ਫੈਕਟਰੀ ਦੇ ਕਈ ਹਿੱਸਿਆਂ ''ਚ ਕੈਮੀਕਲ ਦਾ ਰਿਸਾਅ, ਹਵਾ ਚੱਲਣ ਨਾਲ ਵਾਰ-ਵਾਰ ਭੜਕ ਰਹੀ ਅੱਗ

11/22/2017 3:51:16 AM

ਲੁਧਿਆਣਾ(ਰਿਸ਼ੀ)-ਇੰਡਸਟ੍ਰੀਅਲ ਏਰੀਆ-ਏ ਵਿਚ ਪਲਾਸਟਿਕ ਦਾ ਲਿਫਾਫਾ ਬਣਾਉਣ ਵਾਲੀ ਫੈਕਟਰੀ ਐਮਰਸਨ ਪਾਲੀਮਰ 'ਚ ਅੱਗ ਲੱਗਣ ਤੋਂ ਕੁੱਝ ਘੰਟਿਆਂ ਬਾਅਦ ਹੋਏ ਧਮਾਕੇ ਦੇ ਕੇਸ 'ਚ 40 ਘੰਟੇ ਗੁਜ਼ਰ ਜਾਣ 'ਤੇ ਵੀ ਇਮਾਰਤ ਦੇ ਅੰਦਰੋਂ ਅੱਗ ਦੀਆਂ ਲਪਟਾਂ ਬਾਹਰ ਨਿਕਲ ਰਹੀਆਂ ਹਨ। ਮੰਗਲਵਾਰ ਦੇਰ ਰਾਤ ਤੱਕ ਮਲਬੇ 'ਚ ਦੱਬ ਕੇ ਮਰੇ ਫਾਇਰ ਕਰਮਚਾਰੀਆਂ ਸਮੇਤ ਮ੍ਰਿਤਕਾਂ ਦੀ ਗਿਣਤੀ 13 ਤੱਕ ਪੁੱਜ ਗਈ। ਸੜੀਆਂ ਤੇ ਕੱਟੀਆਂ ਹੋਈਆਂ ਲਾਸ਼ਾਂ ਨਿਕਲਣ ਦਾ ਸਿਲਸਿਲਾ ਸ਼ੁਰੂ ਹੁੰਦੇ ਹੀ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਹੋਣ ਲੱਗਾ। ਬਚਾਅ ਕਾਰਜ 'ਚ ਜੁਟੀ ਟੀਮ ਨੂੰ ਮਲਬੇ 'ਚੋਂ ਮਾਸ ਦੀ ਬਦਬੂ ਆਉਣ ਲੱਗ ਪਈ। ਮਲਬੇ 'ਚ ਦੱਬੇ ਕਈ ਲੋਕਾਂ ਦਾ ਦੂਜੇ ਦਿਨ ਵੀ ਚੱਲ ਰਹੇ ਰਾਹਤ ਕਾਰਜਾਂ ਦੌਰਾਨ ਪਤਾ ਨਹੀਂ ਲੱਗ ਸਕਿਆ। ਪਿਛਲੇ 40 ਘੰਟਿਆਂ ਤੋਂ ਘਟਨਾ ਵਾਲੀ ਜਗ੍ਹਾ ਦੇ ਬਾਹਰ ਖੜ੍ਹੇ ਪਰਿਵਾਰ ਵਾਲੇ ਲੰਬੀ ਉਮਰ ਦੀ ਅਰਦਾਸ ਕਰਦੇ ਦਿਖਾਈ ਦਿੱਤੇ। ਸੋਮਵਾਰ ਸਵੇਰ ਤੋਂ ਬਚਾਅ ਕਾਰਜਾਂ 'ਚ ਲੱਗੀਆਂ ਟੀਮਾਂ ਮੰਗਲਵਾਰ ਵੀ ਸਾਰਾ ਦਿਨ ਜੁਟੀਆਂ ਰਹੀਆਂ। ਦੇਰ ਸ਼ਾਮ ਤੱਕ 40 ਫੀਸਦੀ ਮਲਬਾ ਹੀ ਹਟਾਇਆ ਜਾ ਸਕਿਆ। ਬਚਾਅ ਕਾਰਜਾਂ ਵਿਚ ਨਿਗਮ ਵੱਲੋਂ ਕਈ ਟੀਮਾਂ ਵਧਾਈਆਂ ਗਈਆਂ ਤਾਂ ਕਿ ਮਲਬੇ ਵਿਚ ਦੱਬੇ ਲੋਕਾਂ ਨੂੰ ਜਲਦ ਤੋਂ ਜਲਦ ਬਾਹਰ ਕੱਢਿਆ ਜਾ ਸਕੇ। ਅੱਗ ਦੀਆਂ ਲਪਟਾਂ ਨੇ ਆਲੇ-ਦੁਆਲੇ ਦੀਆਂ ਕਈ ਹੋਰ ਇਮਾਰਤਾਂ ਨੂੰ ਲਪੇਟ ਵਿਚ ਲੈ ਲਿਆ। ਬਚਾਅ ਕਾਰਜਾਂ 'ਚ ਲੱਗੀਆਂ ਟੀਮਾਂ ਨੂੰ ਅੱਗ ਲੱਗਣ ਦੌਰਾਨ ਕਾਫੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਜਦੋਂ ਵੀ ਉਹ ਮਲਬਾ ਹਟਾਉਂਦੇ ਹਨ ਤਾਂ ਹਵਾ ਲੱਗਣ ਕਾਰਨ ਅੱਗ ਹੋਰ ਤੇਜ਼ ਹੋ ਰਹੀ ਹੈ। ਰਾਹਤ ਕਾਰਜਾਂ 'ਚ ਜੁਟੇ ਕਰਮਚਾਰੀਆਂ ਮੁਤਾਬਕ ਡਿੱਗੀ ਇਮਾਰਤ ਦੇ ਕਈ ਹਿੱਸਿਆਂ ਵਿਚ ਅਜੇ ਵੀ ਕੈਮੀਕਲ ਪਿਆ ਹੋਣ ਕਾਰਨ ਸਮੇਂ-ਸਮੇਂ 'ਤੇ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹਨ, ਜਿਸ ਨਾਲ ਵਾਰ-ਵਾਰ ਅੱਗ ਲੱਗਣ ਨਾਲ ਧੂੰਆਂ ਹੋਣ ਕਾਰਨ ਕੰਮ ਰੋਕਣਾ ਪੈ ਰਿਹਾ ਹੈ।
ਜ਼ਿੰਦਗੀ ਬਚਾਉਣ ਦੀ ਜੰਗ
* ਹਾਲੇ ਤੱਕ 45 ਫੀਸਦੀ ਹੀ ਮਲਬਾ ਹਟਾਇਆ ਜਾ ਸਕਿਆ
* ਹਵਾ ਚੱਲਣ 'ਤੇ ਲੱਗ ਜਾਂਦੀ ਹੈ ਦੁਬਾਰਾ ਅੱਗ
* ਹੁਣ ਵੀ ਕਈ ਜਾਨਾਂ ਦੱਬੀਆਂ ਹਨ ਮਲਬੇ 'ਚ ਤਲਾਸ਼ ਦੇ ਲਈ 'ਫਾਈਡਰ' ਦੀ ਵਰਤੋਂ 
ਫਾਈਡਰ ਮਲਬੇ 'ਚ ਧੜਕ ਰਹੇ ਦਿਲ ਦੀਆਂ ਧੜਕਨਾਂ ਪਤਾ ਕਰਨ ਲਈ ਵਰਤਿਆ ਜਾਂਦਾ ਹੈ।
ਫੌਜ ਅਤੇ ਪੁਲਸ ਮੈਨਪਾਵਰ
* ਐੱਨ. ਡੀ. ਆਰ. ਐੱਫ. ਦੀਆਂ ਟੀਮਾਂ-3, ਹਰ ਇਕ ਟੀਮ 'ਚ ਮੈਨਪਾਵਰ-40, ਐੱਸ. ਡੀ. ਆਰ. ਐੱਫ. ਦੀ-1, ਟੀਮ 'ਚ ਮੈਨਪਾਵਰ-45  
* ਏ. ਸੀ. ਪੀ.-5, ਏ. ਡੀ. ਸੀ. ਪੀ.-2, ਡੀ. ਐੱਸ. ਪੀ.-5, ਐੱਸ. ਐੱਚ. ਓ.-10, ਹੈੱਡ ਕਾਂਸਟੇਬਲ ਅਤੇ ਕਾਂਸਟੇਬਲ-100 ਦੇ ਕਰੀਬ, ਮਹਿਲਾ ਪੁਲਸ ਕਰਮਚਾਰੀ-30 ਦੇ ਕਰੀਬ।
ਮਸ਼ੀਨਰੀ
ਮਲਬਾ ਹਟਾਉਣ ਲਈ 10 ਕ੍ਰੇਨਾਂ ਲੱਗੀਆਂ, ਇਕੋ ਸਮੇਂ 'ਚ 2 ਤੋਂ 3 ਕ੍ਰੇਨਾਂ ਕੰਮ ਕਰ ਰਹੀਆਂ। ਇਸ ਤੋਂ ਇਲਾਵਾ ਨੈਸ਼ਨਲ ਡਿਜ਼ਾਸਟਰ ਟੀਮ ਦੇ ਆਪਣੇ ਵੱਖਰੇ ਤੌਰ 'ਤੇ ਹਥਿਆਰ ਜੋ ਸਰੀਏ ਨੂੰ ਪਿਘਲਾ ਕੇ ਕੱਟ ਰਹੇ ਹਨ ਅਤੇ ਉਸ ਤੋਂ ਬਾਅਦ ਪੂਰੀ ਸਲੈਬ ਉਠਾ ਲਈ ਜਾਂਦੀ ਹੈ।