ਦਰਜਾ ਚਾਰ ਮੁਲਾਜ਼ਮਾਂ ਨੇ ਕੀਤਾ ਰੋਸ ਪ੍ਰਦਰਸ਼ਨ

08/15/2018 3:22:27 AM

ਨਵਾਂਸ਼ਹਿਰ   (ਤ੍ਰਿਪਾਠੀ/ਅੌਜਲਾ)-   ਦਿ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਨੇ ਅਾਪਣੀਆਂ ਮੰਗਾਂ ਸਬੰਧੀ ਰੋਸ ਪ੍ਰਦਰਸ਼ਨ ਕਰਨ ਉਪਰੰਤ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ।
  ਜ਼ਿਲਾ  ਪ੍ਰਧਾਨ ਦੇਵੀ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਡਿੱਠਾ ਕੀਤਾ ਜਾ ਰਿਹਾ ਹੈ। ਜਿਸ ਕਰ ਕੇ ਸਮੂਹ ਦਰਜਾ  ਚਾਰ ਮੁਲਾਜ਼ਮਾਂ ਵਿਚ ਸਰਕਾਰ ਦੇ ਖਿਲਾਫ ਗੁੱਸਾ ਪਾਇਆ ਜਾ ਰਿਹਾ ਹੈ। ਜਿਸ ਦੇ ਵਿਰੋਧ ’ਚ ਪੰਜਾਬ ਭਰ ਦੇ  ਜ਼ਿਲਾ ਹੈੱਡਕੁਆਰਟਰਾਂ ’ਤੇ  ਭੁੱਖ ਹਡ਼ਤਾਲ ਅਤੇ ਰੋਸ ਧਰਨੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਅਾਂ ਮੰਗਾਂ ਨੂੰ ਜਲਦ ਮਨਜ਼ੂਰ ਕਰ ਕੇ ਲਾਗੂ ਨਾ ਕੀਤਾ ਤਾਂ ਉਹ ਅਾਪਣੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨ ਲਈ ਮਜਬੂਰ ਹੋਣਗੇ। 
ਪ੍ਰਦਰਸ਼ਨਕਾਰੀਆਂ ਨੇ ਰੋਸ ਪ੍ਰਗਟ ਕਰਨ ਦੇ ਉਪਰੰਤ ਡਿਪਟੀ ਕਮਿਸ਼ਨਰ ਦੀ ਮਾਰਫਤ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ। ਇਸ ਸਮੇਂ ਜਨਰਲ ਸਕੱਤਰ ਗੁਰਪਾਲ ਸਿੰਘ, ਚੇਅਰਮੈਨ ਸ਼ਿੰਗਾਰਾ ਰਾਮ, ਰਾਮ ਲੁਭਾਇਆ, ਬਲਵੀਰ ਕੁਮਾਰ, ਸੋਮਨਾਥ, ਫਕੀਰ ਚੰਦ, ਅਮਰੀਕ ਸਿੰਘ, ਬਲਵਿੰਦਰ ਸਿੰਘ, ਰਾਕੇਸ਼ ਕੁਮਾਰ, ਕ੍ਰਿਸ਼ਨਾ ਦੇਵੀ, ਸਤਨਾਮ ਸਿੰਘ, ਗਗਨਦੀਪ  ਅਤੇ ਮੇਜਰ ਸਿੰਘ ਆਦਿ ਹਾਜ਼ਰ ਸਨ। 
 ਕੀ ਹਨ ਮੁਲਾਜ਼ਮਾਂ ਦੀਆਂ ਮੰਗਾਂ
 ਦਰਜਾ ਚਾਰ ਅਤੇ ਠੇਕਾ ਆਧਾਰਿਤ ਆਊਟ ਸੋਰਸਿੰਗ ਦਿਹਾੜੀਦਾਰ-ਪਾਰਟ ਟਾਈਮ ਕਰਮਚਾਰੀਆਂ ਦੀਆਂ ਮੰਗਾਂ ਦਾ ਨਿਪਟਾਰਾ 2016 ਐਕਟ ਤਹਿਤ ਕੀਤਾ ਜਾਵੇ, 5ਵੀਂ ਤਨਖਾਹ ਕਮਿਸ਼ਨ ਦੀ ਰਿਪੋਰਟ ਦਾ ਨਿਪਟਾਰਾ ਅਤੇ 6ਵਾਂ ਤਨਖਾਹ ਕਮਿਸ਼ਨ ਨੂੰ ਲਾਗੂ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, 2 ਦਹਾਕਿਅਾਂ ਤੋਂ ਪਰਮੋਸ਼ਨ ਤੋਂ ਵਾਂਝੇ ਮੁਲਾਜ਼ਮਾਂ ਨੂੰ ਤਰੱਕੀਆਂ ਦਿੱਤੀਆਂ ਜਾਣ ਅਤੇ ਕਰਮਚਾਰੀਆਂ ਨੂੰ ਵਰਦੀ ਦਿੱਤੀ ਜਾਵੇ।