ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਸਬੰਧੀ ਮੁਲਾਜ਼ਮਾਂ ਵੱਲੋਂ ਰੋਸ ਮੁਜ਼ਾਹਰਾ

11/24/2020 1:44:21 AM

ਸੰਗਰੂਰ, (ਵਿਵੇਕ ਸਿੰਧਵਾਨੀ, ਬੇਦੀ, ਯਾਦਵਿੰਦਰ, ਸਿੰਗਲਾ)- 2004 ਤੋਂ ਬਾਅਦ ਸਰਕਾਰੀ ਨੌਕਰੀ ’ਚ ਭਰਤੀ ਹੋਏ ਸਰਕਾਰੀ ਮੁਲਾਜ਼ਮਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਲਈ ਲਗਾਤਾਰ ਸ਼ੰਘਰਸ਼ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦੇ ਸੀ. ਪੀ. ਐੱਫ਼. ਕਰਮਚਾਰੀ ਯੂਨੀਅਨ ਪੰਜਾਬ ਅਤੇ ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਵੱਲੋਂ ਸਾਂਝੇ ਤੌਰ ’ਤੇ ਐੱਨ.ਪੀ.ਐੱਸ.ਈ.ਯੂ. ਦੇ ਝੰਡੇ ਹੇਠ ਜ਼ਿਲਾ ਪੱਧਰ ’ਤੇ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ।

ਇਸ ਮੌਕੇ ਜ਼ਿਲਾ ਪ੍ਰਧਾਨ ਦੀਦਾਰ ਸਿੰਘ ਛੋਕਰਾਂ, ਜਨਰਲ ਸਕੱਤਰ ਰਾਜਵੀਰ ਬਡਰੁੱਖਾਂ ਨੇ ਕਿਹਾ ਕਿ ਯੂਨੀਅਨ ਦੀਆਂ ਸਰਕਾਰ ਦੇ ਕੈਬਨਿਟ ਮੰਤਰੀਆਂ ਨਾਲ ਹੋਈਆਂ ਕਈ ਮੀਟਿੰਗਾਂ ਦੇ ਬਾਵਜੂਦ ਵੀ ਸੂਬਾ ਸਰਕਾਰ ਮੁਲਾਜ਼ਮਾਂ ਦੀ ਮੁੱਖ ਮੰਗ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਵਾਉਣ ’ਤੇ ਚੁੱਪੀ ਧਾਰ ਕੇ ਬੈਠੀ ਹੋਈ ਹੈ।

ਦੂਜੇ ਪਾਸੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸੂਬੇ ਨੂੰ ਆਰਥਿਕ ਸੰਕਟ ’ਚ ਘਿਰਿਆ ਦੱਸ ਰਹੇ ਹਨ ਜਦਕਿ ਯੂਨੀਅਨ ਵੱਲੋਂ ਬਹੁਤ ਵਾਰ ਸੁਝਾਅ ਦਿੱਤਾ ਗਿਆ ਹੈ ਕਿ ਜੇਕਰ ਸੀ. ਪੀ. ਐੱਫ਼. ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ ਦੇ ਘੇਰੇ ’ਚ ਵਾਪਸ ਲਿਆਂਦਾ ਜਾਵੇ ਤਾਂ 7000/—ਕਰੋੜ ਰੁਪਏ ਤੋਂ ਜ਼ਿਆਦਾ ਪੈਸਾ ਸੂਬਾ ਸਰਕਾਰ ਨੂੰ ਕੇਂਦਰੀ ਪੈਨਸ਼ਨ ਏਜੰਸੀ ਤੋਂ ਵਾਪਸ ਆਵੇਗਾ। ਜਿਸ ਨਾਲ ਸੂਬਾ ਸਰਕਾਰ ਦਾ ਆਰਥਿਕ ਸੰਕਟ ਵੀ ਖਤਮ ਹੋਵੇਗਾ ਤੇ ਮੁਲਾਜ਼ਮਾਂ ਦੇ ਮਨ ’ਚ ਨਵੀਂ ਪੈਨਸ਼ਨ ਸਕੀਮ ਨੂੰ ਲੈ ਕੇ ਬਣੀ ਬੇਭਰੋਸਗੀ ਤੋਂ ਵੀ ਨਿਜਾਤ ਮਿਲੇਗੀ ਕਿਉਂਕਿ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਨੋਟੀਫਿਕੇਸ਼ਨਾਂ ਦੀ ਤਰ੍ਹਾਂ ਮੁਲਾਜ਼ਮਾਂ ’ਤੇ ਨਵੀਂ ਪੈਨਸ਼ਨ ਸਕੀਮ ਲਾਗੂ ਕਰ ਕੇ ਉਨ੍ਹਾਂ ਦਾ ਭਵਿੱਖ ਸਰਕਾਰਾਂ ਨੇ ਕਾਰਪੋਰੇਟ ਘਰਾਣਿਆਂ ਕੋਲ ਵੇਚ ਦਿੱਤਾ ਹੈ। ਜਿਸ ਦਾ ਵਿਰੋਧ ਦੇਸ਼/ਸੂਬੇ ਭਰ ਦੇ ਲੱਖਾਂ ਕਰਮਚਾਰੀ ਕਰ ਰਹੇ ਹਨ।

