ਇੰਟਰਨੈੱਟ ''ਤੇ ਚੱਲ ਰਿਹਾ ਅੰਤਰਰਾਜੀ ਸੈਕਸ ਰੈਕੇਟ ਬੇਨਕਾਬ

01/11/2018 3:19:41 AM

ਅੰਮ੍ਰਿਤਸਰ,   (ਸੰਜੀਵ)—  ਅੰਮ੍ਰਿਤਸਰ ਸਾਈਬਰ ਕ੍ਰਾਈਮ ਅਤੇ ਟੈਕਨੀਕਲ ਸੈੱਲ ਨੇ ਅੱਜ ਇਕ ਟਰੈਪ ਰਾਹੀਂ ਇੰਟਰਨੈੱਟ ਰਾਹੀਂ ਅੰਤਰਰਾਸ਼ਟਰੀ ਪੱਧਰ 'ਤੇ ਚੱਲ ਰਹੇ ਸੈਕਸ ਰੈਕੇਟ ਨੂੰ ਬੇਨਕਾਬ ਕੀਤਾ ਹੈ, ਜਿਸ ਨਾਲ ਪੁਲਸ ਨੇ ਗਿਰੋਹ 'ਚ ਸ਼ਾਮਲ ਲੜਕੀ ਕੋਮਲ (ਕਾਲਪਨਿਕ ਨਾਂ) ਸਣੇ ਸਾਹਿਲ ਖਜੂਰੀਆ ਅਤੇ ਜਸਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ, ਜਦਕਿ ਗਿਰੋਹ ਦਾ ਸਰਗਣਾ ਪ੍ਰਿੰਸ ਕੁਮਾਰ ਸੰਨੀ ਪੁਲਸ ਦੇ ਹੱਥ ਨਹੀਂ ਲੱਗਿਆ।
ਪ੍ਰਿੰਸ ਨੇ ਇੰਟਰਨੈੱਟ 'ਤੇ ਖੁਦ ਨੂੰ ਏਕਮ ਦੱਸ ਕੇ 'ਕਾਲ ਫਾਰ ਐਸਕਾਰਟ ਸਰਵਿਸ ਵੀ. ਆਈ. ਪੀ. ਸੈਕਸੀ ਕਾਲ ਗਰਲ ਅੰਮ੍ਰਿਤਸਰ' ਦੇ ਨਾਂ ਨਾਲ ਆਪਣਾ ਮੋਬਾਇਲ ਨੰਬਰ ਪਾਇਆ ਹੋਇਆ ਸੀ, ਜੋ ਮੋਟੀ ਰਕਮ ਲੈ ਕੇ ਵੱਡੇ ਹੋਟਲਾਂ 'ਚ ਗਾਹਕਾਂ ਨੂੰ ਲੜਕੀਆਂ ਸਪਲਾਈ ਕਰਦਾ ਸੀ। ਇਹ ਜਾਣਕਾਰੀ ਸੈੱਲ ਦੇ ਇੰਚਾਰਜ ਇੰਸਪੈਕਟਰ ਵਵਿੰਦਰ ਮਹਾਜਨ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਗਿਰੋਹ ਦੇ ਸਰਗਣੇ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 
ਸ਼ੁਰੂਆਤੀ ਜਾਂਚ 'ਚ ਕੀ ਹੋਏ ਖੁਲਾਸੇ?
