ਬਾਦਲ ਨੇ ਦਿੱਤੀ ਚੌਟਾਲਾ ਪਰਿਵਾਰ ਨੂੰ ਇੱਕਜੁੱਟ ਹੋਣ ਦੀ ਨਸੀਹਤ

08/21/2019 6:57:39 PM

ਸਿਰਸਾ—ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਵੱਖਰੇ ਹੋਏ ਪਰਿਵਾਰ ਨੂੰ ਇੱਕਜੁੱਟ ਹੋਣ ਦੀ ਨਸੀਹਤ ਦਿੱਤੀ ਹੈ। ਸ਼੍ਰੀ ਬਾਦਲ ਨੇ ਕਿਹਾ ਹੈ ਕਿ ਜੇਕਰ ਤੁਸੀਂ ਇੱਕਠੇ ਹੋ ਗਏ ਤਾਂ ਦੇਸ਼-ਪ੍ਰਦੇਸ਼ ਦੀਆਂ ਸਰਕਾਰਾਂ ਤੁਹਾਡੇ ਅੱਗੇ ਝੁਕਣਗੀਆਂ। ਦੱਸ ਦੇਈਏ ਕਿ ਸ਼੍ਰੀ ਬਾਦਲ ਅੱਜ ਸਿਰਸਾ ਦੇ ਚੌਟਾਲਾ ਪਿੰਡ 'ਚ ਸਾਬਕਾ ਮੁੱਖ ਮੰਤਰੀ ਚੌਟਾਲਾ ਦੀ ਪਤਨੀ ਸਨੇਹਲਤਾ ਦੀ ਸ਼ਰਧਾਂਜਲੀ ਸਮਾਰੋਹ 'ਚ ਪਹੁੰਚੇ ਸੀ। ਸ਼ਰਧਾਂਜਲੀ ਸਮਾਰੋਹ 'ਚ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ, ਸੂਬਾ ਵਿਧਾਨ ਸਭਾ ਦੇ ਪ੍ਰਧਾਨ ਕੰਵਰਪਾਲ ਗੁੱਜਰ, ਆਵਾਜਾਈ ਮੰਤਰੀ ਕ੍ਰਿਸ਼ਣ ਪੰਵਾਰ, ਸੁਖਬੀਰ ਬਾਦਲ, ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ, ਸਾਬਕਾ ਮੰਤਰੀ ਅਸ਼ੋਕ ਸਮੇਤ ਪੰਜਾਬ , ਹਰਿਆਣਾ ਅਤੇ ਰਾਜਸਥਾਨ ਦੀਆਂ ਕਈ ਸਿਆਸੀ ਹਸਤੀਆਂ ਸ਼ਾਮਲ ਹੋਈਆਂ।

ਸ਼੍ਰੀ ਬਾਦਲ ਨੇ ਚੌਧਰੀ ਦੇਵੀਲਾਲ ਪਰਿਵਾਰ ਨਾਲ ਆਪਣੀ ਨੇੜਤਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਦੋਵਾਂ ਪਰਿਵਾਰਾਂ 'ਚ ਹੁਣ ਉਹ ਸਭ ਤੋਂ ਵੱਡੇ ਹਨ। ਮੌਕਾ ਤਾਂ ਸ਼ੋਗ ਦਾ ਹੈ ਪਰ ਮੈਂ ਆਪਣੇ ਦਿਲ ਦੀ ਗੱਲ ਸਾਰਿਆਂ ਨਾਲ ਸਾਂਝੀ ਕਰਦੇ ਹੋਏ ਕਹਿੰਦਾ ਹਾਂ ਕਿ ਮੇਰੀ ਦਿਲ ਦੀ ਤਮੰਨਾ ਹੈ ਕਿ ਚੌਟਾਲਾ ਪਰਿਵਾਰ ਵੱਖ-ਵੱਖ ਸਿਆਸੀ ਦਲਾਂ 'ਚ ਭਟਕਣ ਦੀ ਬਜਾਏ ਇੱਕ ਮੰਚ 'ਤੇ ਆ ਜਾਣ। ਮੈਨੂੰ ਇਸ ਪਰਿਵਾਰ ਦੇ ਵੱਖਰੇ ਹੋਣ ਦਾ ਦੁੱਖ ਹੈ। ਉਨ੍ਹਾਂ ਨੇ ਕਿਹਾ ਕਿ ਇਸ ਏਕਤਾ ਦੇ ਲਈ ਜੇਕਰ ਤੁਹਾਨੂੰ ਸਾਰਿਆਂ ਨੂੰ ਕੋਈ ਵੀ ਕੁਰਬਾਨੀ ਦੇਣੀ ਪਵੇ ਤਾਂ ਪਿੱਛੇ ਨਾ ਹਟੋ।

