ਖੰਨਾ : 230 ਰੁਪਏ ਵੇਚਿਆ ਜਾ ਰਿਹੈ ਨਕਲੀ ਦੇਸੀ ਘਿਓ, ਵੱਡੀ ਮਾਤਰਾ ''ਚ ਬਰਾਮਦ

09/21/2018 5:03:01 PM

ਖੰਨਾ (ਸੰਜੇ ਗਰਗ) : ਪੰਜਾਬ 'ਚ ਚੱਲ ਰਹੇ ਸਿਹਤ ਤੰਦਰੁਸਤ ਮਿਸ਼ਨ ਤਹਿਤ ਸ਼ੁੱਕਰਵਾਰ ਨੂੰ ਫੂਡ ਸੇਫਟੀ ਟੀਮ ਵੱਲੋਂ ਲੁਧਿਆਣਾ ਵੱਲੋਂ ਵੱਡੀ ਕਾਰਵਾਈ ਕਰਦਿਆਂ ਖੰਨਾ ਵਿਚ 22 ਕੁਇੰਟਲ ਅਜਿਹਾ ਨਕਲੀ ਦੇਸੀ ਘਿਓ ਬਰਾਮਦ ਕੀਤਾ ਹੈ, ਜੋ ਦੁਕਾਨਦਾਰਾਂ ਨੂੰ ਸਿਰਫ 230 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਸੀ। ਇਹ ਸਾਰਾ ਨਕਲੀ ਘਿਓ ਹਰਿਆਣਾ ਦੇ ਸ਼ਹਿਰ ਕੈਥਲ ਤੋਂ ਆਇਆ ਸੀ ਅਤੇ ਸੂਚਨਾ ਇਹ ਵੀ ਹੈ ਕਿ ਛਾਪਾਮਾਰ ਸਿਹਤ ਟੀਮ ਨੇ ਫੜੇ ਗਏ ਵਹੀਕਲ ਅਤੇ ਘਿਓ ਬਣਾਉਣ ਵਾਲੀ ਫੈਕਟਰੀ ਦੇ ਮਾਲਕ ਨੂੰ ਅਗਲੀ ਕਾਰਵਾਈ ਲਈ ਪੁਲਸ ਹਵਾਲੇ ਕਰ ਦਿੱਤਾ ਹੈ। 

ਫੂਡ ਸੇਫਟੀ ਅਧਿਕਾਰੀ ਡਾ. ਯੋਗੇਸ਼ ਗੋਇਲ ਨੇ 'ਜਗਬਾਣੀ' ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਹਰਿਆਣਾ ਤੋਂ ਨਕਲੀ ਦੇਸੀ ਘਿਓ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅੰਦਰ ਸਪਲਾਈ ਕੀਤੇ ਜਾਣ ਦੀ ਸੂਚਨਾ ਮਿਲੀ ਸੀ। ਇਸ 'ਤੇ ਜ਼ਿਲਾ ਸਿਹਤ ਅਧਿਕਾਰੀ ਡਾ. ਆਦੇਸ਼ ਕੰਗ ਦੀ ਨਿਗਰਾਨੀ 'ਚ ਅੱਜ ਇਹ ਕਾਰਵਾਈ ਕਰਦੇ ਹੋਏ ਖੰਨਾ ਵਿਚ ਨਕਲੀ ਦੇਸੀ ਘਿਓ ਨਾਲ ਭਰੇ ਇਕ ਵਾਹਨ ਨੂੰ ਕਾਬੂ ਕਰ ਲਿਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਖੰਨਾ ਸ਼ਹਿਰ 'ਚ ਹੋਰ ਵੀ ਨਕਲੀ ਅਤੇ ਮਿਲਾਵਟੀ ਖਾਣ ਵਾਲੇ ਪਦਾਰਥ ਵੇਚੇ ਜਾਣ ਦੀ ਸੂਚਨਾ ਮਗਰੋਂ ਅੱਜ ਸਿਹਤ ਵਿਭਾਗ ਵੱਡੀ ਕਾਰਵਾਈ 'ਚ ਲੱਗਿਆ ਹੋਇਆ ਹੈ ਅਤੇ ਵੱਖ-ਵੱਖ ਥਾਵਾਂ 'ਤੇ ਜਾ ਕੇ ਸਰੋਂ ਦੇ ਤੇਲ, ਨਮਕ ਆਦਿ ਦੇ 10 ਸੈਂਪਲ ਲਏ ਜਾ ਚੁੱਕੇ ਹਨ ਅਤੇ ਇਹ ਕਾਰਵਾਈ ਦੇਰ ਰਾਤ ਤੱਕ ਜਾਰੀ ਰਹੇਗੀ।