ਰਾਜਮਾਤਾ ਦੀ ਅੰਤਿਮ ਅਰਦਾਸ ਵਿਚ ਮਨਮੋਹਨ ਸਿੰਘ ਅਤੇ ਸੁਖਬੀਰ ਬਾਦਲ ਸਮੇਤ ਪੁੱਜੀਆਂ ਕਈ ਸਿਆਸੀ ਸ਼ਖਸੀਅਤਾਂ (ਦੇਖੋ ਤਸਵੀਰਾਂ)

07/30/2017 6:57:02 PM

ਪਟਿਆਲਾ— ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਾਤਾ ਮੋਹਿੰਦਰ ਕੌਰ ਦੀ ਅੰਤਿਮ ਅਰਦਾਸ ਅੱਜ ਉਨ੍ਹਾਂ ਦੇ ਘਰ ਨਿਊ ਮੋਤੀ ਮਹਿਲ ਵਿਖੇ ਸੰਪਨ ਹੋਈ। ਇਸ ਵਿਚ ਸੂਬੇ ਹੀ ਨਹੀਂ ਸਗੋਂ ਦੇਸ਼ ਭਰ ਦੀਆਂ ਸਿਆਸੀ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨਾਲ ਜੁੜੀਆਂ ਸ਼ਖਸੀਅਤਾਂ ਵੱਡੀ ਗਿਣਤੀ ਵਿਚ ਪਹੁੰਚੀਆਂ ਅਤੇ ਰਾਜਮਾਤਾ ਨੂੰ ਸ਼ਰਧਾਂਜਲੀ ਦਿੱਤੀ। ਰਾਜਮਾਤਾ ਨੂੰ ਸ਼ਰਧਾਂਜਲੀ ਦੇਣ ਲਈ ਪਟਿਆਲਾ, ਮੋਤੀ ਮਹਿਲ ਵਿਖੇ ਪਹੁੰਚਣ ਵਾਲੀਆਂ ਸ਼ਖਸੀਅਤਾਂ ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸਾਬਕਾ ਕੇਂਦਰੀ ਮੰਤਰੀ ਗੁਲਾਮ ਨਬੀ ਆਜ਼ਾਦ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਪ੍ਰੇਮ ਸਿੰਘ ਚੰਦੂਮਾਜਰਾ, ਐੱਸ. ਜੀ. ਪੀ. ਸੀ. ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਭਾਜਪਾ ਪ੍ਰਧਾਨ ਵਿਜੇ ਸਾਂਪਲਾ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਸਮੇਤ ਪੰਜਾਬ ਕੈਬਨਿਟ ਦੇ ਸਾਰੇ ਮੈਂਬਰ ਹਾਜ਼ਰ ਸਨ। ਇਸ ਮੌਕੇ ਸਾਬਕਾ ਉੱਪ ਮੰਤਰੀ ਸੁਖਬੀਰ ਬਾਦਲ ਨੇ ਰਾਜਮਾਤਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ ਕਿ ਉਨ੍ਹਾਂ ਨੇ ਦੇਸ਼ ਲਈ ਬਹੁਤ ਕੁਝ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਰਾਬ ਤਬੀਅਤ ਦੇ ਚੱਲਦੇ ਇੱਥੇ ਨਹੀਂ ਪਹੁੰਚ ਸਕੇ। 
ਗੁਲਾਮ ਨਬੀ ਆਜ਼ਾਦ ਨੇ ਵੀ ਪੰਡਾਲ ਵਿਚ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਰਾਜਮਾਤਾ ਦੇ ਜੀਵਨ ਬਾਰੇ ਦੱਸਿਆ। ਖਹਿਰਾ ਨੇ ਇਸ ਦੌਰਾਨ ਬੋਲਦੇ ਹੋਏ ਪਾਣੀ ਦੇ ਮੁੱਦੇ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਰਾਜਮਾਤਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਜਨਮ ਦਿੱਤਾ ਅਤੇ ਪੰਜਾਬ ਲਈ ਹਰ ਅਹੁਦੇ ਨੂੰ ਛੱਡ ਦਿੱਤਾ। ਕੈਪਟਨ ਅਮਰਿੰਦਰ ਨੂੰ ਰਾਜਮਾਤਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਇੱਥੇ ਆਉਣ ਵਾਲੀ ਸਾਰੀ ਸੰਗਤ ਦਾ ਧੰਨਵਾਦ ਕੀਤਾ।