ਫੈਕਟਰੀ ''ਚੋਂ ਕੁੱਟ-ਮਾਰ ਕੇ ਕੱਢੇ 30 ਪ੍ਰਵਾਸੀ ਮਜ਼ਦੂਰ

Thursday, Mar 15, 2018 - 07:32 AM (IST)

ਫੈਕਟਰੀ ''ਚੋਂ ਕੁੱਟ-ਮਾਰ ਕੇ ਕੱਢੇ 30 ਪ੍ਰਵਾਸੀ ਮਜ਼ਦੂਰ

ਤਪਾ ਮੰਡੀ(ਸ਼ਾਮ, ਗਰਗ)—ਇਥੋਂ ਨੇੜਲੀ ਇਕ ਪ੍ਰਾਈਵੇਟ ਫ਼ੈਕਟਰੀ ਉਸ ਵੇਲੇ ਵਿਵਾਦਾਂ ਦੇ ਘੇਰੇ 'ਚ ਆ ਗਈ ਜਦੋਂ ਮੈਨੇਜਮੈਂਟ ਵੱਲੋਂ ਇਥੇ ਕਰੀਬ ਡੇਢ ਮਹੀਨੇ ਤੋਂ ਕੰਮ ਕਰ ਰਹੇ 30 ਪ੍ਰਵਾਸੀ ਮਜ਼ਦੂਰਾਂ, ਜਿਸ ਵਿਚ ਮਰਦਾਂ ਦੇ ਨਾਲ-ਨਾਲ ਨੌਜਵਾਨ ਲੜਕੀਆਂ ਅਤੇ ਬੱਚੇ ਵੀ ਸ਼ਾਮਲ ਸਨ, ਨੂੰ ਬੀਤੀ ਰਾਤ ਕੁੱਟ-ਮਾਰ ਕੇ ਫ਼ੈਕਟਰੀ 'ਚੋਂ ਸਾਮਾਨ ਸਣੇ ਬਾਹਰ ਕੱਢ ਦਿੱਤਾ ਗਿਆ, ਜਿਸ ਕਾਰਨ ਜਿਥੇ 3 ਲੜਕੀਆਂ ਸਣੇ 6 ਮਜ਼ਦੂਰ ਹਸਪਤਾਲ 'ਚ ਜ਼ੇਰੇ ਇਲਾਜ ਹਨ, ਉਥੇ ਉਨ੍ਹਾਂ ਦਾ ਰਹਿੰਦਾ ਮਿਹਨਤਾਨਾ ਦੇਣ ਤੋਂ ਵੀ ਸਾਫ਼ ਇਨਕਾਰ ਕਰ ਕੇ ਗਾਲੀ-ਗਲੋਚ ਕੀਤੀ ਗਈ।
ਸਹਿਮੇ ਹੋਏ ਇਹ ਪ੍ਰਵਾਸੀ ਮਜ਼ਦੂਰ ਆਪਣੇ ਘਰ ਵਾਪਸੀ ਲਈ ਕਿਰਾਏ 'ਤੇ ਇਕ ਮਿੰਨੀ ਬੱਸ ਲੈ ਕੇ ਲੁਧਿਆਣਾ ਵੱਲ ਚੱਲਣ ਦੀ ਤਿਆਰੀ ਕਰ ਹੀ ਰਹੇ ਸਨ ਅਤੇ ਰੇਲਵੇ ਸਟੇਸ਼ਨ ਤਪਾ ਵਿਖੇ ਪਹੁੰਚੇ ਤਾਂ ਪੱਤਰਕਾਰਾਂ ਨੂੰ ਮਾਮਲੇ ਦੀ ਭਿਣਕ ਪੈ ਗਈ। ਜਦੋਂ ਪੱਤਰਕਾਰ ਸਟੇਸ਼ਨ 'ਤੇ ਪੁੱਜੇ ਤਾਂ ਦੇਖਿਆ ਕਿ ਕੁੱਟ-ਮਾਰ ਦਾ ਸ਼ਿਕਾਰ ਹੋਏ ਇਹ ਪ੍ਰਵਾਸੀ ਮਜ਼ਦੂਰ ਭੁੱਖੇ-ਪਿਆਸੇ ਰੇਲਗੱਡੀ ਆਉਣ ਦੀ ਉਡੀਕ ਕਰ ਰਹੇ ਸਨ। 
