ਹਰ ਸਾਲ 0.8 ਦੀ ਔਸਤ ਨਾਲ ਡਿੱਗ ਰਿਹੈ ਹੁਸ਼ਿਆਰਪੁਰ ਦਾ ਭੂ-ਜਲ ਪੱਧਰ

08/21/2017 3:57:38 PM

ਹੁਸ਼ਿਆਰਪੁਰ(ਜ. ਬ.)— ਪੰਜਾਬ ਸਰਕਾਰ ਵੱਲੋਂ 23 ਅਗਸਤ 2010 ਨੂੰ ਜਾਰੀ ਅਧਿਸੂਚਨਾ ਰਾਹੀਂ ਸੂਬੇ ਦੀਆਂ ਸਾਰੀਆਂ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਨੂੰ ਸ਼ਹਿਰ 'ਚ 200 ਗਜ਼ ਮਤਲਬ ਕਿ 1800 ਵਰਗ ਫੁੱਟ ਖੇਤਰ 'ਚ ਭਵਨ ਨਿਰਮਾਣ ਦੇ ਨਾਲ ਹੀ ਵਾਟਰ ਰੀਚਾਰਜ ਵੈੱਲ ਜ਼ਰੂਰੀ ਬਣਾਏ ਜਾਣ ਦੇ ਨਿਰਦੇਸ਼ ਦਿੱਤੇ ਸਨ। ਹੁਣ ਇਸ ਅਧਿਸੂਚਨਾ ਨੂੰ ਜਾਰੀ ਹੋਇਆਂ 7 ਸਾਲ ਬੀਤ ਜਾਣ ਤੋਂ ਬਾਅਦ ਵੀ ਇਹ ਸਿਸਟਮ ਲਾਏ ਜਾਣ ਦੀ ਗੱਲ ਕੋਹਾਂ ਦੂਰ ਹੈ। ਬੀਤੇ 7 ਸਾਲਾਂ ਦੌਰਾਨ ਸ਼ਹਿਰ 'ਚ 1800 ਵਰਗ ਫੁੱਟ ਰਕਬੇ 'ਚ ਡੇਢ ਸੌ ਮਕਾਨ ਤਾਂ ਬਣ ਗਏ ਪਰ ਮਕਾਨ ਮਾਲਕਾਂ ਵੱਲੋਂ ਅਜੇ ਤੱਕ ਨਿਰਮਾਣ ਕਾਰਜ ਪੂਰੇ ਹੋ ਜਾਣ ਤੋਂ ਬਾਅਦ ਪ੍ਰਮਾਣ ਪੱਤਰ ਨਿਗਮ ਦਫਤਰ ਵਿਖੇ ਦਾਖਲ ਨਹੀਂ ਕੀਤੇ ਜਾਣ ਕਰ ਕੇ ਅੱਜ ਵੀ ਨਿਗਮ ਕੋਲ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਕਿ ਕਿੰਨੇ ਲੋਕਾਂ ਨੇ ਵਾਟਰ ਰੀਚਾਰਜ ਵੈੱਲ ਦਾ ਨਿਰਮਾਣ ਸਹੀ ਮਾਇਨੇ 'ਚ ਕੀਤਾ ਵੀ ਹੈ ਜਾਂ ਨਹੀਂ।
ਕੀ ਹੈ ਵਾਟਰ ਰਿਚਾਰਜ ਵੈੱਲ ਯੋਜਨਾ
ਰੇਨਵਾਟਰ ਹਾਰਵੈਸਟਿੰਗ ਰਾਹੀਂ ਮੀਂਹ ਦੇ ਪਾਣੀ ਨੂੰ ਪਾਈਪ ਦੇ ਸਹਾਰੇ ਜ਼ਮੀਨ ਹੇਠਾਂ ਵਿਗਿਆਨਕ ਢੰਗ ਨਾਲ ਅੰਦਰ ਦਾਖ਼ਲ ਕਰਵਾਇਆ ਜਾਂਦਾ ਹੈ। ਇਸ ਤਰ੍ਹਾਂ ਮੀਂਹ ਦਾ ਪਾਣੀ ਅਜਾਈਂ ਨਾ ਹੋ ਕੇ ਧਰਤੀ 'ਚ ਪ੍ਰਵੇਸ਼ ਕਰ ਕੇ ਜ਼ਮੀਨ ਦਾ ਜਲ ਪੱਧਰ ਵਧਾਉਂਦਾ ਹੈ।
ਸ਼ਹਿਰੀ ਖੇਤਰ 'ਚ ਇਹ ਹੈ ਨਿਯਮ
