ਆਦਮਪੁਰ ਹਲਕੇ ਦੇ ਚੋਣ ਮੈਦਾਨ ’ਚ ਨਿੱਤਰੇ ਭਗਵੰਤ ਮਾਨ ਬੋਲੇ, ਦਿੱਲੀ ਤੇ ਪੰਜਾਬ ਤੋਂ ਬਾਅਦ ਹੁਣ ਹਰਿਆਣਾ ਦੀ ਵਾਰੀ

10/26/2022 6:26:46 PM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਭਰ 'ਚ ਬਦਲਾਅ ਦੀ ਹਵਾ ਚੱਲ ਰਹੀ ਹੈ। ਗੁਜਰਾਤ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੇ ਲੋਕ ਇਸ ਬਦਲਾਅ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਹਨ। ਵਿਧਾਨ ਸਭਾ ਹਲਕਾ ਆਦਮਪੁਰ (ਹਰਿਆਣਾ) 'ਚ ‘ਆਪ’ ਦੇ ਉਮੀਦਵਾਰ ਸਤਿੰਦਰ ਸਿੰਘ ਦੇ ਹੱਕ ਵਿੱਚ ਜ਼ੋਰਦਾਰ ਪ੍ਰਚਾਰ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਡੇ ’ਤੇ ਵਿਸ਼ਵਾਸ ਕਰ ਕੇ ਵੋਟਾਂ ਪਾਈਆਂ ਹਨ, ਅਸੀਂ ਇਸ ਭਰੋਸੇ ਨੂੰ ਟੁੱਟਣ ਨਹੀਂ ਦੇਵਾਂਗੇ। ਉਨ੍ਹਾਂ ਕਿਹਾ ਕਿ ਹੁਣ ਹਰਿਆਣਾ ਦੀ ਵਾਰੀ ਹੈ ਅਤੇ ਹਰਿਆਣਾ 'ਚ ਇਸ ਬਦਲਾਅ ਦਾ ਆਧਾਰ ਆਦਮਪੁਰ ਵਿਧਾਨ ਸਭਾ ਹਲਕੇ ਨਾਲ ਬੰਨ੍ਹਿਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਹਰਿਆਣਾ ਦੇ ਲੋਕ ਬਿਹਤਰ ਸਿਹਤ ਅਤੇ ਸਿੱਖਿਆ ਸਹੂਲਤਾਂ ਅਤੇ ਬਿਹਤਰ ਪ੍ਰਸ਼ਾਸਨ ਚਾਹੁੰਦੇ ਹਨ ਤਾਂ ਸਾਡੇ 'ਤੇ ਭਰੋਸਾ ਕਰਨ ਅਤੇ ਇਸ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਵੇਗਾ।


ਭਗਵੰਤ ਮਾਨ ਨੇ ਕਿਹਾ ਕਿ ਦਿੱਲੀ 'ਚ ਸ਼ੁਰੂ ਕੀਤੇ ‘ਮੁਹੱਲਾ ਕਲੀਨਿਕਾਂ’ ਦਾ ਕ੍ਰਾਂਤੀਕਾਰੀ ਕਦਮ ਹੁਣ ‘ਆਮ ਆਦਮੀ ਕਲੀਨਿਕਾਂ’ ਦੇ ਰੂਪ 'ਚ ਪੰਜਾਬ ਵਿੱਚ ਸਫ਼ਲਤਾ ਦੇ ਨਵੇਂ ਆਯਾਮ ਸਿਰਜ ਰਿਹਾ ਹੈ ਅਤੇ ਹਰ ਰੋਜ਼ ਸੈਂਕੜੇ ਲੋਕ ਇਨ੍ਹਾਂ ਕਲੀਨਿਕਾਂ ਰਾਹੀਂ ਮੁਫ਼ਤ ਮੈਡੀਕਲ ਅਤੇ ਮੈਡੀਕਲ ਟੈਸਟ ਕਰਵਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਦੇ ਸਿੱਖਿਆ ਮਾਡਲ ਨੇ ਪੂਰੀ ਦੁਨੀਆ ਵਿੱਚ ਜ਼ੋਰ ਫੜਿਆ ਹੈ ਅਤੇ ਹੁਣ ਪੰਜਾਬ ਵਿੱਚ ਸਿੱਖਿਆ ਦੇ ਖੇਤਰ 'ਚ ਅਹਿਮ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ।


ਭਗਵੰਤ ਮਾਨ ਨੇ ਕਿਹਾ ਕਿ ਇਸ ਸਮੇਂ ਦੇਸ਼ ਸਿਆਸੀ ਬਦਲਾਅ ਵੱਲ ਵਧ ਰਿਹਾ ਹੈ ਅਤੇ ਲੋਕ ਬਦਲਾਅ ਲਈ ਕਾਂਗਰਸ ਅਤੇ ਭਾਜਪਾ ਤੋਂ ਅੱਗੇ ਜਾ ਕੇ ਹੋਰ ਸਿਆਸੀ ਤਬਦੀਲੀਆਂ ਦੀ ਤਲਾਸ਼ ਕਰ ਰਹੇ ਹਨ। ਮਾਨ ਨੇ ਕਿਹਾ ਕਿ ਇਸ ਸਿਆਸੀ ਤਬਦੀਲੀ ਦਾ ਆਧਾਰ ਗੁਜਰਾਤ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਨਾਲ ਬੰਨ੍ਹਿਆ ਜਾਵੇਗਾ ਅਤੇ ਚੋਣਾਂ ਵਿੱਚ ਜਿੱਤ ਤੋਂ ਬਾਅਦ ਇਨ੍ਹਾਂ ਰਾਜਾਂ 'ਚ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇਗੀ।


ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਨੀਤੀਆਂ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਪਣੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦਿੱਤੀ ਹੈ, ਜੋ ਕਿ 2004 'ਚ ਬੰਦ ਕਰ ਦਿੱਤੀ ਗਈ ਸੀ। ਇਸ ਤੋਂ ਇਲਾਵਾ ਮੁਲਾਜ਼ਮਾਂ ਨੂੰ 6 ਫੀਸਦੀ ਮਹਿੰਗਾਈ ਭੱਤਾ ਦਿੱਤਾ ਗਿਆ ਹੈ ਤਾਂ ਜੋ ਮੁਲਾਜ਼ਮਾਂ ਨੂੰ ਮਹਿੰਗਾਈ ਦੇ ਪ੍ਰਭਾਵ ਤੋਂ ਬਚਾਇਆ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ 'ਚ ਹਰ ਬਿਜਲੀ ਬਿੱਲ 'ਤੇ 600 ਯੂਨਿਟ ਦੀ ਛੋਟ ਦਿੱਤੀ ਗਈ ਹੈ। ਇਸ ਕਾਰਨ ਕਰੀਬ 50 ਲੱਖ ਖਪਤਕਾਰਾਂ ਦਾ ਬਿਜਲੀ ਬਿੱਲ ਜ਼ੀਰੋ 'ਤੇ ਆ ਗਿਆ ਹੈ।

ਇਹ ਵੀ ਪੜ੍ਹੋ : ਮਾਪਿਆਂ ਦੇ ਸੁਫ਼ਨੇ ਪੂਰੇ ਕਰਨ 'ਚ ਲੱਗੀ ਨੇਤਰਹੀਣ ਧੀ, ਮਿਊਜ਼ਿਕ ਟੀਚਰ ਬਣ ਕਰਨਾ ਚਾਹੁੰਦੀ ਹੈ ਸੇਵਾ (ਵੀਡੀਓ)

Mandeep Singh

This news is Content Editor Mandeep Singh