ਬਿਜਲੀ ਦੀਆਂ ਢਿੱਲੀਆਂ ਤਾਰਾਂ ਕਿਸਾਨਾਂ ਦੇ ਸੁਪਨੇ ਕਰ ਰਹੀਆਂ ਹਨ ਸੁਆਹ

04/21/2018 5:53:26 PM

ਕਪੂਰਥਲਾ (ਗੁਰਵਿੰਦਰ ਕੌਰ) - ਖੇਤਾਂ 'ਚੋਂ ਲੰਘਦੀਆਂ ਬਿਜਲੀ ਦੀਆਂ ਢਿੱਲੀਆਂ ਤਾਰਾਂ ਤੇ ਟਿਊਬਵੈੱਲਾਂ ਦੇ ਨਾਲ ਲੱਗਦੀ ਜ਼ਮੀਨ 'ਚ ਖੜ੍ਹੇ ਬਿਜਲੀ ਦੇ ਟਰਾਂਸਫਾਰਮਰ ਕਿਸਾਨਾਂ 'ਤੇ ਕਹਿਰ ਬਣ ਕੇ ਵਰ ਰਹੇ ਹਨ। ਪਿਛਲੇ ਸਾਲਾਂ ਦੌਰਾਨ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਜੋ ਵੀ ਕੱਟਣ ਲਈ ਤਿਆਰ ਕਣਕ ਦੀ ਫਸਲ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋਈ ਸੀ, ਉਸਦੀ ਮੁੱਖ ਵਜ੍ਹਾ ਬਿਜਲੀ ਦੀਆਂ ਢਿੱਲੀਆਂ ਤਾਰਾਂ ਹੀ ਸਨ ਪਰ ਇਸ ਦੇ ਬਾਵਜੂਦ ਪ੍ਰਸ਼ਾਸਨਿਕ ਤੇ ਪਾਵਰਕਾਮ ਅਧਿਕਾਰੀ ਕੋਈ ਠੋਸ ਕਦਮ ਨਹੀਂ ਚੁੱਕ ਰਹੇ, ਜਿਸ ਕਾਰਨ ਕਿਸਾਨਾਂ ਦੀ ਮਿਹਨਤ 'ਤੇ ਪਾਣੀ ਫਿਰ ਰਿਹਾ ਹੈ। ਹਰ ਸਾਲ ਬਿਜਲੀ ਦੀਆਂ ਢਿੱਲੀਆਂ ਤਾਰਾਂ ਤੇ ਖੇਤਾਂ 'ਚ ਖੜ੍ਹੇ ਟਰਾਂਸਫਾਰਮਾਂ ਕਾਰਨ ਸੈਂਕੜੇ ਏਕੜ ਕਟਾਈ ਲਈ ਤਿਆਰ ਕਣਕ ਦੀ ਫਸਲ ਸੜ ਕੇ ਸੁਆਹ ਹੋ ਰਹੀ ਹੈ। 


ਪਾਵਰਕਾਮ ਵੱਲੋਂ ਹਰ ਸਾਲ ਸਿਰਫ ਦਿੱਤਾ ਜਾਂਦਾ ਭਰੋਸਾ
ਜ਼ਿਕਰਯੋਗ ਹੈ ਕਿ ਹਰੇਕ ਸਾਲ ਪਾਵਰਕਾਮ ਦੀ ਅਣਗਹਿਲੀ ਕਾਰਨ ਸੈਂਕੜੇ ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਜਾਂਦੀ ਹੈ, ਜਿਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਹਰੇਕ ਸਾਲ ਪਾਵਰਕਾਮ ਕੋਲ ਕਣਕ ਦੀ ਫਸਲ ਨੂੰ ਅੱਗ ਤੋਂ ਬਚਾਉਣ ਦਾ ਸਿਰਫ ਇਕ ਹੀ ਤਰੀਕਾ ਵਰਤਿਆ ਜਾਂਦਾ ਹੈ ਜੋ ਬਿਜਲੀ ਸਪਲਾਈ ਨੂੰ ਬੰਦ ਕਰ ਦੇਣਾ, ਕੀ ਇਹ ਕਾਰਗਰ ਤਰੀਕਾ ਹੈ? ਪਾਵਰਕਾਮ ਨੂੰ ਕਿਸਾਨਾਂ ਦੇ ਹੁੰਦੇ ਨੁਕਸਾਨ ਨੂੰ ਰੋਕਣ ਲਈ ਇਸਦਾ ਕੋਈ ਪੱਕਾ ਹੱਲ ਕੱਢਣਾ ਹੋਵੇਗਾ ਨਹੀਂ ਤਾਂ ਕਣਕ ਨੂੰ ਅੱਗ ਲੱਗਣ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਕਿਸਾਨ ਇਸੇ ਤਰ੍ਹਾਂ ਪਾਵਰਕਾਮ ਤੇ ਸਰਕਾਰਾਂ ਨੂੰ ਕੋਸਦੇ ਰਹਿਣਗੇ। 

ਹਰ ਸਮੇਂ ਬਣਿਆ ਰਹਿੰਦਾ ਹੈ ਖਤਰਾ !
