ਤੇਜ਼ ਹਨੇਰੀ ਨਾਲ ਦਰੱਖਤ ਸੜਕ 'ਤੇ ਡਿੱਗੇ, ਰਾਹਗੀਰ ਪ੍ਰੇਸ਼ਾਨ

04/13/2018 3:59:08 AM

ਬਟਾਲਾ, (ਜ. ਬ.)–  ਬੀਤੀ ਰਾਤ ਚੱਲੀ ਤੇਜ਼ ਹਨੇਰੀ ਅਤੇ ਝੱਖੜ ਨੇ ਜਿਥੇ ਕਣਕ ਦੀ ਪੱਕੀ ਹੋਈ ਫ਼ਸਲ ਨੂੰ ਧਰਤੀ 'ਤੇ ਵਿਛਾ ਦਿੱਤਾ, ਉਥੇ ਨਾਲ ਹੀ ਤੇਜ਼ ਹਨੇਰੀ ਦੇ ਕਾਰਨ ਸੜਕਾਂ ਦੇ ਕਿਨਾਰੇ ਲੱਗੇ ਵੱਡੇ ਦਰੱਖਤ ਵੀ ਡਿੱਗ ਪਏ, ਜਿਸ ਕਰ ਕੇ ਸੜਕਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ। ਹਨੇਰੀ ਤੇ ਝੱਖੜ ਦੇ ਕਾਰਨ ਬਟਾਲਾ/ਸ੍ਰੀ ਹਰਗੋਬਿੰਦਪੁਰ ਸੜਕ ਦੇ ਪਿੰਡ ਕੋਹਾਲੀ ਤੇ ਕੰਡੀਲਾ ਦੇ ਮੋੜ ਦੇ ਨਜ਼ਦੀਕ ਇਕ ਵੱਡਾ ਦਰੱਖਤ ਸੜਕ ਵਿਚਕਾਰ ਡਿੱਗ ਪਿਆ, ਜਿਸ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਸਾਰਾ ਦਿਨ ਸੜਕ ਬੰਦ ਰਹਿਣ ਕਾਰਨ ਲੰਘਣ ਵਾਲੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਜ਼ਰੂਰ ਕਰਨਾ ਪਿਆ। ਜਦ ਕਿ ਸਬੰਧਤ ਜੰਗਲਾਤ ਵਿਭਾਗ ਵੱਲੋਂ ਇਸ ਸੜਕ 'ਤੇ ਡਿੱਗੇ ਹੋਏ ਦਰੱਖਤ ਨੂੰ ਪਾਸੇ ਕਰਨ ਲਈ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਤੇ ਸ਼ਾਮ ਤੱਕ ਇਹ ਦਰੱਖਤ ਸੜਕ ਵਿਚ ਜਿਉਂ ਦਾ ਤਿਉਂ ਹੀ ਪਿਆ ਹੋਇਆ ਸੀ।
 ਇਸ ਸਬੰਧੀ ਜਦੋਂ ਜ਼ਿਲਾ ਜੰਗਲਾਤ ਅਫ਼ਸਰ ਗੁਰਦਾਸਪੁਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਤੁਰੰਤ ਹਰਕਤ ਵਿਚ ਆਉਂਦਿਆਂ ਵਨ ਰੇਂਜ ਅਫ਼ਸਰ ਕਾਦੀਆਂ ਰਛਪਾਲ ਸਿੰਘ ਦੀ ਡਿਊਟੀ ਲਾਈ, ਜਿਨ੍ਹਾਂ ਮੌਕੇ 'ਤੇ ਪਹੁੰਚ ਕੇ ਇਸ ਡਿੱਗੇ ਹੋਏ ਦਰੱਖਤ ਨੂੰ ਸੜਕ ਤੋਂ ਪਾਸੇ ਕਰ ਕੇ ਆਵਾਜਾਈ ਨੂੰ ਬਹਾਲ ਕਰਵਾਇਆ।