ਜਬਰ-ਜ਼ਨਾਹ ਦੇ ਯਤਨ ''ਚ ਨਾਕਾਮ ਰਹਿਣ ''ਤੇ ਲੜਕੀ ''ਤੇ ਹਮਲਾ ਕਰ ਕੇ ਕੀਤਾ ਜ਼ਖਮੀ

10/16/2017 7:47:44 AM

ਫਿਲੌਰ, (ਭਾਖੜੀ)- ਲੜਕੀ ਨਾਲ ਜਬਰ-ਜ਼ਨਾਹ ਦੇ ਯਤਨ 'ਚ ਨਾਕਾਮ ਰਹਿਣ 'ਤੇ ਦੋ ਲੜਕਿਆਂ ਵੱਲੋਂ ਲੜਕੀ ਦੇ ਸਿਰ 'ਤੇ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ। ਭੈਣ ਦੀਆਂ ਚੀਕਾਂ ਸੁਣ ਕੇ ਵੱਡੀ ਭੈਣ ਉਸ ਨੂੰ ਛੁਡਵਾਉਣ ਗਈ ਤਾਂ ਉਸ 'ਤੇ ਵੀ ਹਮਲਾ ਕਰ ਦਿੱਤਾ ਗਿਆ ਤੇ ਉਸ ਦੇ ਕੱਪੜੇ ਪਾੜ ਕੇ ਦੋਵੇਂ ਮੁਲਜ਼ਮ ਫਰਾਰ ਹੋ ਗਏ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।  ਸਥਾਨਕ ਸਿਵਲ ਹਸਪਤਾਲ 'ਚ ਦਾਖਲ ਨਜ਼ਦੀਕੀ ਪਿੰਡ ਤੂਰਾਂ ਦੀ ਰਹਿਣ ਵਾਲੀ ਪ੍ਰਿਯਾ (21) (ਕਾਲਪਨਿਕ ਨਾਂ) ਦੀ ਵੱਡੀ ਭੈਣ ਨੇ ਦੱਸਿਆ ਕਿ ਉਸ ਦਾ ਘਰ ਪਿੰਡ ਦੇ ਬਾਹਰ ਖੇਤਾਂ 'ਚ ਹੈ। ਬੀਤੀ ਸ਼ਾਮ 6 ਵਜੇ ਦੇ ਕਰੀਬ ਉਸ ਦੇ ਮਾਤਾ-ਪਿਤਾ ਕੰਮ ਸੰਬੰਧੀ ਗਏ ਹੋਏ ਸਨ। ਪਿੱਛੋਂ ਘਰ 'ਚ ਦੋਵੇਂ ਭੈਣਾਂ ਇਕੱਲੀਆਂ ਸਨ। ਅਚਾਨਕ ਉਸ ਨੂੰ ਘਰ ਦੇ ਬਾਹਰ ਪ੍ਰਿਯਾ ਦੇ ਚੀਕਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਜਿਵੇਂ ਹੀ ਉਹ ਭੱਜ ਕੇ ਘਰੋਂ ਬਾਹਰ ਨਿਕਲੀ ਤਾਂ ਉਸ ਨੇ ਦੇਖਿਆ ਕਿ ਉਸੇ ਦੇ ਪਿੰਡ ਦੇ ਹੀ ਦੋ ਲੜਕੇ ਪ੍ਰਿਯਾ ਨੂੰ ਖਿੱਚ ਕੇ ਨਜ਼ਦੀਕ ਬਣੇ ਇਕ ਟੋਏ 'ਚ ਲਿਜਾਣ ਦਾ ਯਤਨ ਕਰ ਰਹੇ ਸਨ। ਪ੍ਰਿਯਾ ਦੇ ਰੌਲਾ ਪਾਉਣ 'ਤੇ ਉਨ੍ਹਾਂ ਨੇ ਉਸ ਦੇ ਸਿਰ 'ਤੇ ਕੋਈ ਭਾਰੀ ਚੀਜ਼ ਮਾਰ ਦਿੱਤੀ, ਜਿਸ ਨਾਲ ਉਹ ਬੇਹੋਸ਼ ਹੋ ਕੇ ਡਿੱਗ ਪਈ।
