ਨਕਲੀ ਕੈਪਟਨ ਨੇ ਬਠਿੰਡਾ ''ਚ ਵੰਡੇ ਨਕਲੀ ਸਮਾਰਟ ਫੋਨ ਤੇ ਲਾਲੀਪੌਪ

12/04/2017 6:53:46 AM

ਬਠਿੰਡਾ  (ਪਰਮਿੰਦਰ) - ਵਿਧਾਨ ਸਭਾ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਸੀ ਕਿ ਕਾਂਗਰਸ ਸਰਕਾਰ ਬਣਨ 'ਤੇ ਨੌਜਵਾਨਾਂ ਨੂੰ ਸਮਾਰਟ ਫੋਨ ਤੋਹਫੇ ਵਜੋਂ ਦਿੱਤੇ ਜਾਣਗੇ ਪਰ ਇਹ ਅਜੇ ਤੱਕ ਸੰਭਵ ਨਹੀਂ ਹੋ ਸਕਿਆ। ਕੈਪਟਨ ਦੇ ਇਸੇ ਵਾਅਦੇ 'ਤੇ ਵਿਅੰਗ ਕਰਦਿਆਂ ਅੱਜ ਲਾਈਨਪਾਰ ਸੰਘਰਸ਼ ਕਮੇਟੀ ਬਠਿੰਡਾ ਦੇ ਪ੍ਰਧਾਨ ਵਿਜੇ ਕੁਮਾਰ 'ਐੱਮ. ਸੀ.' ਸਲਾਹਕਾਰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਭੇਸ ਬਣਾ ਕੇ ਲੋਕਾਂ ਨੂੰ  ਨਕਲੀ ਸਮਾਰਟ ਫੋਨ ਅਤੇ ਲਾਲੀਪੌਪ ਵੰਡੇ। ਕਮੇਟੀ ਦੇ ਵਰਕਰਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ।
ਇਸ ਮੌਕੇ ਵਿਜੇ ਕੁਮਾਰ ਨੇ ਕਿਹਾ ਕਿ ਕੈਪਟਨ ਨੇ ਵੱਡੇ-ਵੱਡੇ ਵਾਅਦੇ ਕਰ ਕੇ ਅਤੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਸਰਕਾਰ ਤਾਂ ਬਣਾ ਲਈ ਪਰ 10 ਮਹੀਨੇ ਬੀਤ ਜਾਣ ਦੇ ਬਾਵਜੂਦ ਕਾਂਗਰਸ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਕੈਪਟਨ ਨੇ ਕਿਹਾ ਸੀ ਕਿ ਨੌਜਵਾਨਾਂ ਨੂੰ ਸਮਾਰਟ ਫੋਨ ਦਿੱਤੇ ਜਾਣਗੇ, ਜਿਸ ਵਾਸਤੇ ਬਕਾਇਦਾ ਲੱਖਾਂ ਨੌਜਵਾਨਾਂ ਤੋਂ ਫਾਰਮ ਵੀ ਭਰਵਾ ਲਏ ਗਏ। ਹੁਣ ਸਮਝ ਆਇਆ ਹੈ ਕਿ ਉਦੋਂ ਵੋਟਾਂ ਲੈਣ ਖਾਤਰ ਨੌਜਵਾਨ ਵਰਗ ਨੂੰ ਸਿਰਫ ਮੂਰਖ ਹੀ ਬਣਾਇਆ ਗਿਆ ਸੀ। ਇਸ ਗੱਲ ਨੂੰ ਲੈ ਕੇ ਨੌਜਵਾਨ ਵਰਗ 'ਚ ਗੁੱਸਾ ਪੈਦਾ ਹੋ ਰਿਹਾ ਹੈ, ਜੋ 2019 ਦੀਆਂ ਲੋਕ ਸਭਾ ਚੋਣਾਂ 'ਚ ਭਾਂਬੜ ਬਣ ਕੇ ਸਾਹਮਣੇ ਆਵੇਗਾ।