ਭੁੱਖੇ-ਪਿਆਸੇ ਰੱਖ ਕੇ 3 ਦਿਨਾਂ ਤੋਂ ਢਾਹਿਆ ਜਾ ਰਿਹਾ ਸੀ ਤਸ਼ੱਦਦ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜ਼ਦੂਰਾਂ ਨੇ ਦੱਸਿਆ ਕਿ ਪਿਛਲੇ 3 ਦਿਨਾਂ ਤੋਂ ਉਨ੍ਹਾਂ 'ਤੇ ਫ਼ੈਕਟਰੀ 'ਚ ਤਸ਼ੱਦਦ ਢਾਹਿਆ ਜਾ ਰਿਹਾ ਸੀ। ਉਨ੍ਹਾਂ ਨੂੰ ਭੁੱਖਾ ਰੱਖ ਕੇ ਉਨ੍ਹਾਂ ਤੋਂ ਕੰਮ ਲਿਆ ਜਾ ਰਿਹਾ ਸੀ ਅਤੇ ਉਨ੍ਹਾਂ ਦੀਆਂ ਨੌਜਵਾਨ ਲੜਕੀਆਂ ਦੀ ਕੁੱਟ-ਮਾਰ ਵੀ ਕੀਤੀ ਗਈ। 
ਬੱਚਿਆਂ ਤੋਂ ਮਜ਼ਦੂਰੀ ਕਰਵਾਉਣ ਦਾ ਦੋਸ਼
ਜ਼ਿਕਰਯੋਗ ਹੈ ਕਿ ਜਬਰ ਦਾ ਸ਼ਿਕਾਰ ਹੋਏ ਇਨ੍ਹਾਂ ਮਜ਼ਦੂਰਾਂ 'ਚ ਵੱਡੀ ਗਿਣਤੀ 'ਚ ਬੱਚੇ ਸ਼ਾਮਲ ਸਨ, ਜਿਨ੍ਹਾਂ ਤੋਂ ਕੰਮ ਕਰਵਾ ਕੇ ਬਾਲ ਮਜ਼ਦੂਰੀ ਐਕਟ ਦੀ ਜਿਥੇ ਉਲੰਘਣਾ ਕੀਤੀ ਜਾ ਰਹੀ ਸੀ, ਉਥੇ ਇਨ੍ਹਾਂ ਤੋਂ ਕੰਮ ਲੈਣ ਦੇ ਬਾਵਜੂਦ ਇਨ੍ਹਾਂ ਨੂੰ ਕੋਈ ਪੈਸਾ ਨਹੀਂ ਸੀ ਦਿੱਤਾ ਜਾਂਦਾ। ਮਜ਼ਦੂਰਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਤੋਂ 11-12 ਘੰਟੇ ਤੱਕ ਕੰਮ ਲਿਆ ਜਾਂਦਾ ਹੈ। ਸਟੇਸ਼ਨ 'ਤੇ ਬੈਠੇ ਪ੍ਰਵਾਸੀ ਮਜ਼ਦੂਰਾਂ ਦੇ ਭੁੱਖੇ ਹੋਣ ਕਾਰਨ ਉਨ੍ਹਾਂ ਨੂੰ ਗੁਰੂ ਘਰ ਤਪਾ 'ਚੋਂ ਲਿਆ ਕੇ ਲੰਗਰ ਛਕਾਇਆ ਗਿਆ।
ਫੈਕਟਰੀ ਦੇ ਉੱਚ ਅਧਿਕਾਰੀ 'ਤੇ ਚੁੱਕੀ ਉਂਗਲੀ
ਮਜ਼ਦੂਰਾਂ ਨੇ ਦੋਸ਼ ਲਾਇਆ ਕਿ 3 ਨੌਜਵਾਨਾਂ ਨੂੰ ਫੈਕਟਰੀ ਵਾਲਿਆਂ ਨੇ ਪੁਲਸ 'ਚ ਫੜਾ ਦਿੱਤਾ ਸੀ ਪਰ ਥਾਣਾ ਮੁਖੀ ਸੁਰਿੰਦਰ ਸਿੰਘ ਅਤੇ ਸਿਟੀ ਇੰਚਾਰਜ ਰਾਮ ਲੁਭਾਇਆ ਨੇ ਉਨ੍ਹਾਂ ਦਾ ਕੋਈ ਕਸੂਰ ਨਾ ਹੋਣ 'ਤੇ ਉਨ੍ਹਾਂ ਨੂੰ ਛੱਡ ਦਿੱਤਾ। ਪਵਨ ਕੁਮਾਰ, ਰਮਾ ਸ਼ੰਕਰ, ਚੰਦਨ ਅਤੇ ਮੋਨੀ, ਪ੍ਰਤਿਮਾ ਅਤੇ ਨੰਦਨੀ, ਜੋ ਸਿਵਲ ਹਸਪਤਾਲ ਤਪਾ 'ਚ ਜ਼ੇਰੇ ਇਲਾਜ ਹਨ, ਨੇ ਦੋਸ਼ ਲਾਇਆ ਕਿ ਫੈਕਟਰੀ ਦੇ ਇਕ ਉਚ-ਅਧਿਕਾਰੀ ਨੇ ਉਨ੍ਹਾਂ ਨੂੰ ਕੁੱਟਿਆ ਹੈ। ਡਾਕਟਰ ਅਨੁਸਾਰ ਇਨ੍ਹਾਂ ਦੇ ਗੁੱਝੀਆਂ ਸੱਟਾਂ ਲੱਗੀਆਂ ਹੋਈਆਂ ਹਨ, ਜਿਨ੍ਹਾਂ ਦੀ ਐੈੱਮ. ਐੈੱਲ. ਸੀ. ਪੁਲਸ ਸਟੇਸ਼ਨ ਤਪਾ ਭੇਜ ਦਿੱਤੀ ਗਈ ਹੈ।  ਇਸ ਮੌਕੇ ਸੰਜੂ ਦੇਵੀ, ਧੀਰਜ ਕੁਮਾਰ, ਸੰਧਿਆ, ਰਾਮਾ ਚੰਦ, ਆਸ਼ਾ ਰਾਣੀ, ਮਾਲਾ ਕੁਮਾਰੀ, ਮਨੋਜ ਕੁਮਾਰ, ਸੁਭਾਸ਼ ਆਦਿ ਵੱਡੀ ਗਿਣਤੀ 'ਚ ਮਜ਼ਦੂਰ ਹਾਜ਼ਰ ਸਨ। ਮਜ਼ਦੂਰਾਂ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਇਸ ਦੀ ਉਚ ਪੱਧਰੀ ਜਾਂਚ ਕੀਤੀ ਜਾਵੇ। 
ਲੜਕੀਆਂ ਦੇ 2 ਗਰੁੱਪਾਂ 'ਚ ਲੜਾਈ ਹੋਣ ਕਾਰਨ ਵਾਪਰੀ ਘਟਨਾ : ਫੈਕਟਰੀ ਅਧਿਕਾਰੀ
ਇਸ ਮਾਮਲੇ ਸਬੰਧੀ ਜਦੋਂ ਫੈਕਟਰੀ ਦੇ ਉਚ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਾਰੇ ਦੋਸ਼ਾਂ ਨੂੰ ਝੂਠਾ ਅਤੇ ਬੇਬੁਨਿਆਦ ਦੱਸਦਿਆਂ ਕਿਹਾ ਕਿ ਲੜਕੀਆਂ ਦੇ 2 ਗਰੁੱਪਾਂ 'ਚ ਲੜਾਈ ਹੋਣ ਕਾਰਨ ਇਹ ਘਟਨਾ ਵਾਪਰੀ ਹੈ, ਜਿਸ ਬਾਰੇ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੈਂ ਤਾਂ ਮਸਲੇ ਨੂੰ ਸੁਲਝਾਉਣ 'ਚ ਲੱਗਿਆ ਹੋਇਆ ਸੀ। ਇਨ੍ਹਾਂ ਦੀ ਤਨਖਾਹ, ਜੋ ਬਕਾਇਆ ਰਹਿੰਦੀ ਹੈ, ਖਾਤਿਆਂ 'ਚ ਪਾ ਦਿੱਤੀ ਜਾਵੇਗੀ। 


Related News