ਸ਼ਰਮਨਾਕ ! ਰਾਏਕੋਟ ਦੇ ਪਿੰਡ ਬੱਸੀਆਂ ’ਚ ਰੂੜੀਆਂ ਤੋਂ ਮਿਲਿਆ ਨਵਜੰਮਿਆ ਬੱਚਾ, ਫੈਲੀ ਸਨਸਨੀ

07/20/2021 7:23:51 PM

ਲੁਧਿਆਣਾ (ਹੇਮਰਾਜ ਬੱਬਰ)-ਰਾਏਕੋਟ ਦੇ ਪਿੰਡ ਬੱਸੀਆਂ ਵਿਖੇ ਝੋਰੜਾਂ ਰੋਡ ’ਤੇ ਸਥਿਤ ਰੂੜੀਆਂ ਤੋਂ ਇੱਕ ਨਵਜੰਮਿਆ ਬੱਚਾ (ਲੜਕਾ) ਮਿਲਣ ਕਾਰਨ ਇਲਾਕੇ ’ਚ ਸਨਸਨੀ ਫੈਲ ਗਈ, ਜਿਸ ਦਾ ਪਤਾ ਉਸ ਸਮੇਂ ਲੱਗਿਆ, ਜਦੋਂ ਝੁੱਗੀ-ਝੌਂਪੜੀ ਵਾਲਿਆਂ ਨੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ। ਉਨ੍ਹਾਂ ਬੱਚੇ ਨੂੰ ਚੁੱਕ ਲਿਆ ਅਤੇ ਲੰਘ ਰਹੇ ਪਿੰਡ ਦੇ ਕੁਝ ਨੌਜਵਾਨਾਂ ਨੂੰ ਦੱਸਿਆ ਤਾਂ ਉਕਤ ਨੌਜਵਾਨਾਂ ਨੇ ਇਸ ਦੀ ਸੂਚਨਾ ਆਪਣੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਸਰਪੰਚ ਜਗਦੇਵ ਸਿੰਘ ਚੀਮਾ ਨੂੰ ਦਿੱਤੀ। ਇਸ ਖ਼ਬਰ ਦੀ ਭਿਣਕ ਲੱਗਦਿਆਂ ਹੀ ਵੱਡੀ ਗਿਣਤੀ ’ਚ ਪਿੰਡ ਵਾਸੀ ਅਤੇ ਆਲੇ-ਦੁਆਲੇ ਦੇ ਲੋਕ ਉਕਤ ਜਗ੍ਹਾ ਉਪਰ ਪਹੁੰਚ ਗਏ। ਇਸ ਮੌਕੇ ਸਰਪੰਚ ਜਗਦੇਵ ਸਿੰਘ, ਬਲਵੀਰ ਸਿੰਘ ਚੀਮਾ ਅਤੇ ਹੋਰਨਾਂ ਮੋਹਤਬਰਾਂ ਨੇ ਐਂਬੂਲੈਂਸ ਰਾਹੀਂ ਇਸ ਬੱਚੇ ਨੂੰ ਸਰਕਾਰੀ ਹਸਪਤਾਲ ਰਾਏਕੋਟ ਵਿਖੇ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਬੱਚੇ ਦਾ ਡਾਕਟਰੀ ਮੁਆਇਨਾ ਕੀਤਾ।

ਇਹ ਵੀ ਪੜ੍ਹੋ : ਬੇਰੋਜ਼ਗਾਰੀ ਤੋਂ ਤੰਗ ਆਏ ਨੌਜਵਾਨ ਨੇ ਜ਼ਹਿਰੀਲੀ ਦਵਾਈ ਖਾ ਕੇ ਕੀਤੀ ਖੁਦਕੁਸ਼ੀ

ਇਸ ਮੌਕੇ ਗੱਲਬਾਤ ਕਰਦਿਆਂ ਡਾ. ਹਰਕਮਲ ਕੌਰ ਨੇ ਦੱਸਿਆ ਕਿ ਪਿੰਡ ਬੱਸੀਆਂ ’ਚੋਂ ਮਿਲਿਆ ਨਵਜੰਮਿਆ ਬੱਚਾ ਲੜਕਾ ਹੈ ਪਰ ਉਸ ਦਾ ਨਾੜੂਆ ਕੱਟਿਆ ਹੋਇਆ ਨਹੀਂ ਸੀ, ਜਿਸ ’ਤੇ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ, ਹਾਲਾਂਕਿ ਬੱਚਾ ਪੂਰੀ ਤਰ੍ਹਾਂ ਸਿਹਤਯਾਬ ਸੀ। ਬੱਚੇ ਨੂੰ 48 ਘੰਟਿਆਂ ਲਈ ਡਾਕਟਰੀ ਦੇਖ-ਰੇਖ ’ਚ ਰੱਖਣ ਲਈ ਲੁਧਿਆਣਾ ਦੇ ਸਰਕਾਰੀ ਹਸਪਤਾਲ ਵਿਖੇ ਭੇਜ ਦਿੱਤਾ ਗਿਆ। ਉਧਰ ਹਸਪਤਾਲ ’ਚ ਮੌਜੂਦ ਦੋ ਔਰਤਾਂ, ਜਿਨ੍ਹਾਂ ਦੀ ਰਾਤ ਨੂੰ ਡਲਿਵਰੀ ਹੋਈ ਸੀ, ਨੇ ਇਸ ਲਾਵਾਰਿਸ ਬੱਚੇ ਨੂੰ ਆਪਣਾ ਦੁੱਧ ਪਿਲਾ ਕੇ ਮਮਤਾ ਦੀ ਅਨੋਖੀ ਮਿਸਾਲ ਕਾਇਮ ਕੀਤੀ। ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਸਦਰ ਰਾਏਕੋਟ ਦੇ ਐੱਸ. ਐੱਚ. ਓ. ਅਜੈਬ ਸਿੰਘ ਨੇ ਦੱਸਿਆ ਕਿ ਇਸ ਸਬੰਧ ’ਚ ਮੁਕੱਦਮਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਜਗਦੇਵ ਸਿੰਘ ਸਰਪੰਚ, ਬਲਵੀਰ ਸਿੰਘ ਚੀਮਾ ਅਤੇ ਹੋਰਨਾਂ ਪਿੰਡ ਵਾਸੀਆਂ ਨੇ ਇਸ ਘਟਨਾ ਉਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਜਿੱਥੇ ਮਮਤਾ ਦੇ ਰਿਸ਼ਤੇ ਨੂੰ ਕਲੰਕਿਤ ਕਰਦੀਆਂ ਹਨ, ਉੱਥੇ ਹੀ ਸਮਾਜ ਨੂੰ ਵੀ ਸ਼ਰਮਸਾਰ ਕਰਦੀਆਂ ਹਨ। ਇਸ ਦੌਰਾਨ ਵੱਡੀ ਗਿਣਤੀ ’ਚ ਲੋਕਾਂ ਵੱਲੋਂ ਬੱਚੇ ਨੂੰ ਗੋਦ ਲੈਣ ਲਈ ਯਤਨ ਕੀਤੇ ਜਾ ਰਹੇ ਹਨ।

Manoj

This news is Content Editor Manoj