ਪੰਜਾਬ 'ਚ ਹੁਣ ਨਹੀਂ ਵਿਕੇਗੀ 'ਨਕਲੀ' ਸ਼ਰਾਬ, QR ਕੋਡ ਸਕੈਨ ਕਰਦੇ ਹੀ ਸਾਹਮਣੇ ਆਵੇਗੀ ਸਾਰੀ ਡਿਟੇਲ

01/04/2023 12:17:18 PM

ਚੰਡੀਗੜ੍ਹ (ਰਮਨਜੀਤ) : ਪੰਜਾਬ ਸਰਕਾਰ ਵੱਲੋਂ ਨਕਲੀ ਸ਼ਰਾਬ ਦੀ ਵਿਕਰੀ 'ਤੇ ਹੁਣ ਸ਼ਿਕੰਜਾ ਕੱਸਿਆ ਜਾਵੇਗਾ ਅਤੇ ਸੂਬੇ 'ਚ ਨਕਲੀ ਸ਼ਰਾਬ ਨਹੀਂ ਵਿਕੇਗੀ। ਇਸ ਦੇ ਲਈ ਸ਼ਰਾਬ ਦੀ ਬੋਤਲ 'ਤੇ ਬਾਰਕੋਡ ਲਾਇਆ ਜਾਵੇਗਾ। ਇਸ ਕਿਊ. ਆਰ. ਕੋਡ ਦੇ ਸਕੈਨ ਕਰਨ ਨਾਲ ਸ਼ਰਾਬ ਦੀ ਸਾਰੀ ਡਿਟੇਲ ਸਾਹਮਣੇ ਆ ਜਾਵੇਗੀ। ਇਸ ਤੋਂ ਪਤਾ ਲੱਗ ਜਾਵੇਗਾ ਕਿ ਸ਼ਰਾਬ ਕਿੱਥੋਂ ਦੀ ਹੈ ਅਤੇ ਕਿਸ ਫੈਕਟਰੀ 'ਚ ਤਿਆਰ ਕੀਤੀ ਗਈ ਹੈ। ਇਸ 'ਚ ਅਲਕੋਹਲ ਦੀ ਕਿੰਨੀ ਮਾਤਰਾ ਹੈ। ਜੇਕਰ ਕਿਸੇ ਵੀ ਬੋਤਲ 'ਤੇ ਕਿਊ. ਆਰ. ਕੋਡ ਨਹੀਂ ਪਾਇਆ ਗਿਆ ਤਾਂ ਇਸ ਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਇਸ ਸਬੰਧੀ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਬੀਤੇ ਦਿਨੀਂ ਮੋਬਾਇਲ ਆਧਾਰਿਤ 'ਐਕਸਾਈਜ਼ ਕਿਊਆਰ ਕੋਡ ਲੇਬਲ ਵੈਰੀਫਿਕੇਸ਼ਨ ਸਿਟੀਜ਼ਨ' ਐਪ ਵੀ ਲਾਂਚ ਕੀਤੀ ਗਈ ਸੀ। ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਹ ਕਿਊ. ਆਰ. ਕੋਡ ਆਧਾਰ ਮੋਬਾਇਲ ਐਪ ਸੂਬੇ 'ਚ ਨਕਲੀ ਜਾਂ ਬਿਨਾ ਆਬਕਾਰੀ ਕਰ ਦਿੱਤਿਆਂ ਵਿਕਣ ਵਾਲੀ ਸ਼ਰਾਬ ਦੀ ਵਿਕਰੀ 'ਤੇ ਮੁਕੰਮਲ ਰੋਕ ਲਾਉਣ ਦੀ ਦਿਸ਼ਾ 'ਚ ਇੱਕ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲ ਕਦਮੀ ਨਾਲ ਖ਼ਪਤਕਾਰਾਂ ਦੀ ਸਿਹਤ ਨੂੰ ਬਚਾਉਣ ਦੇ ਨਾਲ-ਨਾਲ ਆਬਕਾਰੀ ਡਿਊਟੀ ਦੀ ਚੋਰੀ 'ਤੇ ਰੋਕ ਲਗਾਉਣ 'ਚ ਮਦਦ ਮਿਲੇਗੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਠੰਡੇ ਬਸਤੇ 'ਚ ਜਾਂਦੀ ਨਜ਼ਰ ਆ ਰਹੀ ਮੁਖਤਿਆਰ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ 'ਚ ਰੱਖਣ ਦੀ ਜਾਂਚ

