ਮਹਿੰਗੇ ਮੁੱਲ ਕਿਤਾਬਾਂ ਵੇਚਣ ਦਾ ਮਾਮਲਾ :ਪ੍ਰਿੰਸੀਪਲ ਤੇ ਬਾਂਸਲ ਬੁੱਕ ਸਟੋਰ ਦੇ ਮਾਲਕ ’ਤੇ ਪਰਚਾ

04/15/2020 12:10:18 PM

ਜ਼ੀਰਾ (ਅਕਾਲੀਆਂਵਾਲਾ) - ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਕਰਫਿਊ ਲਗਾਇਆ ਗਿਆ ਹੈ। ਕਰਫਿਊ ਦੇ ਦੌਰਾਨ ਸਿੱਖਿਆ ਮੰਤਰੀ ਪੰਜਾਬ ਵਲੋਂ ਪ੍ਰਾਈਵੇਟ ਸਕੂਲਾਂ ਨੂੰ ਜਾਰੀ ਕੀਤੇ ਆਦੇਸ਼ਾਂ ਦੇ ਬਾਵਜੂਦ ਵਿਦਿਆਰਥੀਆਂ ਦੇ ਮਾਪਿਆਂ ਦੀ ਮਜਬੂਰੀ ਦਾ ਨਾਜਾਇਜ਼ ਫਾਇਦਾ ਉਠਾਉਣ ਲਈ ਸਥਾਨਕ ਸ਼ਹਿਰ ਦੇ ਇਕ ਪ੍ਰਾਈਵੇਟ ਸਕੂਲ ਤੇ ਬੁੱਕ ਸ਼ਾਪ ਦੇ ਮਾਲਕ ਵਲੋਂ ਮਿਲੀਭੁਗਤ ਕਰਕੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਮਹਿੰਗੇ ਮੁੱਲ ਕਿਤਾਬਾਂ ਵੇਚਣ ਦੀ ਸ਼ਿਕਾਇਤ ਮਿਲਣ ਦਾ ਮਾਮਲਾ ਸਾਹਮਣੇ ਆਇਆ । ਸ਼ਿਕਾਇਤ ਮਿਲਣ ’ਤੇ ਥਾਣਾ ਸਿਟੀ ਜ਼ੀਰਾ ਦੀ ਪੁਲਸ ਨੇ ਸਬੰਧਿਤ ਸਕੂਲ ਪ੍ਰਿੰਸੀਪਲ ਅਤੇ ਦੁਕਾਨ ਮਾਲਕ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ। 

ਸ੍ਰੀਮਤੀ ਕੁਲਵਿੰਦਰ ਕੌਰ ਜ਼ਿਲਾ ਸਿੱਖਿਆ ਅਫ਼ਸਰ ਫ਼ਿਰੋਜ਼ਪੁਰ ਨੇ ਥਾਣਾ ਸਿਟੀ ਜ਼ੀਰਾ ਦੀ ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਦੱਸਿਆ ਕਿ ਉਨ੍ਹਾਂ ਨੂੰ ਐਮਬਰੋਜੀਅਲ ਪਬਲਿਕ ਸਕੂਲ ਜ਼ੀਰਾ ਵਿਖੇ ਪੜ੍ਹ ਰਹੇ ਵਿਦਿਆਰਥੀਆਂ ਦੇ ਮਾਪਿਆਂ ਤੋਂ ਬਹੁਤ ਸਾਰੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਕੂਲ ਦਾ ਪ੍ਰਿੰਸੀਪਲ ਅਤੇ ਬਾਂਸਲ ਬੁੱਕ ਸਟੋਰ ਜ਼ੀਰਾ ਦਾ ਮਾਲਕ ਚੰਦਰ ਬਾਂਸਲ ਆਪਸ ਵਿਚ ਕਥਿਤ ਤੌਰ ’ਤੇ ਮਿਲੀਭੁਗਤ ਕਰਕੇ ਕੋਰੋਨਾ ਦੀ ਮਹਾਮਾਰੀ ਦੇ ਚੱਲਦਿਆਂ ਕਰਫਿਊ ਦੌਰਾਨ ਆਪਣੀ ਦੁਕਾਨ ਦਾ ਚੋਰੀ ਛੁਪੇ ਸ਼ਟਰ ਖੋਲ੍ਹ ਕੇ ਨਿਰਧਾਰਤ ਕੀਮਤ ਤੋਂ ਵੱਧ ਮੁੱਲ ’ਤੇ ਵਿਦਿਆਰਥੀਆਂ ਨੂੰ ਕਿਤਾਬਾਂ ਖਰੀਦਣ ਲਈ ਮਜਬੂਰ ਕਰ ਰਹੇ ਹਨ। ਉਹ ਵੇਚੀਆਂ ਗਈਆਂ ਕਿਤਾਬਾਂ ਦਾ ਕੋਈ ਬਿੱਲ ਜਾਂ ਰਸੀਦ ਵੀ ਨਹੀਂ ਦੇ ਰਹੇ, ਜੋ ਪੰਜਾਬ ਸਰਕਾਰ ਵਲੋਂ ਜਾਰੀ ਆਦੇਸ਼ਾਂ ਦੀ ਸ਼ਰੇਆਮ ਉਲੰਘਣਾ ਹੈ।