ਰਣਬੀਰ ਸਿੰਘ ਢੰਡੇ ਸੂਬਾਈ ਆਗੂ, ਹਰਵੀਰ ਸਿੰਘ ਢੀਂਡਸਾ ਸੂਬਾ ਪ੍ਰਧਾਨ ਦਾ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ, ਸੁਖਪਾਲ ਸਿੰਘ ਰੁਪਿੰਦਰ ਸ਼ਰਮਾ ਬਲਾਕ ਦਿੜ੍ਹਬਾ ਪ੍ਰਧਾਨ, ਸਤੀਸ ਕੁਮਾਰ ਬਲਾਕ ਮੂਣਕ ਪ੍ਰਧਾਨ, ਤਜਿੰਦਰ ਸਿੰਘ ਜ਼ਿਲਾ ਮੀਤ ਪ੍ਰਧਾਨ, ਰਾਜ ਕੁਮਾਰ ਅਰੋ਼ੜਾ ਸੂਬਾਈ ਪੈਨਸ਼ਨਰ ਆਗੂ, ਮੇਲਾ ਸਿੰਘ ਪੁੰਨਾਵਾਲ ਆਗੂ ਦੀ ਕਲਾਸ ਫ਼ੋਰ ਗੌਰਮਿੰਟ ਇੰਪਲਾਈਜ਼ ਯੂਨੀਅਨ, ਜਗਦੀਪ ਗੁੱਜਰਾਂ ਆਗੂ ਬਿਜਲੀ ਬੋਰਡ, ਬਲਬੀਰ ਚੰਦ ਆਗੂ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਆਦਿ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਮੰਗ ਨੂੰ ਨਜ਼ਰਅੰਦਾਜ਼ ਕਰਨਾ ਸੂਬਾ ਸਰਕਾਰ ਨੂੰ ਆਉਣ ਵਾਲੀਆਂ 2022 ਦੀਆਂ ਚੋਣਾਂ ’ਚ ਭਾਰੀ ਪਵੇਗਾ ਕਿਉਂਕਿ ਸੂਬੇ ਦੀਆਂ ਸਮੂਹ ਜਥੇਬੰਦੀਆਂ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਮੁੱਖ ਤੌਰ ’ਤੇ ਕਰ ਰਹੀਆਂ ਹਨ। ਜ਼ਿਲਾ ਸੰਗਰੂਰ ’ਚ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਅੱਗੇ ਭਾਰੀ ਗਿਣਤੀ ’ਚ ਮੁਲਾਜ਼ਮਾਂ ਵੱਲੋਂ ਰੋਸ ਮੁਜ਼ਾਹਰਾ ਅਤੇ ਨਾਅਰੇਬਾਜ਼ੀ ਕਰਦੇ ਹੋਏ ਲਾਲ ਬੱਤੀਆਂ ਚੌਕ ’ਚ ਅਰਥੀ ਫ਼ੂਕ ਕੇ ਰੋਸ ਜ਼ਾਹਿਰ ਕੀਤਾ ਗਿਆ।

ਇਸ ਮੌਕੇ ਸਰਬਜੀਤ ਸਿੰਘ ਪੁੰਨਾਵਾਲ, ਦੇਵੀ ਦਿਆਲ, ਸੁਖਦੇਵ ਚੰਗਾਲੀਵਾਲਾ, ਮਾਲਵਿੰਦਰ ਸਿੰਘ ਸੰਧੂ, ਬਲਦੇਵ ਬਡਰੁੱਖਾਂ, ਰਵਿਤਾ ਸ਼ਰਮਾ, ਸਿਮਰਨਦੀਪ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਮੁਲਾਜ਼ਮ ਹਾਜ਼ਰ ਸਨ।

Bharat Thapa

This news is Content Editor Bharat Thapa