ਸ਼੍ਰੀ ਬਾਦਲ ਦੀ ਇਸ ਨਸੀਹਤ 'ਤੇ ਸ਼ਰਧਾਂਜਲੀ ਸਮਾਰੋਹ 'ਚ ਮੌਜੂਦ ਲੋਕਾਂ ਨੇ ਖੂਬ ਤਾੜੀਆਂ ਮਾਰੀਆਂ। ਸ਼ਰਧਾਂਜਲੀ ਸਮਾਰੋਹ ਦਾ ਮਾਹੌਲ ਇੱਕ ਵਾਰ ਸਿਆਸੀ ਰੂਪ ਲੈ ਗਿਆ। ਸ਼੍ਰੀ ਬਾਦਲ ਨੇ ਸਵਰਗਵਾਸੀ ਸਨੇਹਲਤਾ ਚੌਟਾਲਾ ਨੂੰ ਧਾਰਮਿਕ ਅਤੇ ਸਮਾਜਸੇਵੀ ਭਾਵ ਦੀ ਔਰਤ ਦੱਸਦੇ ਹੋਏ ਉਨ੍ਹਾਂ ਦੇ ਜੀਵਨ ਦੀਆਂ ਕੁਝ ਅਹਿਮ ਗੱਲਾਂ ਵੀ ਸਾਂਝੀਆਂ ਕੀਤੀਆਂ। ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਕਿਹਾ ਹੈ ਕਿ ਚੌਧਰੀ ਦੇਵੀਲਾਲ ਪਰਿਵਾਰ ਦਾ ਉਹ ਕਦੀ ਅਹਿਸਾਨ ਨਹੀਂ ਚੁੱਕਾ ਸਕਦੇ ਕਿਉਂਕਿ ਅੱਜ ਜੋ ਕੁਝ ਵੀ ਉਹ ਹਨ, ਇਸ ਪਰਿਵਾਰ ਦੀ ਬਦੌਲਤ ਹੈ। ਉਨ੍ਹਾਂ ਨੇ ਇਸ ਦੁੱਖ ਦੀ ਘੜ੍ਹੀ 'ਚ ਚੌਟਾਲਾ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦੀ ਗੱਲ ਕੀਤੀ ਹੈ। ਇਸ ਤੋਂ ਪਹਿਲਾਂ ਸਾਬਕਾ ਸੰਸਦ ਮੈਂਬਰ ਰਣਜੀਤ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੇ ਵੱਡੇ ਭਰਾ ਓਮ ਪ੍ਰਕਾਸ਼ ਚੌਟਾਲਾ ਜੋ ਆਦੇਸ਼ ਦੇਣਗੇ। ਮੈ ਉਸ ਦਾ ਪਾਲਣ ਕਰਾਂਗਾ। ਸ਼੍ਰੀ ਚੌਟਾਲਾ ਨੇ ਸ਼ਰਧਾਂਜਲੀ ਸਮਾਰੋਹ 'ਚ ਪਹੁੰਚੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੇ ਪੁੱਤਰ ਅਭੈ ਚੌਟਾਲਾ ਨੇ ਵੀ ਸਾਰਿਆ ਦਾ ਧੰਨਵਾਦ ਕੀਤਾ।

Iqbalkaur

This news is Content Editor Iqbalkaur