ਪੜ੍ਹੋ ਇਹ ਵੀ ਖਬਰ - ਨੌਜਵਾਨ ਦਾ ਖੌਫਨਾਕ ਕਾਰਾ : ਇਕੱਲੀ ਦੇਖ ਔਰਤ ਨੂੰ ਤੇਲ ਪਾ ਜਿਊਂਦਾ ਸਾੜਿਆ

ਪੜ੍ਹੋ ਇਹ ਵੀ ਖਬਰ - ਸ੍ਰੀ ਹਰਿਮੰਦਰ ਸਾਹਿਬ ਦੇ ਦੁਆਲੇ ਪੁਲਸ ਵਲੋਂ ਸਖ਼ਤ ਘੇਰਾਬੰਦੀ, ਨਹੀਂ ਆ ਸਕੀਆਂ ਸੰਗਤਾਂ (ਤਸਵੀਰਾਂ)

ਥਾਣਾ ਸਿਟੀ ਜ਼ੀਰਾ ਦੀ ਪੁਲਸ ਨੇ ਜ਼ਿਲਾ ਸਿੱਖਿਆ ਅਫ਼ਸਰ ਮੈਡਮ ਕੁਲਵਿੰਦਰ ਕੌਰ ਦੇ ਬਿਆਨ ’ਤੇ ਐਮਬਰੋਜੀਅਲ ਪਬਲਿਕ ਸਕੂਲ ਜ਼ੀਰਾ ਦੇ ਪ੍ਰਿੰਸੀਪਲ ਅਤੇ ਬਾਂਸਲ ਬੁੱਕ ਸਟੋਰ ਦੇ ਮਾਲਕ ਚੰਦਰ ਬਾਂਸਲ ਖਿਲਾਫ ਅਪਰਾਧ ਦੀ ਧਾਰਾ 420,120 ਬੀ ਅਤੇ 188 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਉਧਰ ਅਬਰੋਜੀਅਲ ਸਕੂਲ ਦੇ ਚੇਅਰਮੈਨ ਸਤਨਾਮ ਸਿੰਘ ਬੁੱਟਰ ਨੇ ਕਿਹਾ ਕਿ ਅਸੀਂ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਕੋਲ ਆਪਣਾ ਪੱਖ ਪੇਸ਼ ਕਰਾਂਗੇ। ਕਿਉਂਕਿ ਇਸ ਸਕੂਲ ਨਾਲ ਜੁੜੇ ਢਾਈ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਅਤੇ 300 ਦੇ ਕਰੀਬ ਅਧਿਆਪਕਾਂ ਸਮੇਤ ਹੋਰ ਕਾਮਿਆਂ ਦੇ ਭਵਿੱਖ ਦਾ ਸਵਾਲ ਹੈ। ਜੋ ਕਾਰਵਾਈ ਕੀਤੀ ਗਈ ਹੈ ਉਸ ਵਿੱਚ ਸਾਡਾ ਪੱਖ ਅਤੇ ਨਹੀਂ ਸੁਣਿਆ ਗਿਆ।

ਸਿੱਖਿਆ ਵਿਭਾਗ ਦੇ ਡਾਇਰੈਕਟਰ ਨੇ ਸਕੂਲ ਦੀ ਮਾਨਤਾ ਰੱਦ ਕਰਨ ਲਈ ISC ਇਕ ਕੌਂਸਲ ਨੂੰ ਪੱਤਰ ਲਿਖਿਆ
ਸਟਾਫ਼ ਵਲੋਂ ਕਰਫਿਊ ਦੌਰਾਨ ਸਿੱਖਿਆ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਤੇ ਸਿੱਖਿਆ ਵਿਭਾਗ ਪੰਜਾਬ ਦੇ ਡਾਇਰੈਕਟਰ ਨੇ ਆਈ ਐੱਸ.ਸੀ.ਈ. ਕੌਂਸਲ ਨੂੰ ਇਸ ਸਕੂਲ ਦੀ ਮਾਨਤਾ ਰੱਦ ਕਰਨ ਲਈ ਇਕ ਵੱਖਰਾ ਪੱਤਰ ਲਿਖਿਆ। ਇਸ ’ਚ ਵਿਸ਼ੇਸ਼ ਤੌਰ ’ਤੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਕੋਰੋਨਾ ਦੀ ਮਹਾਮਾਰੀ ਦੇ ਚੱਲਦਿਆਂ ਇਸ ਸਕੂਲ ਵਲੋਂ ਬਾਂਸਲ ਬੁੱਕ ਸਟੋਰ ਦੇ ਮਾਲਕ ਨਾਲ ਮਿਲੀਭੁਗਤ ਕਰਕੇ ਵਿਦਿਆਰਥੀਆਂ ਦੇ ਮਾਪਿਆਂ ਦਾ ਨਾਜਾਇਜ਼ ਫਾਇਦਾ ਉਠਾਉਂਦਾ ਹੈ। ਇਸ ਦੇ ਸਬੰਧ ਵਿਚ ਜ਼ਿਲਾ ਸਿੱਖਿਆ ਅਫ਼ਸਰ ਫ਼ਿਰੋਜ਼ਪੁਰ ਮੈਡਮ ਕੁਲਵਿੰਦਰ ਕੌਰ ਵਲੋਂ ਇਸ ਸਕੂਲ ਦੇ ਪ੍ਰਬੰਧਕਾਂ ਨੂੰ ਕੱਢੇ ਗਏ ਕਾਰਨ ਦੱਸੋ ਨੋਟਿਸ ਦਾ ਉਹ ਕੋਈ ਵੀ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ, ਜਿਸ ਦੇ ਆਧਾਰ ’ਤੇ ਇਸ ਸਕੂਲ ਦੀ ਮਾਨਤਾ ਰੱਦ ਕੀਤੀ ਜਾਵੇ ਅਤੇ ਬਾਂਸਲ ਬੁੱਕ ਸਟੋਰ ਦੇ ਮਾਲਕ ਚੰਦਨ ਬਾਂਸਲ ਦੇ ਖਿਲਾਫ ਵੀ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇ ।

rajwinder kaur

This news is Content Editor rajwinder kaur