ਆਪਣੀ ਛੋਟੀ ਭੈਣ ਨੂੰ ਬਚਾਉਣ ਲਈ ਉਹ ਦੋਵੇਂ ਲੜਕਿਆਂ ਨਾਲ ਭਿੜ ਪਈ। ਉਕਤ ਲੜਕਿਆਂ ਨੇ ਉਸ ਨੂੰ ਵੀ ਫੜਨ ਦੀ ਕੋਸ਼ਿਸ਼ ਕੀਤੀ ਅਤੇ ਉਸ ਦੇ ਕੱਪੜੇ ਵੀ ਪਾੜ ਦਿੱਤੇ। ਜਦੋਂ ਉਹ ਜ਼ੋਰ-ਜ਼ੋਰ ਨਾਲ ਮਦਦ ਲਈ ਚੀਕਣ ਲੱਗ ਪਈ ਤਾਂ ਉਹ ਦੋਵੇਂ ਲੜਕੇ ਉਨ੍ਹਾਂ ਨੂੰ ਛੱਡ ਕੇ ਭੱਜ ਗਏ। ਉਸ ਨੇ ਤੁਰੰਤ ਘਟਨਾ ਦੀ ਸੂਚਨਾ ਆਪਣੇ ਪਿਤਾ ਨੂੰ ਫੋਨ 'ਤੇ ਦਿੱਤੀ, ਜਿਸ 'ਤੇ ਉਸ ਦੇ ਪਿਤਾ ਨੇ ਘਟਨਾ ਵਾਲੀ ਜਗ੍ਹਾ 'ਤੇ ਪੁੱਜ ਕੇ ਛੋਟੀ ਲੜਕੀ ਦੀ ਹਾਲਤ ਖਰਾਬ ਦੇਖ ਕੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿਥੇ ਉਹ ਪਿਛਲੇ 12 ਘੰਟਿਆਂ ਤੋਂ ਆਪਣੇ ਨਾਲ ਵਾਪਰੇ ਹਾਦਸੇ ਦੇ ਸਦਮੇ ਕਾਰਨ ਬਦਹਵਾਸ ਪਈ ਹੈ। ਲੜਕੀ ਦੇ ਪਰਿਵਾਰ ਵਾਲਿਆਂ ਨੇ ਘਟਨਾ ਦੀ ਸੂਚਨਾ ਅੱਪਰਾ ਪੁਲਸ ਚੌਕੀ 'ਚ ਕਰ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਝਗੜਾ ਹੋਇਆ ਪਰ ਲੜਕੀਆਂ ਨਾਲ ਜਬਰ-ਜ਼ਨਾਹ ਦੇ ਯਤਨ ਦੀ ਪੁਸ਼ਟੀ ਨਹੀਂ ਹੋਈ : ਚੌਕੀ ਇੰਚਾਰਜ
ਇਸ ਸੰਬੰਧੀ ਪੁੱਛਣ 'ਤੇ ਅੱਪਰਾ ਪੁਲਸ ਚੌਕੀ ਦੇ ਇੰਚਾਰਜ ਪਰਮਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਉਹ ਤੁਰੰਤ ਮੌਕੇ 'ਤੇ ਪੁੱਜ ਗਏ ਸਨ। ਹਾਲ ਦੀ ਘੜੀ ਆਲੇ-ਦੁਆਲੇ ਪੁੱਛਗਿੱਛ ਕਰਨ 'ਤੇ ਉਨ੍ਹਾਂ ਨੂੰ ਜੋ ਜਾਣਕਾਰੀ ਮਿਲੀ ਹੈ, ਉਸ ਮੁਤਾਬਕ ਉਥੇ ਝਗੜਾ ਹੋਇਆ ਸੀ। ਲੜਕੀਆਂ ਦੇ ਨਾਲ ਜਬਰ-ਜ਼ਨਾਹ ਦਾ ਯਤਨ ਕਰਨ ਵਰਗੀ ਘਟਨਾ ਦੀ ਪੁਸ਼ਟੀ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਥਾਣਾ ਮੁਖੀ ਫਿਲੌਰ ਵੀ ਘਟਨਾ ਵਾਲੀ ਜਗ੍ਹਾ ਦਾ ਦੌਰਾ ਕਰ ਕੇ ਜਾਣਕਾਰੀ ਹਾਸਲ ਕਰ ਚੁੱਕੇ ਹਨ ਅਤੇ ਘਟਨਾ ਦੀ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ। ਇਸ 'ਚ ਜੋ ਵੀ ਮੁਲਜ਼ਮ ਪਾਇਆ ਗਿਆ, ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।