ਪੂਰੀ ਤਰ੍ਹਾਂ ਪੱਕ ਕੇ ਤਿਆਰ ਖੇਤਾਂ 'ਚ ਖੜ੍ਹੀ ਸੋਨੇ ਰੰਗੀ ਕਣਕ ਦੀ ਫਸਲ ਤੋਂ ਅੰਨਦਾਤਾ ਕਹਾਉਣ ਵਾਲਾ ਕਿਸਾਨ ਕਈ ਤਰ੍ਹਾਂ ਦੇ ਸੁਪਨੇ ਸਜਾ ਕੇ ਬੈਠਾ ਹੈ, ਕਿਸਾਨਾਂ ਦੇ ਇਨ੍ਹਾਂ ਸੁਪਨਿਆਂ ਨੂੰ ਖੇਤਾਂ 'ਚੋਂ ਲੰਘਦੀਆਂ ਬਿਜਲੀ ਦੀਆਂ ਢਿੱਲੀਆਂ ਤਾਰਾਂ ਸੁਆਹ ਕਰ ਰਹੀਆਂ ਹਨ, ਜਿਸਦਾ ਮੁੱਖ ਕਾਰਨ ਖੇਤਾਂ 'ਚ ਖੜ੍ਹੇ ਟਰਾਂਸਫਾਰਮਰ ਤੇ ਢਿੱਲੀਆਂ ਤਾਰਾਂ ਹਨ, ਜਿਨ੍ਹਾਂ 'ਚ ਵੋਲਟੇਜ ਵੱਧ ਘੱਟ ਆਉਣ ਕਾਰਨ, ਕਿਸੇ ਪੰਛੀ ਦੇ ਬੈਠਣ-ਉੱਠਣ ਜਾਂ ਤੇਜ਼ ਹਵਾਵਾਂ ਕਾਰਨ ਚੰਗਿਆੜੀਆਂ ਨਿਕਲਦੀਆਂ ਹਨ ਤੇ ਸੈਂਕੜੇ ਏਕੜ ਕਣਕ ਨੂੰ ਕੁਝ ਮਿੰਟਾਂ 'ਚ ਸਾੜ ਕੇ ਸੁਆਹ ਬਣਾ ਦਿੰਦੀਆਂ ਹਨ। ਜਿਨ੍ਹਾਂ ਦਾ ਖਤਰਾ ਕਿਸਾਨਾਂ ਨੂੰ ਫਸਲ ਵੱਢਣ ਤਕ ਬਣਿਆ ਰਹਿੰਦਾ ਹੈ ਤੇ ਚੰਗਿਆੜੀ ਕਾਰਨ ਫਸਲਾਂ ਨੂੰ ਲੱਗ ਰਹੀ ਅੱਗ ਕਾਰਨ ਵਾਪਰ ਦੀਆਂ ਘਟਨਾਵਾਂ ਲਈ ਕਿਸਾਨ ਸਰਕਾਰ ਤੇ ਬਿਜਲੀ ਵਿਭਾਗ ਨੂੰ ਲਗਾਤਾਰ ਕੋਸਦਾ ਨਜ਼ਰ ਆ ਰਿਹਾ ਹੈ। ਸਬੰਧਿਤ ਵਿਭਾਗ ਵੀ ਇਸ ਪਾਸੇ ਅਵੇਸਲੇਪਣ ਵਾਲੀ ਨੀਤੀ ਅਪਣਾਈ ਬੈਠਾ ਹੈ। 
ਢਿੱਲੀਆਂ ਤਾਰਾਂ ਕਾਰਨ ਅੱਗ ਲੱਗਣ ਦਾ ਸਿਲਸਿਲਾ ਸ਼ੁਰੂ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੀਤੇ ਕੁਝ ਦਿਨਾਂ ਤੋਂ ਬਿਜਲੀ ਦੀਆਂ ਢਿੱਲੀਆਂ ਤਾਰਾਂ ਕਾਰਨ ਪੂਰੀ ਤਰ੍ਹਾਂ ਪੱਕ ਚੁੱਕੀਆਂ ਕਣਕਾਂ ਨੂੰ ਅੱਗ ਲੱਗਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਬੀਤੇ ਕੁਝ ਦਿਨ ਪਹਿਲਾਂ ਕਪੂਰਥਲਾ ਦੇ ਨਜ਼ਦੀਕੀ ਪਿੰਡ ਮਾਧੋ ਝੰਡਾ ਵਿਖੇ ਅੱਗ ਲੱਗਣ ਕਾਰਨ ਕਿਸਾਨ ਪਲਵਿੰਦਰ ਸਿੰਘ ਉਰਫ ਟੋਨੀ ਪੁੱਤਰ ਬੱਗਾ ਸਿੰਘ ਦੇ 4 ਕਨਾਲ ਕਣਕ ਸੜ ਕੇ ਸੁਆਹ ਹੋ ਗਈ, ਜਿਸਦਾ ਮੁੱਖ ਕਾਰਨ ਬਿਜਲੀ ਦੀਆਂ ਢਿੱਲੀਆਂ ਤਾਰਾਂ ਹਨ।
