ਵਾਤਾਵਰਣ ਫ੍ਰੈਂਡਲੀ ਚੋਣ ਮੁਹਿੰਮ ਲਈ ਕਮਿਸ਼ਨ ਇਸ ਵਾਰ ਗੰਭੀਰ

04/09/2019 8:54:15 AM

ਜਲੰਧਰ, (ਗੁਰਉਪਦੇਸ਼ ਸਿੰਘ ਭੁੱਲਰ) —ਬੇਸ਼ੱਕ ਸਿਆਸੀ ਪਾਰਟੀਆਂ ਪ੍ਰਦੂਸ਼ਣ ਦੇ ਵਿਸ਼ੇ 'ਤੇ ਗੰਭੀਰ ਨਹੀਂ ਹਨ ਅਤੇ ਆਪਣੇ ਚੋਣ ਮੈਨੀਫੈਸਟੋ 'ਚ ਉਹ ਇਸ ਮੁੱਦੇ ਨੂੰ ਪ੍ਰਮੁੱਖਤਾ ਨਾਲ ਸ਼ਾਮਲ ਵੀ ਨਹੀਂ ਕਰਦੀਆਂ ਪਰ ਦੇਸ਼ 'ਚ ਵਧ ਰਹੀ ਪ੍ਰਦੂਸ਼ਣ ਦੀ ਸਮੱਸਿਆ ਪ੍ਰਤੀ ਭਾਰਤੀ ਚੋਣ ਕਮਿਸ਼ਨ ਜ਼ਰੂਰ ਇਸ ਵਾਰ ਗੰਭੀਰ ਹੋਇਆ ਹੈ। ਸਾਲ 2019 ਦੀਆਂ ਲੋਕਸਭਾ ਚੋਣਾਂ ਦੌਰਾਨ ਵਾਤਾਵਰਣ ਫ੍ਰੈਂਡਲੀ ਮਾਹੌਲ ਰੱਖਣ ਲਈ ਵਿਸ਼ੇਸ਼ ਕਦਮ ਚੁੱਕੇ ਗਏ ਹਨ। ਰਾਜਾਂ ਦੇ ਮੁੱਖ ਚੋਣ ਅਧਿਕਾਰੀਆਂ ਦੇ ਜ਼ਰੀਏ ਸਿਆਸੀ ਪਾਰਟੀਆਂ ਦੇ ਨੇਤਾਵਾਂ ਵਲੋਂ ਇਸ ਲਈ ਰਸਮੀ ਤੌਰ 'ਤੇ ਸਿਰਫ ਅਪੀਲ ਹੀ ਨਹੀਂ ਕੀਤੀ ਜਾ ਰਹੀ, ਸਗੋਂ ਚੋਣ ਮੁਹਿੰਮ ਦੌਰਾਨ ਪ੍ਰਦੂਸ਼ਣ ਦੀ ਸਮੱਸਿਆ 'ਤੇ ਕਾਬੂ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ, ਜਿਨ੍ਹਾਂ ਨੂੰ ਲਾਗੂ ਕਰਵਾਉਣ ਲਈ ਚੋਣ ਅਧਿਕਾਰੀ ਸਰਗਰਮ ਹਨ। ਪੰਜਾਬ 'ਚ ਵੀ ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਸਿਆਸੀ ਪਾਰਟੀਆਂ ਨਾਲ ਸਿੱਧਾ ਸੰਪਰਕ ਕਰਕੇ ਵਾਤਾਵਰਣ ਫ੍ਰੈਂਡਲੀ ਮਾਹੌਲ 'ਚ ਚੋਣ ਪ੍ਰਚਾਰ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਚੋਣ ਮੁਹਿੰਮ 'ਚ ਲਾਊਡ ਸਪੀਕਰਾਂ ਦੀ ਵਿਆਪਕ ਵਰਤੋਂ ਦੇ ਮੱਦੇਨਜ਼ਰ ਆਵਾਜ਼ ਪ੍ਰਦੂਸ਼ਣ 'ਤੇ ਕੰਟਰੋਲ ਲਈ ਵੀ ਜ਼ਰੂਰੀ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਾਤਾਵਰਣ ਇੰਜੀਨੀਅਰ ਕੁਲਦੀਪ ਕੁਮਾਰ ਨੂੰ ਪ੍ਰਦੂਸ਼ਣ ਦੇ ਮਾਮਲਿਆਂ ਨਾਲ ਨਜਿੱਠਣ ਲਈ ਸੂਬਾ ਪੱਧਰ 'ਤੇ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।

