੇਵੀਗਡ਼੍ਹ(ਬਲਜਿੰਦਰ, ਨੌਗਾਵਾਂ, ਜ. ਬ.)- ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਹੋਈ ਦੇਵੀਗਡ਼੍ਹ ਵਿਖੇ ਹੋਈ ਇਤਿਹਾਸਕ ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਸੂਬੇ ’ਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਕਾਂਗਰਸ ਸਰਕਾਰ ਦੌਰਾਨ ਹੋਏ ਝੂਠੇ ਕੇਸਾਂ ਨੂੰ ਇਕ ਕਮਿਸ਼ਨ ਬਣਾ ਕੇ ਆਉਂਦਿਆਂ ਹੀ ਰੱਦ ਕੀਤਾ ਜਾਵੇਗਾ। ਧੱਕੇਸ਼ਾਹੀ ਕਰਵਾਈ ਕਰਨ ਵਾਲੇ ਪੁਲਸ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਰੈਲੀ ’ਚ ਹਰ ਵਰਗ ਅਤੇ ਸਮੁੱਚੇ ਹਲਕੇ ’ਚੋਂ ਪਹੁੰਚੇ ਲੋਕਾਂ ਦੇ ਇਕੱਠ ਨੂੰ ਦੇਖ ਕੇ ਪਾਰਟੀ ਪ੍ਰਧਾਨ ਜਿਥੇ ਗਦ-ਗਦ ਹੋ ਗਏ ਅਤੇ ਵਿਸ਼ਾਲ ਰੈਲੀ ਹਲਕਾ ਸਨੌਰ ਦੇ ਲੋਕਾਂ ਦੀ ਹਾਜ਼ਰੀ ’ਚ ਵਿਧਾਇਕ ਚੰਦੂਮਾਜਰਾ ਦੀ ਪਿੱਠ ਥਾਪਡ਼ ਕੇ ਐਲਾਨ ਕੀਤਾ ਕਿ ਜਿਸ ਪਾਰਟੀ ਦੇ ਅਜਿਹੇ ਜੁਝਾਰੂ ਅਤੇ ਨੌਜਵਾਨ ਆਗੂ ਵਿਧਾਇਕ ਹੋਣ ਉਸ ਪਾਰਟੀ, ਉਸ ਹਲਕਾ ਅਤੇ ਉਸ ਸੂਬਾ ਨੂੰ ਬੁਲੰਦੀਆਂ ਛੂਹਣ ਤੋਂ ਕੋਈ ਨਹੀਂ ਰੋਕ ਸਕਦਾ। ਪ੍ਰਧਾਨ ਬਾਦਲ ਨੇ ਕਿਹਾ ਕਿ ਇਸ ਲਾ-ਮਿਸਾਲ ਇਕੱਠ ਲੋਕਾਂ ਦੇ ਹਰਿੰਦਰਪਾਲ ਚੰਦੂਮਾਜਰਾ ਪ੍ਰਤੀ ਪਿਆਰ ਅਤੇ ਵਿਧਾਇਕ ਵੱਲੋਂ ਲੋਕਾਂ ਦੇ ਹਿੱਤਾਂ ’ਤੇ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਪਹਿਰਾ ਦੇਣ ਕਾਰਨ ਇੰਝ ਲੱਗ ਰਿਹਾ ਹੈ ਕਿ ਅੱਜ ਦੀ ਰੈਲੀ ’ਚ ਹੀ ਹਲਕਾ ਦੇ ਲੋਕਾਂ ਨੇ ਵਿਧਾਇਕ ਨੂੰ ਜੇਤੂ ਐਲਾਨ ਦਿੱਤਾ ਹੋਵੇ। ਪਾਰਟੀ ਪ੍ਰਧਾਨ ਨੇ ਇਹ ਵੀ ਐਲਾਨ ਕਰ ਦਿੱਤਾ ਕਿ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੂੰ ਤੁਸੀਂ ਜਿਤਾ ਕੇ ਭੇਜੋਂ ਮੰਤਰੀ ਮੈਂ ਬਣਾ ਕੇ ਭੇਜਾਂਗਾ।

