ਬਿਜਲੀ ਸੁਧਾਰ ਦੇ ਕੰਮਾਂ ''ਤੇ ਖਰਚੇ ਜਾਣਗੇ ਇਕ ਕਰੋੜ

10/27/2017 4:26:33 AM

ਬੇਗੋਵਾਲ, (ਰਜਿੰਦਰ)- ਪਾਵਰਕਾਮ ਵਲੋਂ ਕਸਬਾ ਬੇਗੋਵਾਲ 'ਚ ਬਿਜਲੀ ਕੰਮਾਂ 'ਤੇ ਸੁਧਾਰ ਲਈ ਇਕ ਕਰੋੜ ਦੀ ਰਾਸ਼ੀ ਖਰਚੀ ਜਾ ਰਹੀ ਹੈ। ਜਿਸ ਨੂੰ ਮੁੱਖ ਰੱਖਦਿਆਂ ਪਾਵਰਕਾਮ ਦੇ ਕਰਤਾਰਪੁਰ ਮੰਡਲ ਦੇ ਐਕਸੀਅਨ ਦਵਿੰਦਰ ਸਿੰਘ ਨੇ ਅੱਜ ਬੇਗੋਵਾਲ ਸ਼ਹਿਰ 'ਚ ਸਰਵੇ ਕੀਤਾ। ਉਨ੍ਹਾਂ ਨਾਲ ਵਧੀਕ ਸਹਾਇਕ ਇੰਜੀਨੀਅਰ ਕੁਲਤਾਰ ਸਿੰਘ, ਐੱਸ. ਡੀ. ਓ. ਨਾਨਕ ਚੰਦ ਤੇ ਜੇ. ਈ. ਜੋਗਿੰਦਰ ਸਿੰਘ ਆਦਿ ਸਨ। 
ਇਸ ਮੌਕੇ ਗੱਲਬਾਤ ਕਰਦਿਆਂ ਐਕਸੀਅਨ ਦਵਿੰਦਰ ਸਿੰਘ ਨੇ ਦੱਸਿਆ ਕਿ ਏਕੀਕ੍ਰਿਤ ਬਿਜਲੀ ਵਿਕਾਸ ਸਕੀਮ (ਆਈ. ਪੀ. ਡੀ. ਐੱਸ.) ਤਹਿਤ ਸ਼ਹਿਰ 'ਚ ਬਿਜਲੀ ਕੰਮਾਂ 'ਤੇ ਇਕ ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ। ਜਿਸ ਤਹਿਤ ਸ਼ਹਿਰ 'ਚ ਨਵੇਂ ਟਰਾਂਸਫਾਰਮਰ, ਨਵੀਆਂ ਲਾਈਨਾਂ ਖਿੱਚਣੀਆਂ ਸਮੇਤ ਹੋਰ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਨਗਰ ਪੰਚਾਇਤ ਬੇਗੋਵਾਲ ਦੇ ਰਿਹਾਇਸ਼ੀ ਇਲਾਕੇ 'ਚ ਹੀ ਖਰਚੀ ਜਾਵੇਗੀ ਤੇ ਲੋਕਾਂ ਨੂੰ ਬਿਹਤਰ ਬਿਜਲੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਦੂਜੇ ਪਾਸੇ ਇਸ ਸਰਵੇ ਪ੍ਰੋਗਰਾਮ ਦੌਰਾਨ ਕਾਂਗਰਸੀ ਆਗੂ ਰਛਪਾਲ ਸਿੰਘ ਬੱਚਾਜੀਵੀ ਦੀ ਅਗਵਾਈ ਹੇਠ ਸ਼ਹਿਰ ਵਾਸੀਆਂ ਵਲੋਂ ਐਕਸੀਅਨ ਦਵਿੰਦਰ ਸਿੰਘ ਨੂੰ ਬਿਜਲੀ ਸੰਬੰਧੀ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਗਈ। 
ਇਸ ਮੌਕੇ ਜਸਵੀਰ ਸਿੰਘ ਸੈਕਟਰੀ, ਜਸਵਿੰਦਰ ਸਿੰਘ ਬਿੱਟੂ, ਨੰਬਰਦਾਰ ਸੁਖਜੀਤ ਸਿੰਘ, ਕਰਨੈਲ ਸਿੰਘ ਬੱਗਾ, ਚੰਨੀ ਬੇਗੋਵਾਲ, ਕੁਲਦੀਪ ਸਿੰਘ ਘੋਤੜਾ ਤੇ ਮਨਜੀਤ ਸਿੰਘ ਘੋਤੜਾ ਆਦਿ ਹਾਜ਼ਰ ਸਨ।