ਸ਼ੁਰੂਆਤੀ ਜਾਂਚ ਦੌਰਾਨ ਇੰਟਰਨੈੱਟ 'ਤੇ ਚੱਲ ਰਹੇ ਸੈਕਸ ਰੈਕੇਟ 'ਚ ਕਈ ਖੁਲਾਸੇ ਹੋਏ, ਜਿਸ ਵਿਚ ਗਿਰੋਹ ਚਲਾਉਣ ਵਾਲਾ ਗਾਹਕਾਂ ਨੂੰ ਨਹੀਂ ਮਿਲਦਾ ਸੀ। ਮੋਬਾਇਲ 'ਤੇ ਗੱਲ ਹੋਣ ਤੋਂ ਬਾਅਦ ਦੱਸੇ ਗਏ ਟਿਕਾਣੇ 'ਤੇ ਉਸ ਦੇ 2 ਸਾਥੀ ਗੱਡੀ 'ਚ ਲੜਕੀ ਨੂੰ ਲੈ ਕੇ ਆਉਂਦੇ ਅਤੇ ਉਸ ਨੂੰ ਛੱਡ ਕੇ ਤੈਅ ਹੋਈ ਰਕਮ ਲੈ ਜਾਂਦੇ, ਜਿਸ ਵਿਚੋਂ 4 ਹਜ਼ਾਰ ਰੁਪਏ ਲੜਕੀ ਨੂੰ ਮਿਲਦੇ ਅਤੇ ਬਾਕੀ ਗਿਰੋਹ ਦਾ ਸਰਗਣਾ ਆਪਣੇ ਕੋਲ ਰੱਖਦਾ। ਏਕਮ ਦੇ ਨਾਂ ਨਾਲ ਇੰਟਰਨੈੱਟ 'ਤੇ ਸੈਕਸ ਰੈਕੇਟ ਚਲਾ ਰਹੇ ਪ੍ਰਿੰਸ ਕੁਮਾਰ ਨੇ ਲੁਧਿਆਣਾ, ਚੰਡੀਗੜ੍ਹ, ਬਠਿੰਡਾ ਅਤੇ ਜਲੰਧਰ ਤੋਂ ਇਲਾਵਾ ਕਈ ਹੋਰ ਸ਼ਹਿਰਾਂ 'ਚ ਵੀ ਸੈਕਸ ਰੈਕੇਟ ਦਾ ਜਾਲ ਫੈਲਾਇਆ ਹੋਇਆ ਹੈ। ਪੁਲਸ ਨੇ ਜਦੋਂ ਇੰਟਰਨੈੱਟ 'ਤੇ ਦਿੱਤੇ ਮੋਬਾਇਲ ਨੰਬਰ ਦੀ ਲੋਕੇਸ਼ਨ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕਦੇ ਦਿੱਲੀ, ਕਦੇ ਗੁੜਗਾਓਂ ਅਤੇ ਕਦੀ ਚੰਡੀਗੜ੍ਹ 'ਚ ਆ ਰਹੀ ਸੀ।
ਜਲਦੀ ਗ੍ਰਿਫਤਾਰ ਹੋਵੇਗਾ ਸਰਗਣਾ : ਮਹਾਜਨ
ਸਾਈਬਰ ਕ੍ਰਾਈਮ ਅਤੇ ਟੈਕਨੀਕਲ ਸੈੱਲ ਅੰਮ੍ਰਿਤਸਰ ਦੇ ਇੰਚਾਰਜ ਇੰਸਪੈਕਟਰ ਵਵਿੰਦਰ ਮਹਾਜਨ ਦਾ ਕਹਿਣਾ ਹੈ ਕਿ ਇਸ ਗਿਰੋਹ ਨੂੰ ਕੁਝ ਹੱਦ ਤਕ ਅੱਜ ਬੇਨਕਾਬ ਕਰ ਦਿੱਤਾ ਗਿਆ ਹੈ। ਜਲਦੀ ਹੀ ਗਿਰੋਹ ਦੇ ਸਰਗਣੇ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਸਰਗਣੇ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਸੈਕਸ ਰੈਕੇਟ 'ਚ ਸ਼ਾਮਲ ਕਈ ਹੋਰ ਨੌਜਵਾਨਾਂ ਦੇ ਨਾਲ-ਨਾਲ ਕਈ ਲੜਕੀਆਂ ਦੇ ਨਾਂ ਵੀ ਸਾਹਮਣੇ ਆਉਣ ਦੀ ਸੰਭਾਵਨਾ ਹੈ। 
ਕਿਵੇਂ ਲਾਇਆ ਪੁਲਸ ਨੇ ਟਰੈਪ?
