ਮੇਲਾ ਮਾਘੀ ਦੇ ਪੁਖਤਾ ਪ੍ਰਬੰਧਾਂ ਲਈ ਸਿਹਤ ਵਿਭਾਗ ਹੋਇਆ ਚੌਕਸ

01/12/2018 12:30:01 PM


ਸ੍ਰੀ ਮੁਕਤਸਰ ਸਾਹਿਬ (ਪਵਨ, ਖੁਰਾਣਾ, ਦਰਦੀ) - ਚਾਲੀ ਮੁਕਤਿਆਂ ਦੀ ਯਾਦ 'ਚ ਲੱਗਣ ਵਾਲੇ ਮੇਲਾ ਮਾਘੀ 2018 ਦੇ ਸਬੰਧ ਵਿਚ ਸਾਫ਼-ਸਫ਼ਾਈ ਅਤੇ ਵੱਖ-ਵੱਖ ਬੀਮਾਰੀਆਂ ਦੇ ਬਚਾਓ ਲਈ ਅਤੇ ਸ਼ਰਧਾਲੂਆਂ ਨੂੰ ਜਾਗਰੂਕ ਕਰਨ ਲਈ ਸਮੂਹ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਅਤੇ ਪੈਰਾ ਮੈਡੀਕਲ ਸਟਾਫ਼ ਦੀ ਜ਼ਰੂਰੀ ਮੀਟਿੰਗ ਸਿਵਲ ਸਰਜਨ ਡਾ. ਸੁਖਪਾਲ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਦੀ ਯੋਗ ਅਗਵਾਈ ਡਾ. ਵਿਕਰਮ ਅਸੀਜਾ ਜ਼ਿਲਾ ਐਪੀਡੀਮਾਲੋਜਿਸਟ ਅਤੇ ਕੰਵਲਪ੍ਰੀਤ ਸਿੰਘ ਅਸਿਸਟੈਂਟ ਕਮਿਸ਼ਨਰ ਫੂਡ ਵਲੋਂ ਕੀਤੀ ਗਈ। 
ਮੀਟਿੰਗ ਦੌਰਾਨ ਡਾ. ਬਰਾੜ ਨੇ ਸਮੂਹ ਕਰਮਚਾਰੀਆਂ ਨੂੰ ਦੱਸਿਆ ਕਿ ਮੇਲਾ ਮਾਘੀ 2018 ਦੌਰਾਨ 7 ਸੈਕਟਰਾਂ ਵਿਚ ਦੁਕਾਨਦਾਰ, ਹੋਟਲ, ਢਾਬੇ, ਰੇਹੜੀਆਂ, ਖੋਖੇ, ਫੜ੍ਹੀ ਲਾਉਣ ਵਾਲੇ, ਖਾਣ-ਪੀਣ ਦੀਆਂ ਵਸਤੂਆਂ ਵੇਚਣ ਵਾਲਿਆਂ ਨੂੰ ਸਿਹਤ ਸਿੱਖਿਆ ਦਿੱਤੀ ਜਾਵੇ ਜਿਵੇਂ ਕਿ ਖਾਣ-ਪੀਣ ਦੀਆਂ ਚੀਜ਼ਾਂ ਢੱਕ ਕੇ ਰੱਖਣੀਆਂ, ਆਪਣੀ ਨਿੱਜੀ ਸਫ਼ਾਈ ਰੱਖਣਾ, ਵਰਤਾਉਣ ਵਾਲੇ ਅਤੇ ਖਾਣਾ ਬਣਾਉਣ ਵਾਲੇ ਆਪਣੇ ਨਹੁੰ ਕੱਟ ਕੇ ਰੱਖਣ, ਮੈਡੀਕਲ ਚੈੱਕਅਪ ਕਰਵਾਉਣਾ ਅਤੇ ਬਰਤਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਤੇ ਪੀਣ ਵਾਲੇ ਪਾਣੀ ਨੂੰ ਢੱਕ ਕੇ ਰੱਖਣਾ ਅਤੇ ਕਲੋਰੀਨੇਸ਼ਨ ਕਰਨ। ਜ਼ਿਲਾ ਐਪੀਡੀਮਾਲੋਜਿਸਟ ਡਾ. ਅਸੀਜਾ, ਜ਼ਿਲਾ ਹੈਲਥ ਇੰਸਪੈਕਟਰ ਭਗਵਾਨ ਦਾਸ ਅਤੇ ਲਾਲ ਚੰਦ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਤੰਬਾਕੂ ਯੁਕਤ ਪਦਾਰਥਾਂ ਦੇ ਸੇਵਨ ਕਰਨ ਨਾਲ ਹੋਣ ਵਾਲੀਆਂ ਬੀਮਾਰੀਆਂ ਸਬੰਧੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਕਲੋਰੀਨ ਦੀਆਂ ਗੋਲੀਆਂ ਅਤੇ ਹੋਰ ਲੋੜੀਂਦੀ ਸਪਲਾਈ ਵੀ ਦਿੱਤੀ ਗਈ। ਇਸ ਦੌਰਾਨ ਈਸ਼ਵਰ ਚੰਦਰ ਗੋਇਲ, ਦੀਪਕ ਕੁਮਾਰ ਡੀ. ਪੀ. ਐੱਮ. ਅੰਗਰੇਜ਼ ਸਿੰਘ ਤੋਂ ਇਲਾਵਾ ਮਲਟੀਪਰਪਜ਼ ਹੈਲਥ ਵਰਕਰਜ਼ ਹਾਜ਼ਰ ਸਨ।