ਫੇਸਬੁਕ ਦੀ ਯਾਰੀ ਨੇ ਪ੍ਰੇਮੀ ਨੂੰ ਕਰਵਾਈ ''ਜੇਲ ਯਾਤਰਾ''

11/27/2018 6:46:44 PM

ਦੇਵੀਗੜ੍ਹ (ਭੁਪਿੰਦਰ) : ਇਥੋਂ ਦੇ ਇਕ ਨੌਜਵਾਨ ਨੇ ਫੇਸਬੁਕ ਰਾਹੀਂ ਇਕ ਸਕੂਲੀ ਵਿਦਿਆਰਥਣ ਵਰਗਲਾ ਲਿਆ ਅਤੇ ਵਿਆਹ ਦੇ ਝਾਂਸਾ ਨਾਲ ਲੈ ਕੇ ਫਰਾਰ ਹੋ ਗਿਆ। ਥਾਣਾ ਜ਼ੁਲਕਾਂ ਦੀ ਪੁਲਸ ਨੇ ਸਖਤ ਮਿਹਨਤ ਤੋਂ ਬਾਅਦ ਬੀਤੇ ਦਿਨ ਦੋਵਾਂ ਨੂੰ ਕਾਬੂ ਕਰ ਲਿਆ। ਪੁਲਸ ਨੇ ਲੜਕੇ ਅਤੇ ਲੜਕੀ ਨੂੰ ਮੈਜਿਸਟ੍ਰੇਟ ਕੋਲ ਪੇਸ਼ ਕੀਤਾ ਗਿਆ। ਪੁਲਸ ਨੇ ਲੜਕੀ ਦੇ ਬਿਆਨ ਦਰਜ ਕਰਵਾ ਕੇ ਲੜਕੀ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗੁਥਮੜਾ ਦੇ ਇਕ ਨੌਜਵਾਨ ਗਗਨਦੀਪ ਸਿੰਘ (21) ਪੁੱਤਰ ਨੱਥਾ ਸਿੰਘ ਨੇ ਦੇਵੀਗੜ੍ਹ ਨੇੜਲੇ ਪਿੰਡ ਦੀ ਸਕੂਲ 'ਚ ਪੜ੍ਹਦੀ ਲੜਕੀ (ਸੋਨੀਆ) ਕਾਲਪਨਿਕ ਨਾਂ ਨਾਲ ਫੇਸਬੁਕ ਰਾਹੀਂ ਦੋਸਤੀ ਕਰ ਲਈ ਸੀ। ਇਸ ਤੋਂ ਬਾਅਦ ਉਨ੍ਹਾਂ ਘਰੋਂ ਭੱਜ ਕੇ ਵਿਆਹ ਕਰਨ ਦਾ ਫੈਸਲਾ ਕਰ ਲਿਆ। ਬੀਤੀ 14 ਨਵੰਬਰ ਦੀ ਰਾਤ ਉਕਤ ਪ੍ਰੇਮੀ ਜੋੜਾ ਘਰੋਂ ਫਰਾਰ ਹੋ ਗਿਆ। ਇਸ ਸਬੰਧੀ ਲੜਕੀ ਦੇ ਪਰਿਵਾਰ ਨੇ ਥਾਣਾ ਜੁਲਕਾਂ ਵਿਖੇ ਲੜਕੀ ਦੇ ਘਰੋਂ ਫਰਾਰ ਹੋਣ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਪ੍ਰੇਮੀ ਜੋੜੇ ਨੂੰ ਕਾਬੂ ਕਰਨ ਲਈ ਲੜਕੇ ਦੇ ਪਰਿਵਾਰ ਵਾਲਿਆਂ ਅਤੇ ਦੋਸਤਾਂ-ਮਿੱਤਰਾਂ ਤੋਂ ਉਸ ਦੀ ਪੁੱਛਗਿੱਛ ਕੀਤੀ ਪਰ ਪੁਲਸ ਦੇ ਹੱਥ ਕੋਈ ਸੁਰਾਗ ਨਾ ਲੱਗਾ। ਇਸ ਦੌਰਾਨ ਥਾਣਾ ਜੁਲਕਾਂ ਦੇ ਸਬ-ਇੰਸਪੈਕਟਰ ਕਰਮਜੀਤ ਸਿੰਘ ਪੁਲਸ ਪਾਰਟੀ ਨਾਲ ਦੇਵੀਗੜ੍ਹ-ਪਿਹੋਵਾ ਰੋਡ 'ਤੇ ਗਸ਼ਤ ਕਰ ਰਹੇ ਸਨ। ਉਨ੍ਹਾਂ ਬੀਬੀਪੁਰ ਦੇ ਬੱਸ ਅੱਡੇ ਬੱਸ ਦੀ ਉਡੀਕ ਕਰਦੇ ਲੜਕਾ-ਲੜਕੀ ਨੂੰ ਦੇਖਿਆ। ਪੁੱਛਗਿੱਛ ਦੌਰਾਨ ਪਛਾਣ ਗਗਨਦੀਪ ਸਿੰਘ ਅਤੇ ਫਰਾਰ ਲੜਕੀ ਸੋਨੀਆ ਵਜੋਂ ਹੋਈ।
ਥਾਣਾ ਮੁਖੀ ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਕਾਬੂ ਕੀਤੇ ਗਗਨਦੀਪ ਸਿੰਘ ਨੇ ਦੱਸਿਆ ਕਿ ਸੋਨੀਆ ਨੂੰ ਲੈ ਕੇ ਪਹਿਲਾਂ ਉਹ ਅੰਬਾਲਾ ਸਟੇਸ਼ਨ 'ਤੇ ਗਏ। ਉਥੋਂ ਉਨ੍ਹਾਂ ਨੇ ਮੁੰਬਈ ਜਾਣ ਦਾ ਫੈਸਲਾ ਕੀਤਾ। ਇਸ ਦੌਰਾਨ ਉਹ 2 ਦਿਨ ਜਬਲਪੁਰ, ਫਿਰ ਅਟਾਰਸੀ, ਹਜ਼ੂਰ ਸਾਹਿਬ, ਕਈ ਦਿਨ ਸੂਰਤ ਅਤੇ ਮੁੰਬਈ ਰਹੇ। ਪੈਸੇ ਖਤਮ ਹੋਣ ਕਰਕੇ ਉਹ ਵਾਪਸ ਪੈਸੇ ਲੈਣ ਲਈ ਆਏ ਸਨ ਜਿੱਥੇ ਉਹ ਪੁਲਸ ਦੇ ਅੜਿੱਕੇ ਚੜ੍ਹ ਗਏ। ਥਾਣਾ ਜੁਲਕਾਂ ਦੀ ਪੁਲਸ ਨੇ ਕਥਿਤ ਦੋਸ਼ੀ ਖਿਲਾਫ ਧਾਰਾ 363, 366-ਏ ਤਹਿਤ ਮੁਕੱਦਮਾ ਨੰਬਰ 117 ਦਰਜ ਕੀਤਾ ਹੈ। ਲੜਕੀ ਦੇ ਮੈਡੀਕਲ ਅਤੇ ਬਿਆਨ ਦੇ ਆਧਾਰ 'ਤੇ ਇਸ ਵਿਚ ਹੋਰ ਵਾਧਾ ਕੀਤਾ ਜਾਵੇਗਾ।