ਐਕਸਾਈਜ਼ ਵਿਭਾਗ ਨੇ ਸ਼ਕਰੀ ਤੋਂ ਬਰਾਮਦ ਕੀਤਾ ਲਾਹਣ ਦਾ ਵੱਡਾ ਜ਼ਖੀਰਾ

12/12/2017 7:21:32 AM

ਤਰਨਤਾਰਨ (ਰਾਜੂ, ਰਮਨ)- ਦੇਰ ਸ਼ਾਮ ਜ਼ਿਲਾ ਤਰਨਤਾਰਨ ਦੇ ਅਧੀਨ ਆਉਂਦੇ ਥਾਣਾ ਸਰਹਾਲੀ ਦੇ ਪਿੰਡ ਸ਼ਕਰੀ ਵਿਖੇ ਪੁਲਸ ਅਤੇ ਐਕਸਾਈਜ਼ ਵਿਭਾਗ ਦੀ ਟੀਮ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਵੱਡੀ ਮਾਤਰਾ 'ਚ ਲਾਹਣ ਦਾ ਵੱਡਾ ਜ਼ਖੀਰਾ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਸੂਤਰਾਂ ਮੁਤਾਬਕ ਪੁਲਸ ਵੱਲੋਂ ਫੜੀ ਗਈ ਲਾਹਣ ਸਮੇਤ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਰ ਤੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਹਰਭਜਨ ਸਿੰਘ ਮੰਡ ਨੇ ਦੱਸਿਆ ਕਿ ਉਨ੍ਹਾਂ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਥਾਣਾ ਸਰਹਾਲੀ ਦੇ ਐੱਸ. ਐੱਚ. ਓ. ਕਮਲਪ੍ਰੀਤ ਸਿੰਘ ਦੇ ਨਾਲ ਪਿੰਡ ਸ਼ਕਰੀ ਵਿਖੇ ਇਕ ਹਵੇਲੀ ਵਿਚ ਪਏ ਅੱਠ ਡਰੰਮ, ਲਾਹਣ ਨਾਲ ਭਰੀਆਂ ਹੋਈਆਂ ਕਰੀਬ 20 ਛੋਟੀਆਂ ਡਰੱਮੀਆਂ ਤੇ 50 ਬੋਤਲਾਂ ਨਾਜਾਇਜ਼ ਲਾਹਣ ਦੀਆਂ ਬਰਾਮਦ ਕੀਤੀਆਂ ਹਨ। ਇਸ ਛਾਪੇਮਾਰੀ ਵਿਚ ਕੁਝ ਲੋਕਾਂ ਨੂੰ ਥਾਣਾ ਸਰਹਾਲੀ ਦੀ ਪੁਲਸ ਵੱਲੋਂ ਪੁੱਛਗਿੱਛ ਦੇ ਲਈ ਹਿਰਾਸਤ ਵਿਚ ਲੈ ਲਿਆ ਗਿਆ ਹੈ। ਇਸ ਤੋਂ ਇਲਾਵਾ ਪਿੰਡ ਸ਼ਕਰੀ ਦੇ ਹੋਰ ਖੇਤਰਾਂ ਵਿਚ ਵੀ ਲਾਵਾਰਿਸ ਲਾਹਣ ਬਰਾਮਦ ਹੋਈ ਹੈ, ਜਿਸਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇੰਸਪੈਕਟਰ ਹਰਭਜਨ ਸਿੰਘ ਮੰਡ ਨੇ ਦੱਸਿਆ ਕਿ ਇਹ ਕਾਰਵਾਈ ਕਰ ਤੇ ਆਬਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਸੁਖਚੈਨ ਸਿੰਘ ਦੇ ਹੁਕਮਾਂ 'ਤੇ ਕੀਤੀ ਗਈ ਹੈ। ਖਬਰ ਲਿਖੇ ਜਾਣ ਤਕ ਪੁਲਸ ਵੱਲੋਂ ਮਾਮਲਾ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਸੀ। 
ਇਸ ਸਬੰਧ ਵਿਚ ਜਦੋਂ ਥਾਣਾ ਸਰਹਾਲੀ ਦੇ ਐੱਸ. ਅੱੈਚ. ਓ. ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਅਜੇ ਕੁਝ ਨਹੀਂ ਕਹਿਣਾ ਚਾਹੁੰਦੇ। ਇਸ ਦੀ ਜਾਣਕਾਰੀ ਮੀਡੀਆ ਨੂੰ ਅਗਲੇ ਦਿਨ ਦੇ ਦਿੱਤੀ ਜਾਵੇਗੀ।