ਅਚਾਨਕ ਗੋਲੀ ਚੱਲਣ ਨਾਲ ਸਾਬਕਾ ਫੌਜੀ ਦੀ ਮੌਤ

07/19/2018 7:37:41 AM

ਮੋਗਾ (ਅਜ਼ਾਦ) : ਬੁੱਧਵਾਰ ਸਵੇਰੇ ਐੱਮ.ਪੀ. ਬਸਤੀ ਲੰਡੇਕੇ 'ਚ ਅਚਾਨਕ ਗੋਲੀ ਲੱਗਣ ਨਾਲ ਸਾਬਕਾ ਫੌਜੀ ਮਨਜੀਤ ਸਿੰਘ (45) ਜੋ ਤਿੰਨ ਬੱਚਿਆਂ ਦਾ ਪਿਤਾ ਸੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਨਜੀਤ ਸਿੰਘ ਪੁੱਤਰ ਕਰਨੈਲ ਸਿੰਘ ਜੋ ਫੌਜ 'ਚੋਂ ਰਿਟਾਇਰਡ ਹੋਣ ਤੋਂ ਬਾਅਦ ਦੱਤ ਰੋਡ ਮੋਗਾ 'ਤੇ ਸਥਿਤ ਪੰਜਾਬ ਨੈਸ਼ਨਲ ਬੈਂਕ 'ਚ ਸਕਿਓਰਿਟੀ ਗਾਰਡ ਲੱਗਾ ਹੋਇਆ ਸੀ। ਬੁੱਧਵਾਰ ਸਵੇਰੇ ਜਦੋਂ ਉਹ ਘਰ 'ਚੋਂ ਤਿਆਰ ਹੋ ਕੇ ਆਪਣੀ 12 ਬੋਰ ਬੰਦੂਕ ਲੈ ਕੇ ਡਿਊਟੀ 'ਤੇ ਜਾਣ ਤੋਂ ਪਹਿਲਾਂ ਉਸ ਨੂੰ ਚੈਕ ਕਰਨ ਲੱਗਾ ਤਾਂ ਅਚਾਨਕ ਉਸਦੀ ਬੰਦੂਕ 'ਚੋਂ ਗੋਲੀ ਚੱਲ ਗਈ, ਜੋ ਉਸਦੇ ਗਲੇ 'ਤੇ ਲੱਗੀ, ਜਿਸ ਕਾਰਨ ਉਸਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ। 
ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਹੋਰ ਪੁਲਸ ਕਰਮਚਾਰੀਆਂ ਸਮੇਤ ਮੌਕੇ 'ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਭੇਜ ਦਿੱਤਾ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਰਾਜ ਕੌਰ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕੀਤੀ ਗਈ ਹੈ। ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਜਾਂਚ ਕਰਕੇ ਸੱਚਾਈ ਜਾਨਣ ਦਾ ਯਤਨ ਕੀਤਾ ਜਾ ਰਿਹਾ ਹੈ। ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਨੂੰ ਸੌਂਪ ਦਿੱਤਾ ਗਿਆ।