ਕਿਸਾਨ ਨੇ ਦੱਸਿਆ ਕਿ ਸਵੇਰੇ 10 ਵਜੇ ਉਨ੍ਹਾਂ ਦੇ ਖੇਤਾਂ 'ਚੋਂ ਲੰਘਦੀਆਂ ਬਿਜਲੀ ਦੀਆਂ ਢਿੱਲੀਆਂ ਤਾਰਾਂ 'ਤੇ ਕਿਸੇ ਪੰਛੀ ਦੇ ਬੈਠਣ ਨਾਲ ਤਾਰਾਂ ਆਪਸ 'ਚ ਜੁੜ ਗਈਆਂ, ਜਿਨ੍ਹਾਂ 'ਚੋਂ ਚੰਗਿਆੜੀ ਨਿਕਲੀ, ਸਾਡੀ ਕਣਕ ਨੂੰ ਸੁਆਹ ਕਰ ਗਈ। ਇਸੇ ਤਰ੍ਹਾਂ ਸਾਇੰਸ ਸਿਟੀ ਦੇ ਨਜ਼ਦੀਕ ਪਿੰਡ ਢਪੱਈ ਦੇ ਕਿਸਾਨਾਂ ਦੀ ਤੇਜ਼ ਹਨੇਰੀ ਚੱਲਣ ਕਾਰਨ ਬਿਜਲੀ ਦੀ ਤਾਰ ਡਿੱਗਣ ਨਾਲ 2 ਏਕੜ ਕਣਕ ਸੜ ਕੇ ਸਵਾਹ ਹੋ ਗਈ। ਕਿਸਾਨ ਅਮਰੀਕ ਸਿੰਘ ਨੇ ਦਸਿਆ ਕਿ ਸ਼ਾਮ ਤੇਜ਼ ਹਨੇਰੀ ਆਉਣ ਕਾਰਨ ਤਾਰਾਂ ਆਪਸ 'ਚ ਟਕਰਾਉਣ ਲੱਗ ਪਈਆਂ, ਜਿਨ੍ਹਾਂ 'ਚੋਂ ਨਿਕਲੀ ਚੰਗਿਆੜੀ ਨੇ ਉਨ੍ਹਾਂ ਦੀ 2 ਏਕੜ ਦੇ ਕਰੀਬ ਫਸਲ ਨੂੰ ਸਾੜ ਦਿੱਤਾ। 

ਅੱਗ ਲੱਗਣ ਦੀਆਂ ਘਟਨਾਵਾਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ : ਪਾਵਰਕਾਮ ਅਧਿਕਾਰੀ
ਇਸ ਸਬੰਧੀ ਜਦੋਂ ਪਾਵਰਕਾਮ ਦੇ ਐਕਸੀਅਨ ਇੰਜੀ. ਦਰਸ਼ਨ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਿਥੇ ਕਿਤੇ ਵੀ ਪਾਵਰਕਾਮ ਨੂੰ ਤਾਰਾਂ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਵਿਭਾਗੀ ਕਰਮਚਾਰੀ ਤੁਰੰਤ ਉਥੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦੇ ਹਨ ਤੇ ਕਮੀ ਪਾਏ ਜਾਣ 'ਤੇ ਉਸਦੀ ਤੁਰੰਤ ਮੁਰੰਮਤ ਕਰਵਾ ਦਿੱਤੀ ਜਾਂਦੀ ਹੈ। ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਕਿਸਾਨਾਂ ਨੂੰ ਹਦਾਇਤਾਂ ਕੀਤੀਆਂ ਜਾਂਦੀਆਂ ਹਨ ਕਿ ਉਹ ਖੇਤਾਂ 'ਚ ਲੱਗੀ ਟਰਾਂਸਫਾਰਮਰ ਤੇ ਖੰਭਿਆਂ ਦੇ ਆਲੇ ਦੁਆਲੇ 1-2 ਮਰਲੇ ਕਣਕ ਨੂੰ ਵੱਡ ਲਿਆ ਜਾਵੇ ਤੇ ਉਸ ਜਗਾ ਨੂੰ ਪਾਣੀ ਨਾਲ ਗਿੱਲਾ ਕਰ ਦਿੱਤਾ ਜਾਵੇ। ਇਸ ਸਬੰਧੀ ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਅਨਾਊਂਸਮੈਂਟ ਕਰਨ ਦੇ ਨਾਲ-ਨਾਲ ਅਖਬਾਰਾਂ ਰਾਹੀਂ ਵੀ ਸੂਚਿਤ ਕੀਤਾ ਜਾਂਦਾ ਹੈ ਤੇ ਕਿਸਾਨਾਂ ਨੂੰ ਇਸ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਵਿਭਾਗ ਵੱਲੋਂ ਅੱਗ ਲੱਗਣ ਦੀਆਂ ਘਟਨਾਵਾਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। 


ਕੀ ਹਨ ਅੱਗ ਲੱਗਣ ਦੇ ਮੁੱਖ ਕਾਰਨ
. ਕਿਸਾਨਾਂ ਵੱਲੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣਾ।
. ਕੰਬਾਈਨ ਨਾਲ ਕਣਕ ਦੀ ਕਟਾਈ ਕੀਤੇ ਜਾਣ ਸਮੇਂ ਤਾਰਾਂ ਦਾ ਕੰਬਾਈਨ ਨਾਲ ਟਕਰਾਉਣਾ।
. ਕੰਬਾਈਨ ਨਾਲ ਫਸਲ ਕਟਦੇ ਸਮੇਂ ਜੇਕਰ ਬਿਜਲੀ ਬੰਦ ਹੋਵੇ ਤਾਂ ਬਾਅਦ 'ਚ ਬਿਜਲੀ ਸਪਲਾਈ ਚਾਲੂ ਹੁੰਦੇ ਹੀ ਚੰਗਿਆੜੇ ਨਿਕਲਣਾ।
. ਪਾਵਰਕਾਮ ਵਲੋਂ ਖੇਤਾਂ 'ਚ ਵੱਡੀ ਗਿਣਤੀ 'ਚ ਲਗਾਏ ਗਏ ਟਰਾਂਸਫਾਰਮਰ।
. ਖੇਤਾਂ 'ਚ ਕੰਮ ਕਰਨ ਵਾਲੀ ਲੇਬਰ ਵਲੋਂ ਖਾਣਾ ਤਿਆਰ ਕਰਨ ਸਮੇਂ ਜਾਂ ਬੀੜੀ ਸਿਗਰਟ ਪੀਣ ਮੌਕੇ।
. ਖੇਤਾਂ 'ਚ ਟਰੈਕਟਰ, ਕੰਬਾਈਨ ਤੇ ਰੀਪਰ ਵਰਗੀ ਮਸ਼ੀਨਰੀ 'ਚੋਂ ਨਿਕਲਦੀਆਂ ਚੰਗਿਆੜੀਆਂ।
. ਢਿੱਲੀਆਂ ਤਾਰਾਂ 'ਤੇ ਪੰਛੀਆਂ ਦੇ ਬੈਠਣ ਉੱਠਣ ਸਮੇਂ ਨਿਕਲਣ ਵਾਲੀਆਂ ਚੰਗਿਆੜੀਆਂ।

ਇਸ ਤਰ੍ਹਾਂ ਪਾਇਆ ਜਾ ਸਕਦਾ ਹੈ ਅੱਗ 'ਤੇ ਕਾਬੂ