ਪਲਾਸਟਿਕ ਸਮੱਗਰੀ ਦੀ ਵਰਤੋਂ 'ਤੇ ਵੀ ਹੋਵੇਗਾ ਕੰਟਰੋਲ-
ਭਾਰਤ ਸਰਕਾਰ ਦੇ ਵਾਤਾਵਰਣ, ਵਣ ਅਤੇ ਜਲਵਾਯੂ ਤਬਦੀਲੀ ਵਿਭਾਗ ਦੀ ਬੇਨਤੀ 'ਤੇ ਚੋਣ ਕਮਿਸ਼ਨ ਨੇ ਪਲਾਸਟਿਕ ਦੀ ਵਰਤੋਂ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ 'ਤੇ ਰੋਕ ਲਾਉਣ ਲਈ ਵੀ ਵਿਸ਼ੇਸ਼ ਕਦਮ ਚੁੱਕੇ ਹਨ। ਚੋਣ ਪ੍ਰਚਾਰ ਦੌਰਾਨ ਬਹੁਤ ਸਾਰੇ ਪੋਸਟਰ, ਕੱਟ-ਆਊਟਸ, ਵੱਡੇ ਬੋਰਡ, ਬੈਨਰ, ਸਿਆਸੀ ਇਸ਼ਤਿਹਾਰ ਆਦਿ ਪਲਾਸਟਿਕ ਦੇ ਬਣੇ ਹੁੰਦੇ ਹਨ ਅਤੇ ਵੋਟਾਂ ਤੋਂ ਬਾਅਦ ਅਜਿਹਾ ਸਾਰਾ ਮਟੀਰੀਅਲ ਰੱਦੀ ਜਾਂ ਕਬਾੜ ਬਣ ਜਾਂਦਾ ਹੈ। ਪ੍ਰਚਾਰ 'ਚ ਵਰਤੋਂ ਕੀਤਾ ਗਿਆ ਘਟੀਆ ਕਿਸਮ ਦਾ ਪਲਾਸਟਿਕ ਬਾਅਦ 'ਚ ਨਾਲੀਆਂ ਦੇ ਵਹਾਅ 'ਚ ਰੁਕਾਵਟ, ਆਵਾਰਾ ਪਸ਼ੂਆਂ ਵੱਲੋਂ ਨਿਗਲੇ ਜਾਣ, ਜ਼ਮੀਨ ਅਤੇ ਜਲ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ, ਜਿਸ ਨਾਲ ਮਨੁੱਖੀ ਸਿਹਤ ਅਤੇ ਵਾਤਾਵਰਣ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਨ੍ਹਾਂ 'ਚੋਂ ਕੁਝ ਪਲਾਸਟਿਕ ਪੋਲੀ ਵਿਨਾਇਲ ਕਲੋਰਾਇਡ (ਪੀ. ਵੀ. ਸੀ.) ਆਧਾਰਿਤ ਹੁੰਦੇ ਹਨ, ਜੋ ਕਿ ਬਹੁਤ ਨੁਕਸਾਨਦਾਇਕ ਹਨ। ਪੋਸਟਰ, ਕਟ-ਆਊਟਸ, ਹੋਰਡਿੰਗਸ, ਬੈਨਰ ਆਦਿ ਪੀ. ਵੀ. ਸੀ. ਨਾਲ ਬਣੇ ਹੁੰਦੇ ਹਨ, ਜੋ ਸੜਨ ਤੋਂ ਬਾਅਦ ਬਹੁਤ ਨੁਕਸਾਨਦਾਇਕ ਧੂੰਆਂ ਛੱਡਦੇ ਹਨ, ਜਿਸ ਨਾਲ ਵਾਤਾਵਰਣ ਖ਼ਰਾਬ ਹੁੰਦਾ ਹੈ। ਚੋਣ ਪ੍ਰਚਾਰ ਸਮੇਂ ਅਜਿਹੇ ਨੁਕਸਾਨਦਾਇਕ ਪਲਾਸਟਿਕ ਮਟੀਰੀਅਲ ਦੀ ਥਾਂ ਕੰਪੋਸਟੇਬਲ ਬੈਗਸ, ਕੱਪੜਾ, ਰੀ-ਸਾਈਕਲਡ ਪੇਪਰ ਅਤੇ ਹੋਰ ਅਜਿਹੀਆਂ ਵਸਤੂਆਂ ਵਰਤੋਂ 'ਚ ਲਿਆਉਣ ਦੀ ਸਲਾਹ ਦਿੱਤੀ ਗਈ ਹੈ, ਜੋ ਕਿ ਵਾਤਾਵਰਣ ਲਈ ਘੱਟ ਨੁਕਸਾਨਦਾਇਕ ਹਨ।

ਪੋਲਿਊਟਰ ਪੇਜ ਪ੍ਰਿੰਸੀਪਲ ਅਨੁਸਾਰ ਵਸੂਲੀ ਜਾਵੇਗੀ ਕੀਮਤ : ਡਾ. ਰਾਜੂ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਦਾ ਕਹਿਣਾ ਹੈ ਕਿ ਚੋਣ ਪ੍ਰਚਾਰ ਦੌਰਾਨ ਪੈਦਾ ਹੋਣ ਵਾਲੇ ਪ੍ਰਦੂਸ਼ਣ ਦੇ ਮਾਮਲਿਆਂ 'ਚ ਵਾਤਾਵਰਣ ਕਾਨੂੰਨ ਅਨੁਸਾਰ ਹੀ ਕਾਰਵਾਈ ਹੋਵੇਗੀ। ਪ੍ਰਦੂਸ਼ਣ ਫੈਲਾਉਣ ਦਾ ਕੋਈ ਵੀ ਮਾਮਲਾ ਹੋਵੇ, ਉਸ 'ਚ ਪੋਲਿਊਟਰ ਪੇਜ ਪ੍ਰਿੰਸੀਪਲ ਅਨੁਸਾਰ ਸਿਆਸੀ ਪਾਰਟੀਆਂ ਜਾਂ ਉਮੀਦਵਾਰਾਂ ਵੱਲੋਂ ਬਣਦੀ ਕੀਮਤ ਵਸੂਲੀ ਜਾਵੇਗੀ। ਉਨ੍ਹਾਂ ਕਿਹਾ ਕਿ ਵਾਤਾਵਰਣ ਲਈ ਲਾਭਦਾਇਕ ਅਤੇ ਕੁਦਰਤੀ ਮਟੀਰੀਅਲ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਲੋਕਸਭਾ ਚੋਣਾਂ-2019 ਅਜਿਹੀ ਨਵੀਂ ਪ੍ਰਵਿਰਤੀ ਅਪਣਾਉਣ ਲਈ ਇਕ ਸਹੀ ਮੌਕਾ ਹੈ ਜਦੋਂ ਅਜਿਹੇ ਸਮੇਂ ਸਥਾਈ ਮਟੀਰੀਅਲ ਨੂੰ ਉਤਸ਼ਾਹਿਤ ਕਰਕੇ ਅਮਲ 'ਚ ਲਿਆਂਦਾ ਜਾ ਸਕਦਾ ਹੈ। ਸਾਲਿਡ ਵੇਸਟ ਮੈਨੇਜਮੈਂਟ ਰੂਲਜ਼-2016 ਅਤੇ ਪਲਾਸਟਿਕ ਵੇਸਟ ਮੈਨੇਜਮੈਂਟ ਰੂਲਜ਼-2016 ਅਤੇ ਹੋਰ ਸਬੰਧਿਤ ਕਾਨੂੰਨਾਂ ਅਨੁਸਾਰ ਹੀ ਸਥਾਨਕ ਮਿਊਂਸੀਪਲ ਪੱਧਰ 'ਤੇ ਪ੍ਰਚਾਰ ਸਮੱਗਰੀ ਨਾਲ ਸੰਬੰਧਿਤ ਕੂੜੇ-ਕਰਕਟ ਦਾ ਨਿਪਟਾਰਾ ਕੀਤਾ ਜਾਵੇਗਾ।ਪੰਜਾਬ 'ਚ ਪ੍ਰਦੂਸ਼ਣ ਕੰਟਰੋਲ ਲਈ ਰਾਜ ਨੋਡਲ ਅਧਿਕਾਰੀ ਲਾਇਆ, ਪ੍ਰਦੂਸ਼ਣ ਨਿਯਮਾਂ ਦੀ ਉਲੰਘਣਾ 'ਤੇ ਹੋਵੇਗੀ ਵਾਤਾਵਰਣ ਨਿਯਮਾਂ ਤਹਿਤ ਕਾਰਵਾਈ