ਜਾਰੀ ਅਧਿਸੂਚਨਾ ਅਨੁਸਾਰ ਸ਼ਹਿਰੀ ਖੇਤਰ 'ਚ 200 ਵਰਗ ਗਜ਼ ਵਾਲੇ ਭਵਨ ਨਿਰਮਾਣ ਦੀ ਮਨਜ਼ੂਰੀ ਦਿੰਦੇ ਸਮੇਂ ਰੇਨ ਵਾਟਰ ਵੈੱਲ ਲਾਉਣ ਦੀ ਸ਼ਰਤ ਰੱਖੀ ਜਾਂਦੀ ਹੈ। ਇਸ ਲਈ ਨਗਰ ਨਿਗਮ 'ਚ 10 ਹਜ਼ਾਰ ਰੁਪਏ ਅਮਾਨਤ ਰਾਸ਼ੀ ਵਜੋਂ ਜਮ੍ਹਾ ਕਰਵਾਏ ਜਾਣ ਤੋਂ ਬਾਅਦ ਇਜਾਜ਼ਤ ਦੇਣ ਦਾ ਪ੍ਰਬੰਧ ਹੈ। ਮਕਾਨ ਤਿਆਰ ਹੋਣ ਤੋਂ ਬਾਅਦ ਨਿਗਮ ਅਧਿਕਾਰੀ ਵੱਲੋਂ ਵੈਰੀਫਿਕੇਸ਼ਨ ਉਪਰੰਤ ਅਮਾਨਤ ਰਾਸ਼ੀ ਵਾਪਸ ਕਰਨ ਦੀ ਸਰਕਾਰੀ ਗਾਈਡਲਾਈਨ ਸ਼ਾਮਲ ਹੈ ਪਰ ਇਸ 'ਤੇ ਅੱਜ ਤੱਕ ਅਮਲ ਨਹੀਂ ਹੋ ਰਿਹਾ। ਹੁਸ਼ਿਆਰਪੁਰ ਦੇ ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਟੀਚਾ ਪੰਜਾਬ 'ਚ ਹਰ ਘਰ ਨੂੰ ਸ਼ੁੱਧ ਪਾਣੀ ਦਾ ਕੁਨੈਕਸ਼ਨ ਦੇਣਾ ਹੈ, ਜਿਸ ਲਈ ਵਿਸ਼ਵ ਬੈਂਕ ਦੀ ਮਦਦ ਨਾਲ 450 ਕਰੋੜ ਰੁਪਏ ਦਾ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ। ਹੁਸ਼ਿਆਰਪੁਰ ਸੀਵਰੇਜ ਬੋਰਡ ਵੱਲੋਂ ਵੀ 10 ਕਰੋੜ ਦੀ ਲਾਗਤ ਨਾਲ ਅੰਮ੍ਰਿਤ ਯੋਜਨਾ ਤਹਿਤ 27 ਕਿਲੋਮੀਟਰ ਲੰਬੀਆਂ ਪਾਈਪ ਲਾਈਨਾਂ ਵਿਛਾਉਣ ਦੀ ਰਿਪੋਰਟ ਨੂੰ ਜਲਦ ਮਨਜ਼ੂਰੀ ਮਿਲਣ ਜਾ ਰਹੀ ਹੈ। 
ਹੁਸ਼ਿਆਰਪੁਰ ਦੇ ਜ਼ਮੀਨੀ ਜਲ ਪੱਧਰ 'ਤੇ ਇਕ ਨਜ਼ਰ
ਹੁਸ਼ਿਆਰਪੁਰ ਜ਼ਿਲਾ 39 ਚੋਆਂ ਨਾਲ ਘਿਰਿਆ ਹੋਣ ਦੇ ਬਾਵਜੂਦ ਪਾਣੀ ਦੇ ਜ਼ਿਆਦਾਤਰ ਪ੍ਰਯੋਗ ਕਰਨ ਕਰਕੇ ਅੱਜ ਜ਼ਮੀਨ ਹੇਠਲਾ ਪਾਣੀ ਦਾ ਪੱਧਰ ਖਤਰਨਾਕ ਸਥਿਤੀ 'ਚ ਪਹੁੰਚ ਗਿਆ ਹੈ। ਸਰਕਾਰੀ ਅੰਕੜਿਆਂ ਅਨੁਸਾਰ ਸਾਲ 2016 'ਚ 22.40 ਮੀਟਰ ਦੇ ਮੁਕਾਬਲੇ ਸਾਲ 2017 'ਚ ਇਸ ਸਮੇਂ ਜ਼ਮੀਨੀ ਪਾਣੀ ਦਾ ਪੱਧਰ 24.50 ਮੀਟਰ ਹੇਠਾਂ ਖਿਸਕ ਗਿਆ ਹੈ। ਇੰਨਾ ਹੀ ਨਹੀਂ ਹੁਸ਼ਿਆਰਪੁਰ 'ਚ ਪਾਣੀ ਦਾ ਜਲ ਪੱਧਰ 0.8 ਮੀਟਰ ਪ੍ਰਤੀ ਸਾਲ ਦੇ ਹਿਸਾਬ ਨਾਲ ਹੇਠਾਂ ਡਿੱਗਦਾ ਜਾ ਰਿਹਾ ਹੈ।