ਸ. ਬਾਦਲ ਨੇ ਆਖਿਆ ਕਿ ਕਾਂਗਰਸ ਸਿਰਫ਼ ਬਿਆਨਾਂ ਅਤੇ ਲਾਰਿਆਂ ਤੱਕ ਸੀਮਤ ਰਹਿ ਚੁੱਕੀ ਹੈ। ਪੰਜ ਸਾਲ ਸਿਫ਼ਰ ਕਾਰਗੁਜ਼ਾਰੀ ਵਾਲੀ ਕਾਂਗਰਸ ਸਰਕਾਰ ਹੁਣ ਸੱਤਾ ਹੱਥੋਂ ਖੁਸਦੀ ਦੇਖ ਝੂਠੇ ਵਾਅਦਿਆਂ ਅਤੇ ਐਲਾਨਾਂ ਦੀ ਰਾਜਨੀਤੀ ’ਤੇ ਉਤਾਰੂ ਹੈ। ਕਾਂਗਰਸ ਨੇ 5 ਸਾਲਾਂ ਦੌਰਾਨ ਲੁੱਟ-ਖਸੁੱਟ ਬਚਾਉਣ ਅਤੇ ਲੋਕਾਂ ਦੀਆਂ ਜ਼ਮੀਨਾਂ ਤੇ ਦੁਕਾਨਾਂ ’ਤੇ ਕਬਜ਼ੇ ਕਰਨ ਤੋਂ ਬਿਨਾਂ ਕੁਝ ਨਹੀਂ ਕੀਤਾ, ਜਿਸ ਦਾ ਜਵਾਬ ਅਕਾਲੀ ਸਰਕਾਰ ਆਉਣ ’ਤੇ ਲਿਆ ਜਾਵੇਗਾ। ਉਨ੍ਹਾਂ ਆਖਿਆ ਕਿ ਕਾਂਗਰਸ ਸਰਕਾਰ ਦੇ ਐਲਾਨ ਸਿਰਫ਼ ਕਾਗਜ਼ਾਂ ਤੱਕ ਸੀਮਤ ਹਨ। ਉਨ੍ਹਾਂ ਆਖਿਆ ਕਿ ਪੰਜਾਬ ਅੰਦਰ ਜਿੰਨਾ ਵੀ ਵਿਕਾਸ ਹੋਇਆ ਸਿਰਫ਼ ਤੇ ਸਿਰਫ਼ ਅਕਾਲੀ ਸਰਕਾਰ ਸਮੇਂ ਹੋਇਆ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦਾ ਅਧਾਰ ਪੰਜਾਬ ਅੰਦਰੋਂ ਖਤਮ ਹੋ ਚੁੱਕਿਆ ਹੈ। ਜਿਸ ਦੇ ਵਿਧਾਇਕ ਹੀ ਪਾਰਟੀ ਛੱਡ-ਛੱਡ ਕੇ ਜਾ ਰਹੇ ਹੋਣ, ਉਸ ਪਾਰਟੀ ਦਾ ਇਸ ਤੋਂ ਮਾਡ਼ਾ ਹਾਲ ਹੋਰ ਕੀ ਹੋ ਸਕਦਾ ਹੈ। ਉਨ੍ਹਾਂ ਆਖਿਆ ਕਿ ਅਕਾਲੀ ਦਲ ਆਪਣਾ 13 ਨੁਕਾਤੀ ਏਜੰਡਾ ਸਰਕਾਰ ਬਣਦਿਆਂ ਸਾਰ ਪਹਿਲੀ ਕੈਬਨਿਟ ਮੀਟਿੰਗ ’ਚ ਲਾਗੂ ਕਰੇਗਾ ਅਤੇ ਲੋਕਾਂ ਨੂੰ ਪਹਿਲਾਂ ਨਾਲੋਂ ਵੀ ਵੱਧ ਸਸਤੀ ਤੇ ਮੁਫ਼ਤ ਬਿਜਲੀ, ਬਿਹਤਰ ਸਿਹਤ ਸਹੂਲਤਾਂ, ਰੋਜ਼ਗਾਰ ਖਾਸ ਕਰ ਕੇ ਪਾਏਦਾਰ ਅਤੇ ਮੁਫ਼ਤ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ।

ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਕਿਹਾ ਕਿ ਗੈਰਤਮੰਦ ਪੰਜਾਬੀ ਸੂਬੇ ਦੇ ਹੱਕਾਂ ਦੀ ਰੱਖਿਆ ਕਰਨੀ ਜਾਣਦੇ ਹਨ। ਇਹ ਵੀ ਜਾਣਦੇ ਹਨ ਕਿ ਸੂਬੇ ਦੀ ਕਮਾਂਡ ਕਿਨ੍ਹਾਂ ਹੱਥਾਂ ’ਚ ਸੁਰੱਖਿਅਤ ਹੈ। ਉਨ੍ਹਾਂ ਆਖਿਆ ਕਿ ਲੋਕ ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਸਰਕਾਰ ਦੀ 5 ਸਾਲਾਂ ਦੀ ਸਿਫ਼ਰ ਕਾਰਗੁਜ਼ਾਰੀ ਦਾ ਮੂੰਹ ਤੋਡ਼ ਜਵਾਬ ਦੇਣਗੇ। ਉਨ੍ਹਾਂ ਆਖਿਆ ਕਿ ਅਕਾਲੀ ਸਰਕਾਰ ਬਣਨ ’ਤੇ ਜਿਥੇ ਹਲਕਾ ਸਨੌਰ ਵਿਖੇ ਇਕ ਮਿਲਕ ਪਲਾਂਟ ਸਥਾਪਿਤ ਕੀਤਾ ਜਾਵੇਗਾ।

ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅੱਜ ਦਾ ਵਿਸ਼ਾਲ ਅਤੇ ਇਤਿਹਾਸਕ ਇਕੱਠ ਜਿਥੇ ਕਾਂਗਰਸ ਦੀ ਧੱਕੇਸ਼ਾਹੀ ਦਾ ਮੂੰਹ ਤੋਡ਼ ਜਵਾਬ ਹੈ, ਉਥੇ ਹੀ ਇਹ ਸਾਬਿਤ ਕਰਦਾ ਹੈ ਕਿ ਲੋਕ ਅਕਾਲੀ-ਬਸਪਾ ਗਠਜੋਡ਼ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ। ਉਨ੍ਹਾਂ ਆਖਿਆ ਕਿ ਅਕਾਲੀ ਦਲ ਕਹਿਣੀ ਤੇ ਕਰਨੀ ਦੀ ਪੱਕੀ ਪਾਰਟੀ ਹੈ। ਪਾਰਟੀ ਦਾ 13 ਨੁਕਾਤੀ ਏਜੰਡਾ ਸਰਕਾਰ ਬਣਨ ’ਤੇ ਪਹਿਲੀ ਕੈਬਨਿਟ ਮੀਟਿੰਗ ’ਚ ਹੀ ਲਾਗੂ ਕੀਤਾ ਜਾਵੇਗਾ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਸਰਕਾਰ ਆਉਣ ’ਤੇ ਹਲਕੇ ਦੇ ਹਰੇਕ ਖੇਤ ਨੂੰ ਨਹਿਰੀ ਪਾਣੀ ਪੁੱਜਦਾ ਕੀਤਾ ਜਾਵੇਗਾ। ਇਸ ਮੌਕੇ ਗਡਰੀਆ ਭਾਈਚਾਰਾ, ਮਹਿਰਾ ਭਾਈਚਾਰਾ, ਸ਼ੈਲਰ ਐਸੋਸੀਏਸ਼ਨ, ਚੌਕੀਦਾਰ ਯੂਨੀਅਨ, ਗੁੱਜਰ ਭਾਈਚਾਰੇ, ਬਾਜ਼ੀਗਰ ਭਾਈਚਾਰਾ ਵੱਡੀ ਗਿਣਤੀ ਕਾਫ਼ਲਿਆਂ ਦੇ ਰੂਪ ’ਚ ਹਾਜ਼ਰ ਹੋਏ।

ਇਸ ਮੌਕੇ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਜਸਮੇਰ ਸਿੰਘ ਲਾਛਡ਼ੂ, ਜਥੇਦਾਰ ਤਰਸੇਮ ਸਿੰਘ ਕੋਟਲਾ, ਸਿਮਰਨਜੀਤ ਸਿੰਘ ਚੰਦੂਮਾਜਰਾ, ਤੇਜਾ ਸਿੰਘ ਕਾਨਾਹੇਡ਼ੀ, ਜਗਜੀਤ ਸਿੰਘ ਕੋਹਲੀ, ਇੰਦਰਮੋਹਨ ਬਜਾਜ, ਅਮਰਿੰਦਰ ਬਜਾਜ, ਗੁਰਬਖਸ਼ ਸਿੰਘ ਟਿਵਾਣਾ, ਭਰਪੂਰ ਸਿੰਘ, ਸ਼ਾਨਵੀਰ ਸਿੰਘ, ਗੁਰਜੀਤ ਸਿੰਘ ਉਪਲੀ, ਨਿਰੰਜਣ ਸਿੰਘ ਫੌਜੀ, ਬਲਵਿੰਦਰ ਸਿੰਘ ਸੈਫਦੀਪੁਰ, ਕੁਲਦੀਪ ਸਿੰਘ ਹਰਪਾਲਪੁਰ, ਗੁਰਜੰਟ ਸਿੰਘ ਨੂਰਖੇਡ਼ੀਆਂ ਆਦਿ ਵੀ ਹਾਜ਼ਰ ਸਨ।

Bharat Thapa

This news is Content Editor Bharat Thapa