ਆਬਕਾਰੀ ਵਿਭਾਗ ਨੇ ਬਰਾਮਦ ਕੀਤੀ 1600 ਲੀਟਰ ਲਾਹਨ

12/21/2017 3:36:40 PM

ਕਪੂਰਥਲਾ (ਗੌਰਵ)- 'ਜਗ ਬਾਣੀ' 'ਚ ਪ੍ਰਕਾਸ਼ਿਤ ਖਬਰ ਨੇ ਉਸ ਵੇਲੇ ਆਪਣਾ ਅਸਰ ਦਿਖਾਇਆ ਜਦੋਂ ਆਬਕਾਰੀ ਵਿਭਾਗ ਦੀ ਸੁਸਤ ਕਾਰਜਪ੍ਰਣਾਲੀ ਦੇ ਕਾਰਨ ਸ਼ਹਿਰ 'ਚ ਚਲ ਰਹੇ ਕਈ ਢਾਬਿਆਂ 'ਚ ਵੱਡੇ ਪੱਧਰ 'ਤੇ ਨਾਜਾਇਜ਼ ਸ਼ਰਾਬ ਪਿਲਾਉਣ ਨੂੰ ਲੈ ਕੇ ਛਪੀ ਖਬਰ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਿੱਥੇ ਆਬਕਾਰੀ ਵਿਭਾਗ ਦੀ ਵਿਸ਼ੇਸ਼ ਟੀਮ ਨੇ ਕਪੂਰਥਲਾ ਸ਼ਹਿਰ ਅਤੇ ਆਸ-ਪਾਸ ਦੇ ਮੰਡ ਖੇਤਰ 'ਚ ਛਾਪਾਮਾਰੀ ਕਰਦੇ ਹੋਏ 1600 ਲਿਟਰ ਲਾਹਨ ਬਰਾਮਦ ਕੀਤੀ। ਉਥੇ ਹੀ ਸ਼ਹਿਰ ਦੇ ਕਈ ਢਾਬਿਆਂ 'ਚ ਚੈਕਿੰਗ ਕਰਦੇ ਹੋਏ ਕਈ ਢਾਬਾ ਮਾਲਕਾਂ ਕੋਲੋਂ ਲਿਖਤੀ ਤੌਰ 'ਤੇ ਸ਼ਰਾਬ ਨਾ ਪਿਲਾਉਣ ਸਬੰਧੀ ਮਾਫੀਨਾਮਾ ਲਿਆ ਗਿਆ। 
ਜ਼ਿਕਰਯੋਗ ਹੈ ਕਿ ਸ਼ਹਿਰ 'ਚ ਕਈ ਢਾਬਾ ਮਾਲਕਾਂ ਵਲੋਂ ਆਪਣੇ ਢਾਬਿਆਂ 'ਚ ਸ਼ਾਮ ਪੈਂਦੇ ਹੀ ਸ਼ਰਾਬ ਪਿਲਾਉਣ ਨੂੰ ਲੈ ਕੇ 'ਜਗ ਬਾਣੀ' ਨੇ ਪੂਰਾ ਬਿਊਰਾ ਪ੍ਰਕਾਸ਼ਿਤ ਕੀਤਾ ਸੀ। ਜਿਸ ਨੂੰ ਲੈ ਕੇ ਆਬਕਾਰੀ ਵਿਭਾਗ ਨੇ ਸੀਨੀਅਰ ਅਫਸਰਾਂ ਨਾਲ ਸੰਪਰਕ ਕੀਤਾ ਗਿਆ ਸੀ। ਜਿਸ ਨੇ ਉਸ ਵੇਲੇ ਆਪਣਾ ਭਾਰੀ ਅਸਰ ਵਿਖਾਇਆ ਜਦੋਂ ਆਬਕਾਰੀ ਵਿਭਾਗ ਕਪੂਰਥਲਾ ਦੇ ਇੰਸਪਕੈਟਰ ਰਣ ਬਹਾਦਰ ਸਿੰਘ ਨੇ ਪੁਲਸ ਟੀਮ ਨੂੰ ਨਾਲ ਲੈ ਕੇ ਸ਼ਹਿਰ ਦੇ ਵੱਖ-ਵੱਖ ਢਾਬਿਆਂ ਦੀ ਚੈਕਿੰਗ ਕਰਦੇ ਹੋਏ ਸ਼ਰਾਬ ਨਾ ਪਿਲਾਉਣ ਸਬੰਧੀ ਹਦਾਇਤ ਦਿੱਤੀ। ਉਥੇ ਹੀ ਪਿੰਡ ਲੱਖਣ ਕਲਾਂ ਦੇ ਨਜ਼ਦੀਕ ਕਾਲੀ ਵੇਈਂ ਦੇ ਕਿਨਾਰੇ ਮੰਡ ਖੇਤਰ 'ਚ ਕੀਤੇ ਸਰਚ ਆਪਰੇਸ਼ਨ ਦੌਰਾਨ ਸ਼ਰਾਬ ਬਣਾਉਣ ਦੀ ਤਿਆਰੀ ਕਰ ਰਹੀ ਸ਼ਰਾਬ ਮਾਫੀਆ 'ਤੇ ਕਾਰਵਾਈ ਕਰਦੇ ਹੋਏ 7 ਡਰੰਮਾਂ ਅਤੇ 4 ਕੈਨੀਆਂ 'ਚ ਪਈ 1600 ਲਿਟਰ ਲਾਹਨ ਬਰਾਮਦ ਕੀਤੀ। ਜਿਸ ਦੌਰਾਨ ਟੀਮ ਨੂੰ ਦੇਖ ਕੇ ਮੁਲਜ਼ਮ ਮੌਕੇ ਤੋਂ ਭੱਜ ਗਏ।