ਫੇਸਬੁੱਕ ਦੀ ਯਾਰੀ ਵਿਆਹੁਤਾ ਨੂੰ ਪਈ ਮਹਿੰਗੀ, ਥਾਣੇ ਤਕ ਜਾ ਪੁੱਜਾ ਮਾਮਲਾ

02/01/2018 11:47:16 AM

ਪਟਿਆਲਾ — ਸ਼ਹਿਰ ਦੀ ਇਕ ਵਿਆਹੁਤਾ ਮਹਿਲਾ ਨੂੰ ਫੇਸਬੁੱਕ ਦੀ ਯਾਰੀ ਨੇ ਉਸ ਸਮੇਂ ਮੁਸ਼ਕਲ 'ਚ ਪਾ ਦਿੱਤਾ, ਜਦ ਉਸ ਦਾ ਫੇਸਬੁੱਕ ਫਰੈਂਡ ਜੋ ਕਿ ਚੰਡੀਗੜ੍ਹ ਦਾ ਰਹਿਣ ਵਾਲਾ ਹੈ, ਰੋਜ਼ ਉਸ ਦੀ ਗਲੀ ਦੀ ਗੇੜੀ ਲਗਾਉਣ ਲੱਗਾ ਤੇ ਉਸ ਨੂੰ ਮਿਲਣ ਲਈ ਮਜ਼ਬੂਰ ਕਰਨ ਲੱਗਾ। ਉਕਤ ਮਹਿਲਾ ਨੇ ਖੁਦ ਨੂੰ ਫਸਦਾ ਦੇਖ ਇਸ ਦੀ ਸ਼ਿਕਾਇਤ ਥਾਣੇ 'ਚ ਦੇ ਕੇ ਨੌਜਵਾਨ ਦੀ ਆਸ਼ਿਕੀ ਦਾ ਭੂਤ ਉਤਾਰਿਆ। 
ਜਾਣਕਾਰੀ ਮੁਤਾਬਕ ਭੁਪਿੰਦਰ ਨਾਮਕ ਇਕ ਨੌਜਵਾਨ ਦੀ ਪਟਿਆਲਾ ਦੀ ਮਹਿਲਾ ਨਾਲ ਦੋਸਤੀ ਹੋ ਗਈ। ਫੇਸਬੁੱਕ 'ਤੇ ਚੈਟ ਦਾ ਸਿਲਸਿਲਾ ਵਧਿਆ ਤਾਂ ਮੋਬਾਈਲ ਨੰਬਰ ਸ਼ੇਅਰ ਹੋ ਗਏ। ਇਸ ਤੋਂ ਬਾਅਦ ਗੱਲਾਂ ਦਾ ਦੌਰ ਵਟਸਐਪ 'ਤੇ ਆ ਗਿਆ। ਵਟਸਐਪ ਚੈਟ ਦੌਰਾਨ ਨੌਜਵਾਨ ਨੇ ਮਹਿਲਾ ਤੋਂ ਉਸ ਦੇ ਘਰ ਦਾ ਪਤਾ ਕੱਢਵਾ ਲਿਆ। ਇਸ ਤੋਂ ਬਾਅਦ ਉਹ ਮਹਿਲਾ ਨੂੰ ਅਸ਼ਲੀਲ ਮੈਸੇਜ ਭੇਜਣ ਲੱਗਾ ਤੇ ਮਿਲਣ ਲਈ ਮਜ਼ਬੂਰ ਕਰਨ ਲੱਗਾ, ਜਦੋਂ ਮਹਿਲਾ ਨੇ ਮਿਲਣ ਤੋਂ ਇਨਕਾਰ ਕੀਤਾ ਤਾਂ ਨੌਜਵਾਨ ਨੇ ਪਤੀ ਨੂੰ ਦੱਸਣ ਦੀ ਧਮਕੀ ਦੇ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਮਹਿਲਾ ਨੇ ਡਰ ਦੇ ਮਾਰੇ ਨੌਜਵਾਨ ਨਾਲ ਮੁਲਾਕਾਤ ਵੀ ਕਰ ਲਈ। ਨੌਜਵਾਨ ਦਾ ਹੌਂਸਲਾ ਵਧਿਆ ਤਾਂ ਉਹ ਮਹਿਲਾ ਦੀ ਗਲੀ 'ਚ ਗੇੜੀ ਮਾਰਨ ਲੱਗਾ। ਹੁਣ ਮਹਿਲਾ ਨੂੰ ਲੱਗਾ ਕਿ ਕੁਝ ਜ਼ਿਆਦਾ ਹੋ ਗਿਆ ਹੈ ਤੇ ਉਸ ਨੇ ਹਿੰਮਤ ਕਰਕੇ ਥਾਣੇ 'ਚ ਉਕਤ ਨੌਜਵਾਨ ਦੇ ਖਿਲਾਫ ਰਿਪੋਰਟ ਲਿਖਵਾ ਦਿੱਤੀ।
ਦੋਸ਼ੀ ਖੁਦ ਨੂੰ ਚੰਡੀਗੜ੍ਹ ਦਾ ਦੱਸ ਰਿਹਾ ਸੀ, ਇਸ ਲਈ ਪੁਲਸ ਨੇ ਮਹਿਲਾ ਤੋਂ ਫੋਨ ਕਰਵਾ ਕੇ ਉਸ ਨੂੰ ਮੰਗਲਵਾਰ ਸ਼ਾਮ ਨੂੰ ਅਰਬਨ ਅਸਟੇਟ 'ਚ ਮਿਲਣ ਲਈ ਬੁਲਾਇਆ। ਜਿਵੇਂ ਹੀ ਨੌਜਵਾਨ ਇਥੇ ਪਹੁੰਚਿਆ ਤਾਂ ਉਥੇ ਪਹਿਲਾਂ ਤੋਂ ਮੌਜੂਦ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ। ਨੌਜਵਾਨ ਸਨੌਰੀ ਅੱਡੇ ਦੇ ਨੇੜੇ ਰਹਿਣ ਵਾਲਾ ਦੋ ਬੱਚਿਆਂ ਦਾ ਪਿਤਾ ਨਿਕਲਿਆ। ਉਸ ਨੇ ਫੇਸਬੁੱਕ 'ਤੇ ਮਹਿਲਾ ਦੀ ਤਸਵੀਰ ਦੇਖ ਕੇ ਉਸ ਨੂੰ ਫਰੈਂਡ ਰਿਕੁਵੇਸਟ ਭੇਜੀ ਤੇ ਸਿਲਸਿਲਾ ਅੱਗੇ ਵਧਦਾ ਹੀ ਗਿਆ। ਅਰਬਨ ਅਸਟੇਟ ਥਾਣੇ ਦੇ ਇਨਵੈਸਟੀਗੇਸ਼ਨ ਅਫਸਰ ਸ਼ਿਵ ਕਿਰਪਾਲ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਵੀਰਵਾਰ ਨੂੰ ਕੋਰਟ 'ਚ ਪੇਸ਼ ਕੀਤਾ ਜਾਵੇਗਾ।