. ਫਸਲ ਦੀ ਰਹਿੰਦ ਖੂੰਹਦ ਨੂੰ ਕਿਸੇ ਵੀ ਹਾਲਤ 'ਚ ਅੱਗ ਨਾ ਲਾਈ ਜਾਵੇ।
. ਰਾਤ ਦੇ ਸਮੇਂ 'ਚ ਫਸਲ ਦੀ ਕਟਾਈ ਨਾ ਕੀਤੀ ਜਾਵੇ। 
. ਇਨ੍ਹਾਂ ਦਿਨਾਂ 'ਚ ਘਰਾਂ, ਖੇਤਾਂ ਤੇ ਹਵੇਲੀਆਂ 'ਚ ਵੱਡੇ ਡਰੰਮ ਤੇ ਹੋਰ ਥਾਵਾਂ 'ਤੇ ਪਾਣੀ ਭਰ ਕੇ ਰੱਖਿਆ ਜਾਵੇ।
. ਐਮਰਜੈਂਸੀ 'ਚ ਲੋੜ ਪੈਣ 'ਤੇ ਸਬੰਧਿਤ ਪਿੰਡਾਂ ਦੇ ਗੁਰਦੁਆਰਿਆਂ, ਮੰਦਰਾਂ 'ਚੋਂ ਅਨਾਊਂਸਮੈਂਟ ਕੀਤੀ ਜਾਵੇ। 
. ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਨੰਬਰ ਪਤਵੰਤਿਆਂ ਕੋਲ ਮੌਜੂਦ ਰਹਿਣ।
. ਫਾਇਰ ਬ੍ਰਿਗੇਡ ਤੇ ਪੁਲਸ ਸਮੇਤ ਆਸ ਪਾਸ ਦੇ ਪਿੰਡਾਂ ਦੇ ਨੌਜਵਾਨਾਂ ਦੇ ਨੰਬਰ ਵੀ ਰੱਖਣੇ ਜ਼ਰੂਰੀ।

ਇਨ੍ਹਾਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ
. ਖੇਤਾਂ 'ਚ ਟਰਾਂਸਫਾਰਮਰ ਜਾਂ ਬਿਜਲੀ ਦਾ ਖੰਭਾ ਹੋਵੇ ਤਾਂ ਉਸ ਦੇ ਆਲੇ-ਦੁਆਲੇ ਦੀ ਇਕ ਮਰਲਾ ਕਣਕ ਪਹਿਲਾਂ ਹੀ ਵੱਢ ਲਈ ਜਾਵੇ। 
. ਟਰਾਂਸਫਾਰਮਰ ਦੇ ਆਲੇ ਦੁਆਲੇ ਦੇ 10 ਮੀਟਰ ਦੇ ਘੇਰੇ ਨੂੰ ਗਿੱਲਾ ਰੱਖਿਆ ਜਾਵੇ ਤਾਂ ਜੋ ਜੇਕਰ ਕੋਈ ਚੰਗਿਆੜੀ ਡਿੱਗ ਵੀ ਜਾਵੇ ਤਾਂ ਉਸ ਨਾਲ ਅੱਗ ਲੱਗਣ ਤੋਂ ਬਚਾਅ ਹੋ ਸਕੇ।
. ਖੇਤਾਂ ਉਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ ਤਾਂ ਵਿਭਾਗ ਨੂੰ ਤੁਰੰਤ ਠੀਕ ਕਰਨ ਲਈ ਕਿਹਾ ਜਾਵੇ।
. ਕਣਕ ਦੀ ਕਟਾਈ ਸਮੇਂ ਫਸਲ ਦੇ ਨੇੜੇ ਬੀੜੀ-ਸਿਗਰਟ ਆਦਿ ਨਾ ਪੀਤੀ ਜਾਵੇ। ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਾਈ ਜਾਵੇ।
. ਹਰ ਪਿੰਡ ਦੇ ਹਰ ਕੋਨੇ 'ਤੇ ਪੁਲਸ ਪ੍ਰਸ਼ਾਸਨ ਤੇ ਅੱਗ ਬੁਝਾਊ ਵਿਭਾਗ ਦੇ ਫੋਨ ਨੰਬਰ ਲਿਖੇ ਜਾਣ।