ਹੁਸ਼ਿਆਰਪੁਰ 'ਚ ਉਪਲਬਧ ਪਾਣੀ ਦਾ ਲੇਖਾ-ਜੋਖਾ
ਇਸ ਸਮੇਂ ਹੁਸ਼ਿਆਰਪੁਰ ਨਗਰ ਨਿਗਮ ਆਪਣੀ 2 ਲੱਖ ਆਬਾਦੀ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਆਪਣੇ ਸਾਰੇ 85 ਟਿਊਬਵੈੱਲਾਂ ਜ਼ਰੀਏ ਰੋਜ਼ਾਨਾ 12 ਘੰਟੇ 16,000 ਗੈਲਨ ਪ੍ਰਤੀ ਘੰਟੇ ਦੇ ਹਿਸਾਬ ਨਾਲ ਪਾਣੀ ਦੀ ਸਪਲਾਈ ਕਰ ਰਿਹਾ ਹੈ। ਸ਼ਹਿਰ ਦੇ ਕੁੱਲ 31 ਵਾਰਡਾਂ 'ਚ ਸਾਲ 2000 ਤੱਕ ਪਾਈਪਾਂ ਦੀ ਕੁੱਲ ਲੰਬਾਈ 149 ਕਿਲੋਮੀਟਰ ਸੀ ਜਦਕਿ 2013 'ਚ ਨਗਰ ਨਿਗਮ ਦਾ ਦਰਜਾ ਮਿਲਣ ਤੱਕ ਸਾਰੇ 50 ਵਾਰਡਾਂ 'ਚ ਇਹ ਅੰਕੜਾ ਵੱਧ ਕੇ 298 ਕਿਲੋਮੀਟਰ ਤੱਕ ਪਹੁੰਚ ਗਿਆ ਹੈ। ਨਗਰ ਨਿਗਮ ਇਸ ਸਮੇਂ ਸ਼ਹਿਰ ਦੇ ਕੁੱਲ 47,660 ਲੋਕਾਂ ਦੇ ਘਰਾਂ ਤੱਕ ਸੀਵਰੇਜ ਤੇ ਪਾਣੀ ਦੀ ਸਹੂਲਤ ਮੁਹੱਈਆ ਕਰ ਰਿਹਾ ਹੈ।
ਨਹਿਰ ਜਾਂ ਡੈਮ ਤੋਂ ਮੁਹੱਈਆ ਹੋਵੇ ਸ਼ਹਿਰ ਨੂੰ ਪਾਣੀ
ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਯੋਜਨਾ ਬਣੀ ਸੀ ਕਿ ਪਟਿਆਲਾ ਦੀ ਤਰ੍ਹਾਂ ਸ਼ਹਿਰ ਨੂੰ ਕੰਢੀ ਨਹਿਰ ਤੋਂ ਜਾਂ ਚੌਹਾਲ ਤੇ ਡਮਸਾਲ ਡੈਮ ਤੋਂ ਪਾਣੀ ਦੀ ਸਪਲਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹੁਣ ਕੈਪਟਨ ਸਰਕਾਰ ਨੇ ਜਲੰਧਰ ਨੂੰ ਬਿਆਸ ਦਰਿਆ ਤੋਂ ਪਾਣੀ ਦੇਣ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਇਸੇ ਤਰਜ਼ 'ਤੇ ਹੁਸ਼ਿਆਰਪੁਰ ਨੂੰ ਵੀ ਸ਼ਿਵਾਲਿਕ ਘਾਟੀ 'ਚ ਤਿਆਰ ਡੈਮ ਤੋਂ ਪਾਣੀ ਮੁਹੱਈਆ ਕਰਵਾਉਣ ਬਾਰੇ ਸੋਚਣਾ ਚਾਹੀਦਾ ਹੈ।