ਆਵਾਜ਼ ਪ੍ਰਦੂਸ਼ਣ ਸਬੰਧੀ ਤੈਅ ਮਾਪਦੰਡ-
ਸੂਬੇ 'ਚ ਪਹਿਲਾਂ ਤੋਂ ਤੈਅ ਆਵਾਜ਼ ਪ੍ਰਦੂਸ਼ਣ ਸਬੰਧੀ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਹਦਾਇਤ ਦਿੱਤੀ ਗਈ ਹੈ। ਨਿਯਮਾਂ ਅਨੁਸਾਰ ਉਦਯੋਗਕ ਖੇਤਰ 'ਚ ਦਿਨ ਵੇਲੇ 75 ਡੈਸੀਬਲ ਅਤੇ ਰਾਤ ਨੂੰ 70 ਡੈਸੀਬਲ ਆਵਾਜ਼ ਪ੍ਰਦੂਸ਼ਣ ਨਹੀਂ ਹੋਣਾ ਚਾਹੀਦਾ ਹੈ। ਵਪਾਰਕ ਖੇਤਰ 'ਚ ਦਿਨ ਵੇਲੇ 65 ਡੈਸੀਬਲ ਅਤੇ ਰਾਤ ਨੂੰ 55 ਡੈਸੀਬਲ ਆਵਾਜ਼ ਪ੍ਰਦੂਸ਼ਣ ਨਾ ਹੋਵੇ, ਰਿਹਾਇਸ਼ੀ ਖੇਤਰ 'ਚ ਦਿਨ ਵੇਲੇ 55 ਡੈਸੀਬਲ ਅਤੇ ਰਾਤ ਨੂੰ 45 ਡੈਸੀਬਲ ਆਵਾਜ਼ ਪ੍ਰਦੂਸ਼ਣ ਨਹੀਂ ਹੋਣਾ ਚਾਹੀਦਾ ਹੈ। ਸਾਈਲੈਂਸ ਜ਼ੋਨ 'ਚ ਦਿਨ ਵੇਲੇ 50 ਡੈਸੀਬਲ ਅਤੇ ਰਾਤ ਨੂੰ 40 ਡੈਸੀਬਲ ਆਵਾਜ਼ ਪ੍ਰਦੂਸ਼ਣ ਨਹੀਂ ਹੋਣਾ ਚਾਹੀਦਾ ਹੈ।

ਆਵਾਜ਼ ਪ੍ਰਦੂਸ਼ਣ ਕੰਟਰੋਲ ਦੀ ਵਿਵਸਥਾ-

  • ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਲਾਊਡ ਸਪੀਕਰ ਅਤੇ ਸਾਊਂਡ ਐਂਪਲੀਫਾਇਰ ਦੀ ਵਰਤੋਂ 'ਤੇ ਰੋਕ।
  •  
  • ਇਸ ਸਮੇਂ ਦੌਰਾਨ ਰੋਕ ਦੀ ਉਲੰਘਣਾ ਕਰਨ 'ਤੇ ਲਾਊਡ ਸਪੀਕਰ ਜਾਂ ਸਾਊਂਡ ਐਂਪਲੀਫਾਇਰ ਸਮੇਤ ਨਾਲ ਲੱਗਾ ਸਾਰਾ ਸਾਮਾਨ ਹੋਵੇਗਾ ਜ਼ਬਤ ।
  •  
  • ਲਾਊਡ ਸਪੀਕਰ ਜਾਂ ਸਾਊਂਡ ਐਂਪਲੀਫਾਇਰ ਦਾ ਟਰੱਕ/ਟੈਂਪੂ, ਟੈਕਸੀਆਂ, ਵੈਨ, ਥ੍ਰੀ-ਵ੍ਹੀਲਰ, ਸਕੂਟਰ, ਸਾਈਕਲ ਅਤੇ ਰਿਕਸ਼ਾ ਆਦਿ 'ਤੇ ਇਸਤੇਮਾਲ ਲਈ ਸਬੰਧਿਤ ਅਥਾਰਿਟੀ ਤੋਂਂ ਮਨਜ਼ੂਰੀ ਲੈਣਾ ਜ਼ਰੂਰੀ।
  •  
  • ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਸਬੰਧੀ ਸੂਚਿਤ ਕਰਨਾ ਵੀ ਜ਼ਰੂਰੀ।