ਲੁਧਿਆਣਾ : ਹੌਜਰੀ ਦੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ

12/01/2019 11:34:17 AM

ਲੁਧਿਆਣਾ (ਵਿਜੇ) : ਹੌਜਰੀ ਦੇ ਗੜ੍ਹ ਵੇਟਗੰਜ 'ਚ ਏ. ਕੇ. ਸਭਰਵਾਲ ਨਾਮਕ ਦੁਕਾਨ 'ਚ ਭਿਆਨਕ ਅੱਗ ਲੱਗਣ ਨਾਲ ਲੱਖਾਂ ਦਾ ਮਾਲ ਸੜ ਕੇ ਸੁਆਹ ਹੋ ਗਿਆ। ਦੁਕਾਨ 'ਚ ਪਏ 2 ਸਿਲੰਡਰਾਂ ਦੇ ਬਲਾਸਟ ਹੋਣ ਨਾਲ ਅੱਗ ਤੇਜ਼ੀ ਨਾਲ ਫੈਲੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰ. 3, 4 ਅਤੇ ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਮੌਕੇ 'ਤੇ ਪੁੱਜੀਆਂ। ਜ਼ਿਆਦਾ ਭੀੜ ਵਾਲੇ ਇਲਾਕੇ 'ਚ ਫਾਇਰ ਬ੍ਰਿਗੇਡ ਵਿਭਾਗ ਦੀ ਗੱਡੀ ਨੂੰ ਘਟਨਾ ਸਥਾਨ 'ਤੇ ਪਹੁੰਚਾਉਣ ਲਈ ਬਹੁਤ ਮੁਸ਼ੱਕਤ ਕਰਨੀ ਪਈ। ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਦੇਰ ਰਾਤ ਤੱਕ 100 ਮੀਟਰ ਲੰਮੀ ਪਾਈਪ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਉਣ ਦਾ ਯਤਨ ਕਰ ਰਹੇ ਸਨ।
ਜਾਣਕਾਰੀ ਅਨੁਸਾਰ ਦੁਪਹਿਰ 12 ਵਜੇ ਏ. ਕੇ. ਸੱਭਰਵਾਲ ਨਾਮਕ ਦੁਕਾਨ ਦੇ ਗਰਾਊਂਡ ਫਲੋਰ ਤੋਂ ਚੰਗਿਆੜੀਆਂ ਨਿਕਲਣ ਕਾਰਣ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇਮਾਰਤ 'ਚ ਪਏ ਸਿਲੰਡਰ ਬਲਾਸਟ ਹੋਣ ਨਾਲ ਅੱਗ ਤੇਜ਼ੀ ਨਾਲ ਫੈਲੀ। ਅੱਗ ਨੇ ਦੁਕਾਨ 'ਚ ਪਏ ਮਾਲ ਨੂੰ ਲਪੇਟ ਵਿਚ ਲੈ ਲਿਆ। ਦੁਕਾਨ 'ਚ ਲੱਖਾਂ ਦੀ ਕੀਮਤ ਦੀਆਂ ਟੋਪੀਆਂ ਅਤੇ ਦਾਸਤਾਨੇ ਪਏ ਸਨ। ਲਗਭਗ 3 ਘੰਟੇ ਬਾਅਦ ਦੂਜੇ ਸਿਲੰਡਰ 'ਚ ਬਲਾਸਟ ਹੋਇਆ। ਤੰਗ ਰਸਤਾ ਹੋਣ ਕਾਰਣ ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਮੌਕੇ 'ਤੇ ਦੇਰੀ ਨਾਲ ਪੁੱਜੀਆਂ। ਇਕ ਤੋਂ ਬਾਅਦ ਇਕ ਫਾਇਰ ਵਿਭਾਗ ਦੀਆਂ ਦਰਜਨਾਂ ਗੱਡੀਆਂ ਦੇਰ ਰਾਤ ਤੱਕ ਅੱਗ ਬੁਝਾਉਣ ਦੀ ਕੋਸ਼ਿਸ਼ 'ਚ ਲੱਗੀਆਂ ਹੋਈਆਂ ਸੀ। ਅਗਜ਼ਨੀ ਦਾ ਕਾਰਨ ਸ਼ਾਰਟ-ਸਰਕਟ ਦੱਸਿਆ ਜਾ ਰਿਹਾ ਹੈ। ਅਗਜ਼ਨੀ ਤੋਂ ਬਾਅਦ ਦੁਕਾਨ ਦਾ ਲੈਂਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ।

6 ਘੰਟੇ ਬਾਅਦ ਨਾਲ ਦੀ ਦੁਕਾਨ ਨੂੰ ਲੱਗੀ ਅੱਗ
ਰਾਤ 8 ਵਜੇ ਤੱਕ ਏ. ਕੇ. ਸੱਭਰਵਾਲ ਨਾਮਕ ਦੁਕਾਨ 'ਚ ਲੱਗੀ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। 2 ਬਲਾਸਟ ਹੋਣ ਕਾਰਨ ਅੱਗ ਪੂਰੀ ਤਰ੍ਹਾਂ ਫੈਲ ਚੁੱਕੀ ਸੀ। ਲੰਮੀ ਦੁਕਾਨ ਦੇ ਪਿਛਲੇ ਹਿੱਸੇ ਤੱਕ ਅੱਗ ਫੈਲੀ ਹੋਈ ਸੀ, ਜਿਸ ਕਾਰਨ ਨਾਲ ਦੀ ਦੁਕਾਨ ਨੂੰ ਵੀ ਅੱਗ ਨੇ ਲਪੇਟ 'ਚ ਲੈ ਲਿਆ ਹੈ। ਜੇ. ਐੱਨ. ਸੌਦਾਗਰ ਨਾਮਕ ਦੁਕਾਨ 'ਚ ਭਾਰੀ ਮਾਤਰਾ 'ਚ ਹੌਜ਼ਰੀ ਦਾ ਮਾਲ ਪਿਆ ਸੀ। ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ 'ਤੇ ਕਾਬੂ ਪਾਉਣ ਦੇ ਯਤਨ ਕਰ ਰਹੇ ਸਨ। ਉਥੇ ਹੌਜ਼ਰੀ ਮਾਲਕ ਅਤੇ ਦੁਕਾਨਦਾਰਾਂ 'ਚ ਅਗਜ਼ਨੀ ਨੂੰ ਲੈ ਕੇ ਕਾਫੀ ਡਰ ਦਾ ਮਾਹੌਲ ਬਣਿਆ ਹੋਇਆ ਸੀ।

Anuradha

This news is Content Editor Anuradha