ਰੋਜ਼ਗਾਰ ਮੇਲੇ ਲਗਾ ਕੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਇਆ ਕਰਵਾਉਣਾ ਮੁੱਖ ਟੀਚਾ : ਜਾਖੜ

02/21/2018 4:07:46 PM

ਗੁਰਦਾਸਪੁਰ (ਦੀਪਕ) – ਗੁਰਦਾਸਪੁਰ 'ਚ ਮੈਡੀਕਲ ਕਾਲਜ ਖੋਲ੍ਹਣ ਸੰਬੰਧੀ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਵੱਲੋਂ ਆਪਣੇ-ਆਪਣੇ ਤਰੀਕੇ ਨਾਲ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅੱਗੇ ਮੰਗ ਰੱਖਣਾ ਸ਼ਲਾਘਾਯੋਗ ਕਦਮ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੁੱਧਵਾਰ ਹਲਕਾ ਵਿਧਾਇਕ ਗੁਰਦਾਸਪੁਰ ਬਰਿੰਦਰਮੀਤ ਸਿੰਘ ਪਾਹੜਾ ਦੇ ਗ੍ਰਹਿ ਵਿਖੇ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਦੇ ਸਾਂਸਦ ਸੁਨੀਲ ਜਾਖੜ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਸਾਂਸਦ ਸੁਨੀਲ ਜਾਖੜ ਗੁਰਦਾਸਪੁਰ 'ਚ ਬੁੱਧਵਾਰ ਰੋਜ਼ਗਾਰ ਮੇਲੇ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚ ਸਨ, ਜਿਥੇ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਨੇ ਵਿਧਾਇਕ ਪਾਹੜਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਸਾਂਸਦ ਸੁਨੀਲ ਜਾਖੜ ਨੇ ਕਿਹਾ ਕਿ ਜਿਹੜੀ ਦੋ ਦਿਨ ਪਹਿਲਾਂ ਖਬਰ ਪੇਪਰਾਂ 'ਚ ਪ੍ਰਕਾਸ਼ਿਤ ਹੋਈ ਹੈ, ਜਿਸ ਵਿਚ ਪ੍ਰਤਾਪ ਸਿੰਘ ਬਾਜਵਾ ਰਾਜ ਸਭਾ ਮੈਂਬਰ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅੱਗੇ ਮੁਹਾਲੀ ਦੇ ਮੈਡੀਕਲ ਕਾਲਜ ਨੂੰ ਸੰਗਰੂਰ ਸਿਫਟ ਕਰਨ ਦੀ ਬਜਾਏ ਗੁਰਦਾਸਪੁਰ ਜ਼ਿਲੇ ਵਿਚ ਸਿਫਟ ਕਰਨ ਦੀ ਮੰਗ ਰੱਖੀ ਸੀ। ਇਸ ਤੋਂ ਪਹਿਲਾਂ 13 ਫਰਵਰੀ ਨੂੰ ਜ਼ਿਲਾ ਗੁਰਦਾਸਪੁਰ ਦੇ ਕਾਂਗਰਸ ਪ੍ਰਧਾਨ ਅਸ਼ੋਕ ਚੌਧਰੀ ਅਤੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਫੋਨ ਕਰਕੇ ਮੰਗ ਰੱਖ ਦਿੱਤੀ ਸੀ ਅਤੇ ਹੁਣ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਮੁੱਖ ਮੰਤਰੀ ਦੇ ਨਾਮ ਪੱਤਰ ਲਿਖ ਕੇ ਕਾਲਜ ਨੂੰ ਗੁਰਦਾਸਪੁਰ ਲਿਆਉਣ ਦੀ ਮੰਗ ਰੱਖੀ ਹੈ, ਜੋ ਇਕ ਸ਼ਲਾਘਾਯੋਗ ਕਦਮ ਹੈ ਪਰ ਮੈਂ 13 ਫਰਵਰੀ ਨੂੰ ਅਸ਼ੋਕ ਚੌਧਰੀ ਨੂੰ ਫੋਨ 'ਤੇ ਦੱਸਿਆ ਸੀ ਕਿ ਮੈਡਮ ਅਰੁਣਾ ਚੌਧਰੀ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੈਬਨਿਟ ਕਮੇਟੀ ਵਿਚ ਸ਼ਾਮਲ ਹਨ ਅਤੇ 15 ਮਾਰਚ ਨੂੰ ਕੈਬਨਿਟ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ, ਜਿਸ ਵਿਚ ਤੁਸੀਂ ਇਸ ਮੰਗ ਨੂੰ ਰੱਖ ਸਕਦੇ ਹੋ ਪਰ ਉਨ੍ਹਾਂ ਨੇ ਨਾਲ ਇਹ ਵੀ ਦੱਸਿਆ ਕਿ ਕਾਲਜ ਖੋਲ੍ਹਣ ਦਾ ਪ੍ਰਾਜੈਕਟ ਸੈਂਟਰ ਸਰਕਾਰ ਦਾ ਹੈ। ਇਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਰਗ ਕੀਤਾ ਸੀ। ਉਨ੍ਹਾਂ ਦੱਸਿਆ ਕਿ ਅਸੀਂ ਇਸ ਮੁੱਦੇ ਨੂੰ ਗੁਰਦਾਸਪੁਰ ਦੇ ਪਿੱਛੜੇ ਇਲਾਕੇ ਵਿਚ ਖੁੱਲ੍ਹਵਾਉਣ ਲਈ ਮੁੱਖ ਮੰਤਰੀ ਨਾਲ ਮਿਲ ਕੇ ਮੁਹਾਲੀ ਦੀ ਬਜਾਏ ਗੁਰਦਾਸਪੁਰ ਵਿਚ ਖੋਲ੍ਹਣ ਦੀ ਸੈਂਟਰ ਸਰਕਾਰ ਅੱਗੇ ਮੰਗ ਰੱਖਾਂਗੇ। ਕਿਉਂਕਿ ਸੈਂਟਰ ਸਰਕਾਰ ਕੇਵਲ ਮੁਹਾਲੀ ਵਿਚ ਹੀ ਇਸ ਨੂੰ ਖੋਲ੍ਹਣ 'ਤੇ ਅੜੀ ਹੋਈ ਹੈ।