ਸਟੀਲ ਦੀ ਸੱਟੇਬਾਜ਼ੀ ਨੇ ਹਿਲਾਈ ਇੰਜੀਨੀਅਰਿੰਗ ਇੰਡਸਟਰੀ ਦੀ ਬਰਾਮਦ

01/20/2020 2:03:04 PM

ਲੁਧਿਆਣਾ (ਧੀਮਾਨ) : ਘਰੇਲੂ ਬਾਜ਼ਾਰ 'ਚ ਇੰਜੀਨੀਅਰਿੰਗ ਇੰਡਸਟਰੀ ਨਾਲ ਜੁੜੀਆਂ ਆਈਟਮਾਂ ਦੀ ਮੰਗ ਬੇਸ਼ੱਕ ਘੱਟ ਹੈ ਪਰ ਇਸਦੇ ਬਾਵਜੂਦ ਸੱਟੇਬਾਜ਼ਾਂ ਨੇ ਸਟੀਲ ਦੇ ਮੁੱਲ ਨੂੰ ਆਸਮਾਨ 'ਤੇ ਲਿਆ ਕੇ ਰੱਖ ਦਿੱਤਾ ਹੈ। ਇਸਦਾ ਸਭ ਤੋਂ ਜ਼ਿਆਦਾ ਨੁਕਸਾਨ ਬਰਾਮਦ ਕਰਨ ਵਾਲੀ ਇੰਜੀਨੀਅਰਿੰਗ ਇੰਡਸਟਰੀ ਨੂੰ ਹੋ ਰਿਹਾ ਹੈ। ਇਨ੍ਹੀਂ ਦਿਨੀਂ ਭਾਰਤ ਤੋਂ ਹੈਂਡ ਟੂਲਸ, ਮਸ਼ੀਨ ਟੂਲਸ, ਟਰੈਕਟਰ ਪਾਰਟਸ ਅਤੇ ਨਟ ਬੋਲਟ ਦੀ ਸਪਲਾਈ ਜ਼ਿਆਦਾ ਹੁੰਦੀ ਹੈ। ਇਨ੍ਹਾਂ ਆਈਟਮਾਂ ਦਾ ਆਰਡਰ ਬਰਾਮਦਕਾਰ ਲੱਗਭਗ 3 ਤੋਂ 4 ਮਹੀਨੇ ਪਹਿਲਾਂ ਹੀ ਬੁਕ ਕਰ ਲੈਂਦੇ ਹਨ। ਆਰਡਰ ਲੈਂਦੇ ਸਮੇਂ ਵਿਦੇਸ਼ੀ ਖਰੀਦਦਾਰ ਨੂੰ ਕੱਚੇ ਮਾਲ ਵਰਗੇ ਸਟੀਲ ਦੀ ਮੌਜੂਦਾ ਕੀਮਤ 'ਚ 5 ਫੀਸਦੀ ਦਾ ਇਜ਼ਾਫਾ ਕਰ ਕੇ ਦੱਸਿਆ ਜਾਂਦਾ ਹੈ। ਡੀਲ ਤੈਅ ਹੋ ਜਾਣ ਦੇ ਬਅਦ ਕੱਚੇ ਮਾਲ ਦੇ ਮੁੱਲ ਵਧਣ ਜਾਂ ਘਟਣ, ਉਸ ਨਾਲ ਵਿਦੇਸ਼ੀ ਖਰੀਦਦਾਰ ਨੂੰ ਕੁਝ ਲੈਣਾ ਦੇਣਾ ਨਹੀਂ ਹੁੰਦਾ। ਪਿਛਲੇ ਇਕ ਮਹੀਨੇ 'ਚ ਸਟੀਲ 28,500 ਰੁਪਏ ਪ੍ਰਤੀ ਟਨ ਤੋਂ 33 ਹਜ਼ਾਰ ਰੁਪਏ ਪ੍ਰਤੀ ਟਨ 'ਤੇ ਆ ਗਿਆ ਹੈ। ਜਿਸ ਨਾਲ ਆਰਡਰ ਭੁਗਤਾਨ ਕਰਨ 'ਚ ਸਮੱਸਿਆ ਆਉਣੀ ਸ਼ੁਰੂ ਹੋ ਗਈ।

ਵਜ੍ਹਾ ਸਾਰਾ ਲਾਭ ਸਟੀਲ ਦੀਆਂ ਵਧੀਆਂ ਕੀਮਤਾਂ ਹੀ ਖਾ ਗਈਆਂ ਹਨ। ਸਟੀਲ ਦੇ ਮੁੱਲ ਵਧਣ ਦਾ ਕੋਈ ਖਾਸ ਕਾਰਨ ਵੀ ਬਾਜ਼ਾਰ 'ਚ ਨਜ਼ਰ ਨਹੀਂ ਆ ਰਿਹਾ। ਜਾਂਚ ਕਰਨ 'ਤੇ ਪਤਾ ਲੱਗਾ ਕਿ ਸੈਕੰਡਰੀ ਮਾਰਕੀਟ 'ਚ ਸੱਟੇਬਾਜ਼ੀ ਕਰਨ ਵਾਲੇ ਹੀ ਆਪਣੇ ਮਨ ਨਾਲ ਮੁੱਲ ਵਧਾ ਰਹੇ ਹਨ। ਸਟੀਲ ਰੋਲਿੰਗ ਮਿਲਸ ਵਾਲਿਆਂ ਦਾ ਵੀ ਮੰਨਣਾ ਹੈ ਕਿ ਬਾਜ਼ਾਰ ਤੋਂ ਸਟੀਲ ਦੀ ਮੰਗ ਕਾਫੀ ਘੱਟ ਆ ਰਹੀ ਹੈ। ਰੇਟ ਕਿਉਂ ਵਧ ਰਹੇ ਹਨ, ਇਸਦੇ ਬਾਰੇ ਖੁਦ ਉਨ੍ਹਾਂ ਨੂੰ ਨਹੀਂ ਪਤਾ। ਇਸ 'ਤੇ ਯੂਰੋ ਫੋਰਜਿਜ ਦੇ ਐੱਮ. ਡੀ. ਅਮਿਤ ਗੋਸਵਾਮੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਚਿੰਤਾ ਹੈ ਕਿ ਹੁਣ ਮਾਲ ਕਿਸ ਕੀਮਤ 'ਤੇ ਵਿਦੇਸ਼ੀ ਖਰੀਦਦਾਰਾਂ ਨੂੰ ਵੇਚਣ। ਜੇਕਰ ਰੇਟ ਵਧਾਉਣ ਲਈ ਕਹਿੰਦੇ ਹਨ ਤਾਂ ਉਹ ਆਰਡਰ ਰੱਦ ਕਰਨ ਬਾਰੇ ਮੇਲ ਪਾ ਦਿੰਦੇ ਹਨ ਅਤੇ ਜੇਕਰ ਆਰਡਰ ਦਾ ਭੁਗਤਾਨ ਨਾ ਕਰਨ ਤਾਂ ਭਵਿੱਖ 'ਚ ਖਰੀਦਦਾਰ ਆਰਡਰ ਨਹੀਂ ਦੇਵੇਗਾ।

ਇਸੇ ਤਰ੍ਹਾਂ ਆਰਡਰ ਦੇ ਭੁਗਤਾਨ ਲਈ ਮਜਬੂਰਨ ਉਨ੍ਹਾਂ ਨੂੰ ਆਪਣੀ ਜੇਬ 'ਚੋਂ ਪੈਸੇ ਪਾ ਕੇ ਭੁਗਤਾਨ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਕ ਤਾਂ ਵੈਸੇ ਹੀ ਚੀਨ ਨੇ ਵਿਦੇਸ਼ੀ ਬਾਜ਼ਾਰਾਂ 'ਚੋਂ ਭਾਰਤ ਤੋਂ ਸਸਤੀ ਦਰਾਂ 'ਚ ਬਰਾਮਦ ਕਰਨਾ ਸ਼ੁਰੂ ਕਰ ਕੀਤਾ ਹੋਇਆ ਹੈ। ਜਿਸ ਨਾਲ ਭਾਰਤੀ ਨਿਰਯਾਤਕਾਂ ਨੂੰ ਕੀਮਤਾਂ ਨੂੰ ਲੈ ਕੇ ਮਾਲ ਵੇਚਣ 'ਚ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ 'ਚ ਕੇਂਦਰ ਸਰਕਾਰ ਨੂੰ ਤੁਰੰਤ ਦਖਲ ਦੇ ਕੇ ਸਟੀਲ ਦੀਆਂ ਕੀਮਤਾਂ 'ਤੇ ਕੰਟਰੋਲ ਕਰਨਾ ਚਾਹੀਦਾ ਹੈ। ਇਸਦੀ ਨਿਗਰਾਨੀ ਲਈ ਸਟੀਲ ਰੈਗੂਲੇਟਰੀ ਕਮਿਸ਼ਨ ਦਾ ਗਠਨ ਕੀਤਾ ਜਾਵੇ ਤਾਂ ਕੇ ਸੱਟੇਬਾਜ਼ਾਂ 'ਤੇ ਨੁਕੇਲ ਕੱਸੀ ਜਾ ਸਕੇ।

Anuradha

This news is Content Editor Anuradha