ਲੰਬੀ ਦੇ ਪਿੰਡ ਮਹੁਆਣਾ ''ਚ ਹੋਏ ਰੋਜ਼ਗਾਰ ਮੇਲੇ ਨੂੰ ਨੌਜਵਾਨਾਂ ਨੇ ਦੱਸਿਆ ਡਰਾਮੇਬਾਜ਼ੀ

09/20/2019 6:47:08 PM

ਲੰਬੀ: ਪੰਜਾਬ ਸਰਕਾਰ ਵਲੋਂ ਅੱਜ ਮੈਗਾ ਰੋਜ਼ਗਾਰ ਮੇਲਾ ਲੰਬੀ ਦੇ ਪਿੰਡ ਮਹੁਆਣਾ 'ਚ ਲਗਾਇਆ ਗਿਆ, ਜੋ ਕਿ ਫਲਾਪ ਸਾਬਤ ਹੋਇਆ। ਜਿਸ ਕਾਰਨ ਨੌਜਵਾਨਾਂ 'ਚ ਨਿਰਾਸ਼ਾ ਦੇਖਣ ਨੂੰ ਮਿਲੀ। ਉਥੇ ਹੀ ਰੋਜ਼ਗਾਰ ਮੇਲੇ 'ਚ ਪਹੁੰਚੇ ਪੜੇ-ਲਿਖੇ ਨੌਜਵਾਨਾਂ ਤੇ ਮੁਟਿਆਰਾ ਨੇ ਇਸ ਮੇਲੇ ਨੂੰ ਡਰਾਮੇਬਾਜ਼ੀ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਦੇਣ ਦੇ ਮਕਸਦ ਤੋਂ ਸਟੇਟ ਲੇਵਲ ਦੇ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਇਸ ਦੇ ਚੱਲਦੇ ਲੰਬੀ ਦੇ ਪਿੰਡ ਮਹੁਆਣਾ 'ਚ ਪੰਜਵਾ ਸਟੇਟ ਲੇਵਲ ਮੇਗਾ ਰੋਜ਼ਗਾਰ ਮੇਲਾ ਲਗਾਇਆ ਗਿਆ। ਜਿਸ 'ਚ 40 ਵੱਖ-ਵੱਖ ਕੰਪਨੀਆਂ ਦੇ ਆਉਣ ਦੀ ਉਮੀਦ ਸੀ ਪਰ ਸਿਰਫ 25 ਦੇ ਕਰੀਬ ਕੰਪਨੀਆਂ ਹੀ ਇਥੇ ਪਹੁੰਚੀਆਂ।

ਉਨ੍ਹਾਂ ਕਿਹਾ ਕਿ ਇਸ ਮੇਲੇ ਦੌਰਾਨ ਉਚ ਸਿੱਖਿਆ ਪ੍ਰਾਪਤ ਨੌਜਵਾਨਾਂ-ਮੁਟਿਆਰਾਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਕ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਹਨ। ਇਸ ਕਾਰਨ ਨਿਰਾਸ਼ ਹੋਏ ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਯੋਗਤਾ ਮੁਤਾਬਕ ਇਥੇ ਕੰਪਨੀਆਂ ਨਹੀਂ ਪਹੁੰਚੀਆਂ, ਜਿਸ ਕਾਰਨ ਇਹ ਮੇਲੇ ਸਿਰਫ ਡਰਾਮੇਬਾਜ਼ੀ ਸਾਬਤ ਹੋ ਰਹੇ ਹਨ।  ਉਥੇ ਹੀ ਜਿਲੇ 'ਚ ਲੱਗ ਚੁਕੇ 5 ਰੋਜ਼ਗਾਰ ਮੇਲਿਆਂ 'ਚੋਂ ਕਿੰਨੇ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਹੈ, ਇਸ ਬਾਰੇ ਜਿਲਾ ਪ੍ਰਸ਼ਾਸਨ ਨੇ ਵੀ ਅਗਿਆਨਤਾ ਪ੍ਰਗਟ ਕੀਤੀ।