ਇੰਟਰਨੈੱਟ 'ਤੇ ਚੱਲ ਰਹੀ ਸੈਕਸ ਰੈਕੇਟ ਦੀ ਸਾਈਟ ਦੇ ਨੈੱਟਵਰਕ ਨੂੰ ਤੋੜਨ ਲਈ ਸਾਈਬਰ ਕ੍ਰਾਈਮ ਸੈੱਲ ਵਲੋਂ ਟਰੈਪ ਲਾਇਆ ਗਿਆ, ਜਿਸ ਵਿਚ ਦਿੱਤੇ ਗਏ ਮੋਬਾਇਲ ਨੰਬਰ 'ਤੇ  ਏ. ਐੱਸ. ਆਈ. ਰੈਂਕ ਦੇ ਇਕ ਅਧਿਕਾਰੀ ਨੂੰ ਗਾਹਕ ਬਣਾ ਕੇ ਭੇਜਿਆ ਗਿਆ, ਜਿਸ ਨੇ ਦਿੱਤੇ ਗਏ ਮੋਬਾਇਲ ਨੰਬਰ 'ਤੇ ਗੱਲ ਕੀਤੀ। ਗੱਲਬਾਤ ਦੌਰਾਨ ਮੁਲਜ਼ਮ ਨੇ ਆਪਣਾ ਨਾਂ ਏਕਮ ਦੱਸਿਆ ਅਤੇ ਲੜਕੀ ਸਪਲਾਈ ਕਰਨ ਲਈ 20 ਹਜ਼ਾਰ ਰੁਪਏ ਮੰਗੇ ਪਰ ਸੌਦਾ 17 ਹਜ਼ਾਰ ਰੁਪਏ 'ਚ ਤੈਅ ਹੋ  ਗਿਆ। ਲੜਕੀ ਸਪਲਾਈ ਕਰਨ ਵਾਲੇ ਏਕਮ ਨੇ ਫਰਜ਼ੀ ਗਾਹਕ ਬਣੇ ਪੁਲਸ ਅਧਿਕਾਰੀ ਨੂੰ ਸ਼ਹਿਰ ਦੇ ਇਕ ਵੱਡੇ ਹੋਟਲ 'ਚ ਕਮਰਾ ਬੁੱਕ ਕਰਵਾਉਣ ਲਈ ਕਿਹਾ ਅਤੇ ਦੱਸੀ ਗਈ ਥਾਂ 'ਤੇ ਪਹੁੰਚਣ ਦੀ ਗੱਲ ਕਹੀ। ਇਸ 'ਤੇ ਪੁਲਸ ਅਧਿਕਾਰੀ ਸਿਵਲ ਵਰਦੀ 'ਚ ਦੱਸੀ ਗਈ ਥਾਂ 'ਤੇ ਜਾ ਕੇ ਖੜ੍ਹਾ ਹੋ ਗਿਆ, ਜਿਥੇ ਇਕ ਚਿੱਟੇ ਰੰਗ ਦੀ ਵਰਨਾ ਗੱਡੀ (ਪੀ ਬੀ 02 ਡੀ ਡੀ 7061) ਆ ਕੇ ਰੁਕੀ। ਉਸ ਵਿਚ 2 ਨੌਜਵਾਨ ਅਤੇ ਇਕ ਲੜਕੀ ਸਵਾਰ ਸਨ। ਜਿਵੇਂ ਉਨ੍ਹਾਂ 'ਚ ਗੱਲਬਾਤ ਸ਼ੁਰੂ ਹੋਈ ਪੁਲਸ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਏਕਮ ਨਾਂ ਦਾ ਕੋਈ ਵਿਅਕਤੀ ਨਹੀਂ ਹੈ, ਗਿਰੋਹ ਨੂੰ ਚਲਾਉਣ ਵਾਲੇ ਦਾ ਨਾਂ ਪ੍ਰਿੰਸ ਕੁਮਾਰ ਉਰਫ ਸੰਨੀ ਹੈ, ਜੋ ਇੰਟਰਨੈੱਟ ਰਾਹੀਂ ਮਿਲਣ ਵਾਲੇ ਗਾਹਕਾਂ ਨੂੰ ਉਨ੍ਹਾਂ ਕੋਲ ਅੱਗੇ ਭੇਜਦਾ ਹੈ। ਪੁਲਸ ਫਰਾਰ ਸੰਨੀ ਦੀ ਭਾਲ ਕਰ ਰਹੀ ਹੈ।