ਵਿੱਤ ਮੰਤਰੀ ਨੇ ਇਸ ਮੌਕੇ ਇੱਕ 24X7 ਹੈਲਪਲਾਈਨ ਨੰਬਰ 9875961126 ਵੀ ਜਾਰੀ ਕੀਤਾ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਹੈਲਪਲਾਈਨ 'ਤੇ ਨਕਲੀ ਸ਼ਰਾਬ ਜਾਂ ਲਾਹਣ ਤੋਂ ਕੱਢੀ ਸ਼ਰਾਬ ਜਾਂ ਸ਼ਰਾਬ ਦੀ ਤਸਕਰੀ ਆਦਿ ਦੀ ਜਾਣਕਾਰੀ ਦੇ ਕੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਖ਼ਿਲਾਫ਼ ਸੂਬਾ ਸਰਕਾਰ ਵੱਲੋਂ ਵਿੱਢੀ ਮੁਹਿੰਮ ਦਾ ਸਾਥ ਦੇਣ।  ਇਸੇ ਦੌਰਾਨ ਮੋਬਾਈਲ ਐਪ 'ਤੇ ਉਪਲੱਬਧ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਖ਼ਪਤਕਾਰ ਹੁਣ ਬੋਤਲ ‘ਤੇ ਮੌਜੂਦ ਕਿਊ. ਆਰ. ਕੋਡ ਨੂੰ ਸਕੈਨ ਕਰਕੇ ਉਨ੍ਹਾਂ ਵੱਲੋਂ ਖ਼ਰੀਦੀ ਗਈ ਸ਼ਰਾਬ ਦੀ ਬੋਤਲ ਦੀ ਅਸਲੀਅਤ ਦੀ ਜਾਂਚ ਕਰ ਸਕਦੇ ਹਨ।

ਇਹ ਵੀ ਪੜ੍ਹੋ : ਹੱਡ ਚੀਰਵੀਂ ਠੰਡ ਨਾਲ ਕੰਬ ਰਿਹਾ ਪੂਰਾ ਪੰਜਾਬ, ਮੌਸਮ ਵਿਭਾਗ ਨੇ ਫਿਰ ਜਾਰੀ ਕਰ ਦਿੱਤਾ ਅਲਰਟ

ਉਨ੍ਹਾਂ ਕਿਹਾ ਕਿ ਖ਼ਪਤਕਾਰ ਹਰ ਬੋਤਲ 'ਤੇ ਚਿਪਕਾਏ ਗਏ ਕਿਊ. ਆਰ. ਕੋਡ ਨੂੰ ਸਕੈਨ ਕਰਕੇ ਬੋਤਲ ਦੇ ਲੇਬਲ ਕੋਡ, ਡਿਸਟਿਲਰ/ਬੋਟਲਰ ਦਾ ਨਾਂਅ, ਬ੍ਰਾਂਡ ਦਾ ਨਾਮ, ਸ਼ਰਾਬ ਦੀ ਮਾਤਰਾ, ਅਲਕੋਹਲ ਦੀ ਡਿਗਰੀ ਅਤੇ ਉਤਪਾਦਨ ਦੀ ਮਿਤੀ ਬਾਰੇ ਜਾਣਕਾਰੀ ਹਾਸਲ ਕਰ ਸਕੇਗਾ। ਉਨ੍ਹਾਂ ਕਿਹਾ ਕਿ ਇਸ ਮੋਬਾਇਲ ਐਪ ਨੂੰ ਕਿਸੇ ਵੀ ਐਂਡਰਾਇਡ ਜਾਂ ਐਪਲ਼ ਫੋਨ ‘ਤੇ ਡਾਊਨਲੋਡ ਕਰਕੇ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਮੋਬਾਇਲ ਐਪ ਨੂੰ ‘ਗੂਗਲ ਪਲੇ ਸਟੋਰ’ ਅਤੇ ‘ਐਪਲ ਸਟੋਰ’ ਤੋਂ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈ। ਐਡਵੋਕੇਟ ਚੀਮਾ ਨੇ ਅੱਗੇ ਦੱਸਿਆ ਕਿ ਇਸ ਐਪ ਨੂੰ ‘ਟ੍ਰੈਕ ਐਂਡ ਟਰੇਸ’ ਪ੍ਰਾਜੈਕਟ ਨਾਲ ਜੋੜਿਆ ਗਿਆ ਹੈ ਅਤੇ ਇਸ ਤਰ੍ਹਾਂ ਖ਼ਪਤਕਾਰ ਇਸ ਸਹੂਲਤ ਦੀ ਵਰਤੋਂ ਕਰਕੇ ਕਿਸੇ ਵੀ ਬੇਨਿਯਮੀ ਦੀ ਰਿਪੋਰਟ ਸਿੱਧੀ ਆਬਕਾਰੀ ਵਿਭਾਗ ਨੂੰ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ‘ਟਰੈਕ ਐਂਡ ਟਰੇਸ’ ਪ੍ਰਾਜੈਕਟ ਰਾਹੀਂ ਵਿਭਾਗ ਸੂਬੇ 'ਚ ਸ਼ਰਾਬ ਦੀ ਸਮੁੱਚੀ ਸਪਲਾਈ ਚੇਨ ਹੇਠ ਸ਼ਰਾਬ ਦੀ ਮੌਜੂਦਗੀ ਅਤੇ ਢੋਆ-ਢੁਆਈ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita