ਸਵਰਣ ਸਲਾਰੀਆ ਨੇ ਮੰਤਰੀ ਮਨਪ੍ਰੀਤ ਬਾਦਲ ਤੇ ਸਿੱਧੂ ਖਿਲਾਫ ਕੋਰਟ ਨੂੰ ਦਿੱਤੇ ਸਬੂਤ

04/21/2018 3:11:54 AM

ਪਠਾਨਕੋਟ (ਆਦਿਤਯ) - ਪੰਜਾਬ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਤੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਮਾਣਹਾਨੀ ਦੇ ਕੇਸ ਨੂੰ ਲੈ ਕੇ ਕੋਰਟ 'ਚ ਤਰੀਕ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਤੇ ਉਦਯੋਗਪਤੀ ਸਵਰਣ ਸਲਾਰੀਆ ਨੇ ਅੱਜ ਕੋਰਟ 'ਚ ਮਨਪ੍ਰੀਤ ਬਾਦਲ ਤੇ ਨਵਜੋਤ ਸਿੰਘ ਸਿੱਧੂ ਖਿਲਾਫ ਸਬੂਤ ਪੇਸ਼ ਕੀਤੇ। ਇਸ ਗੱਲ ਦੀ ਪੁਸ਼ਟੀ ਕਰਦਿਆਂ ਸਵਰਣ ਸਲਾਰੀਆ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਹੋਈ ਲੋਕ ਸਭਾ ਉਪ ਚੋਣ ਦੌਰਾਨ ਉਨ੍ਹਾਂ ਦੇ ਅਕਸ 'ਤੇ ਝੂਠਾ ਦੋਸ਼ ਲਾਇਆ ਗਿਆ ਸੀ, ਜੋ ਨਿੰਦਾਣਯੋਗ ਤੇ ਮੁਆਫੀ ਦੇ ਕਾਬਿਲ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਰਟ 'ਚ ਸਾਰੇ ਸਬੂਤ ਦੇਣ ਤੋਂ ਬਾਅਦ ਵੀ ਇਸ ਕੇਸ ਦੀ ਅਗਲੀ ਸੁਣਵਾਈ 5 ਮਈ ਨੂੰ ਪਈ ਹੈ। ਜ਼ਿਕਰਯੋਗ ਹੈ ਕਿ ਸਵ. ਸੰਸਦ ਮੈਂਬਰ ਵਿਨੋਦ ਖੰਨਾ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਖਾਲੀ ਹੋਈ ਸੰਸਦ ਮੈਂਬਰ ਦੀ ਸੀਟ 'ਤੇ ਭਾਜਪਾ ਵੱਲੋਂ ਸਵਰਣ ਸਲਾਰੀਆ ਨੇ ਚੋਣ ਲੜੀ। ਇਸ ਦੌਰਾਨ ਕੈਬਨਿਟ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਸਲਾਰੀਆ 'ਤੇ ਕਈ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਸਲਾਰੀਆ 'ਤੇ ਧੋਖਾਦੇਹੀ ਤੇ ਜਬਰ-ਜ਼ਨਾਹ ਦਾ ਮਾਮਲਾ ਦਰਜ ਹੈ ਤੇ ਉਹ ਇਕ ਇਕਰਾਰਨਾਮਾ ਲੈ ਕੇ ਚੋਣ ਕਮਿਸ਼ਨ ਨੂੰ ਉਨ੍ਹਾਂ ਨੂੰ ਅਯੋਗ ਐਲਾਨ ਕਰਨ ਦੀ ਮੰਗ ਕਰਨਗੇ। ਚੋਣਾਂ ਦੌਰਾਨ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਵੀ ਉਨ੍ਹਾਂ ਦੇ ਅਕਸ ਬਾਰੇ ਬੁਰਾ-ਭਲਾ ਕਿਹਾ ਸੀ, ਜਿਸ ਕਾਰਨ ਸਵਰਣ ਸਲਾਰੀਆ ਨੇ 9 ਮਾਰਚ ਨੂੰ ਕੋਰਟ 'ਚ ਮਾਣਹਾਨੀ ਦਾ ਕੇਸ ਫਾਈਲ ਕਰ ਦਿੱਤਾ ਸੀ।