ਨਕਲੀ ਪਲਾਈ-ਬੋਰਡ ਵੇਚਣ ਵਾਲੇ 2 ਦੁਕਾਨਦਾਰਾਂ ਖਿਲਾਫ ਮਾਮਲਾ ਦਰਜ
Saturday, Mar 17, 2018 - 08:11 AM (IST)
ਮਲੋਟ (ਜ. ਬ.) - ਸਥਾਨਕ ਲੋਹਾ ਬਾਜ਼ਾਰ ਵਿਖੇ ਬੀਤੀ ਸ਼ਾਮ ਸੈਂਚੁਰੀ ਕੰਪਨੀ ਦੇ ਨਾਂ ਹੇਠ ਨਕਲੀ ਪਲਾਈ- ਬੋਰਡ ਵੇਚਣ ਵਾਲੀਆਂ 2 ਦੁਕਾਨਾਂ 'ਤੇ ਪੁਲਸ ਵੱਲੋਂ ਛਾਪਾ ਮਾਰ ਕੇ ਦੁਕਾਨਦਾਰਾਂ ਵਿਰੁੱਧ ਕਾਪੀ ਰਾਈਟ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਕੋਲਕਾਤਾ ਦੀ ਪਲਾਈ-ਬੋਰਡ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਸੈਂਚੁਰੀ ਪਲਾਈ-ਬੋਰਡ ਇੰਡੀਆ ਲਿਮਟਿਡ ਵੱਲੋਂ ਅਧਿਕਾਰਤ ਕੀਤੀ ਏਜੰਸੀ ਸਪੀਡ ਸਰਚ ਐਂਡ ਸਕਿਓਰਿਟੀ ਨੈੱਟਵਰਕ, ਮੋਹਾਲੀ ਦੇ ਫੀਲਡ ਅਧਿਕਾਰੀ ਸਤਵਿੰਦਰ ਰਾਣਾ ਨੇ ਐੱਸ. ਐੱਸ. ਪੀ. ਸ੍ਰੀ ਮੁਕਤਸਰ ਸਾਹਿਬ ਨੂੰ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਕੀਤੇ ਗਏ ਸਰਵੇ ਦੌਰਾਨ ਪਤਾ ਲੱਗਾ ਹੈ ਕਿ ਮਲੋਟ ਦੇ 2 ਦੁਕਾਨਦਾਰਾਂ ਵੱਲੋਂ ਸੈਂਚੁਰੀ ਕੰਪਨੀ ਦੇ ਨਾਂ 'ਤੇ ਨਕਲੀ ਪਲਾਈ-ਬੋਰਡ ਵੇਚਿਆ ਜਾ ਰਿਹਾ ਹੈ। ਥਾਣਾ ਸਿਟੀ ਦੇ ਐੱਸ. ਐੱਚ. ਓ. ਬੂਟਾ ਸਿੰਘ ਵੱਲੋਂ ਪੁਲਸ ਟੀਮ ਨਾਲ ਲੋਹਾ ਬਾਜ਼ਾਰ ਦੇ ਇਕ ਪਲਾਈਵੁੱਡ ਸਟੋਰ ਅਤੇ ਇਕ ਫਰਨੀਚਰ ਸਟੋਰ 'ਤੇ ਛਾਪਾ ਮਾਰਿਆ ਗਿਆ, ਜਿਸ ਦੌਰਾਨ ਉਕਤ ਦੋਵਾਂ ਦੁਕਾਨਾਂ 'ਤੇ ਸੈਂਚੁਰੀ ਕੰਪਨੀ ਦੇ ਨਾਂ 'ਤੇ ਨਕਲੀ ਪਲਾਈ-ਬੋਰਡ ਮਿਲਿਆ ਜਦਕਿ ਫਰਨੀਚਰ ਸਟੋਰ 'ਤੇ ਸੈਂਚੁਰੀ ਕੰਪਨੀ ਦੇ ਨਕਲੀ ਪਲਾਈ-ਬੋਰਡ ਦੇ ਨਾਲ-ਨਾਲ ਸੈਲੋ ਕੰਪਨੀ ਦੇ ਨਕਲੀ ਗੱਦੇ ਵੀ ਮਿਲੇ। ਛਾਪੇਮਾਰੀ ਦੌਰਾਨ ਸੈਂਚੁਰੀ ਕੰਪਨੀ ਵੱਲੋਂ ਅਧਿਕਾਰਤ ਕੀਤੀ ਗਈ ਏਜੰਸੀ ਸਪੀਡ ਨੈੱਟਵਰਕ ਦੇ ਫੀਲਡ ਅਧਿਕਾਰੀ ਕਮ ਐਕਸਪਰਟ ਸਤਵਿੰਦਰ ਰਾਣਾ ਅਤੇ ਡਾਇਰੈਕਟਰ ਰਮੇਸ਼ ਦੱਤ ਵੀ ਮੌਜੂਦ ਸਨ। ਪੁਲਸ ਨੇ ਪਲਾਈਵੁੱਡ ਸਟੋਰ ਦੇ ਮਾਲਕ ਰਾਜੀਵ ਕੁਮਾਰ ਅਤੇ ਫਰਨੀਚਰ ਸਟੋਰ ਦੇ ਮਾਲਕ ਵਿਕਰਮ ਵਿਰੁੱਧ ਕਾਪੀ ਰਾਈਟ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
