ਬਿਜਲੀ ਦੀ ਡਿਮਾਂਡ 2550 ਲੱਖ ਯੂਨਿਟ ਤੋਂ ਪਾਰ

07/24/2017 6:28:17 AM

ਪਟਿਆਲਾ  (ਜੋਸਨ) - ਪੰਜਾਬ ਵਿਚ ਪੈ ਰਹੀ ਗਰਮੀ ਨੇ ਇਕ ਵਾਰ ਫਿਰ ਬਿਜਲੀ ਨਿਗਮ ਦੇ ਹੱਥ-ਪੈਰ ਫੁਲਾ ਦਿੱਤੇ ਹਨ। ਬਿਜਲੀ ਦੀ ਡਿਮਾਂਡ ਦੇਖ ਪੜ੍ਹਨੇ ਪਏ ਬਿਜਲੀ ਨਿਗਮ ਦੇ ਅਧਿਕਾਰੀ ਇਹ ਸੋਚਣ ਲਈ ਮਜਬੂਰ ਹਨ ਕਿ ਆਖਿਰ ਲਗਾਤਾਰ ਇੰਨੀ ਡਿਮਾਂਡ ਕਿਵੇਂ ਵਧ ਰਹੀ ਹੈ? ਉਧਰ ਸੰਕਟ ਦੀ ਸਥਿਤੀ ਦੇਖਦਿਆਂ ਚੇਅਰਮੈਨ ਕਮ-ਸੀ. ਐੈੱਮ. ਡੀ. ਵੇਣੂ ਪ੍ਰਸਾਦ ਨੇ ਪੂਰੇ ਪੰਜਾਬ ਵਿਚ ਹਰ ਛੋਟੇ ਤੇ ਵੱਡੇ ਅਧਿਕਾਰੀ ਨੂੰ ਆਪਣਾ ਸਟੇਸ਼ਨ ਨਾ ਛੱਡਣ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਪੰਜਾਬ ਵਿਚ ਬਿਜਲੀ ਦੀ ਡਿਮਾਂਡ ਅੱਜ 2550 ਲੱਖ ਯੂਨਿਟ ਦੇ ਪਾਰ ਜਾ ਪੁੱਜੀ ਹੈ, ਜਿਸ ਕਾਰਨ ਬਿਜਲੀ ਨਿਗਮ ਨੂੰ ਹਰ ਰੋਜ਼ 72 ਕਰੋੜ ਰੁਪਏ ਦੀ ਬਿਜਲੀ ਬਾਹਰੋਂ ਖਰੀਦਣੀ ਪੈ ਰਹੀ ਹੈ। ਇਸ ਨਾਲ ਉਸ ਦਾ ਦੀਵਾਲਾ ਨਿਕਲ ਰਿਹਾ ਹੈ। ਉਧਰੋਂ ਮੌਸਮ ਵੀ ਬਿਜਲੀ ਨਿਗਮ ਲਈ ਬਹੁਤਾ ਕਾਰਗਰ ਸਿੱਧ ਨਹੀਂ ਹੋ ਰਿਹਾ ਹੈ। ਮੌਸਮ ਵਿਭਾਗ ਹਰ ਦੂਜੇ ਦਿਨ ਬਾਰਿਸ਼ ਪੈਣ ਦੀ ਭਵਿੱਖਬਾਣੀ ਕਰ ਰਿਹਾ ਹੈ। ਹੈਰਾਨੀ ਹੈ ਕਿ ਪੰਜਾਬ ਵਿਚ ਇੱਕਾ-ਦੁੱਕਾ ਥਾਵਾਂ ਨੂੰ ਛੱਡ ਕੇ ਬਾਰਿਸ਼ ਨਹੀਂ ਪੈ ਰਹੀ। ਇਸ ਨੇ ਬਿਜਲੀ ਨਿਗਮ ਦੀਆਂ ਪ੍ਰੇਸ਼ਾਨੀਆਂ ਨੂੰ ਹੋਰ ਵਧਾ ਦਿੱਤਾ ਹੈ। ਬਿਜਲੀ ਨਿਗਮ ਨੇ ਆਪਣੇ ਪਲਾਂਟਾਂ ਦੇ ਅੱਧੀ ਦਰਜਨ ਯੂਨਿਟ ਚਲਾ ਦਿੱਤੇ ਹਨ। ਬੀ. ਬੀ. ਐੈੱਮ. ਬੀ. ਤੋਂ ਵੀ ਬਿਜਲੀ ਨਿਗਮ ਨੂੰ 160 ਲੱਖ ਯੂਨਿਟ ਦਾ ਪੂਰਾ ਸ਼ੇਅਰ ਮਿਲ ਰਿਹਾ ਹੈ। ਜੇਕਰ ਆਉਣ ਵਾਲੇ ਦਿਨਾਂ ਵਿਚ ਪੰਜਾਬ 'ਚ ਬਾਰਿਸ਼ ਨਾ ਹੋਈ ਤਾਂ ਲੋਕਾਂ ਨੂੰ ਬਿਜਲੀ ਕੱਟਾਂ ਸਾਹਮਣਾ ਕਰਨਾ ਪੈ ਸਕਦਾ ਹੈ।
ਭਾਖੜਾ ਡੈਮ 'ਚ ਪਾਣੀ ਦਾ ਲੈਵਲ ਬੀਤੇ ਸਾਲ ਨਾਲੋਂ 18 ਫੁੱਟ ਵਧਿਆ
ਪਹਾੜਾਂ ਵਿਚ ਹੋ ਰਹੀ ਬਾਰਿਸ਼ ਭਾਖੜਾ ਡੈਮ ਮੈਨੇਜਮੈਂਟ ਦੀਆਂ ਪ੍ਰੇਸ਼ਾਨੀਆਂ ਵਧਾ ਰਹੀ ਹੈ। ਲੰਘੇ ਸਾਲ ਅੱਜ ਦੇ ਦਿਨ ਭਾਖੜਾ ਡੈਮ ਵਿਚ ਪਾਣੀ ਦਾ ਲੈਵਲ 1590 ਫੁੱਟ ਸੀ। ਅੱਜ ਇਹ 1608 ਫੁੱਟ 'ਤੇ ਪਹੁੰਚ ਗਿਆ ਹੈ। ਇਸ ਕਾਰਨ 18 ਫੁੱਟ ਦੇ ਹੋਏ ਵਾਧੇ ਨੇ ਬੀ. ਬੀ. ਐੈੱਮ. ਬੀ. ਨੂੰ ਪੜ੍ਹਨੇ ਪਾ ਦਿੱਤਾ ਹੈ। ਅਧਿਕਾਰੀ ਇਸ ਗੱਲ ਨੂੰ ਲੈ ਕੇ ਪ੍ਰੇਸ਼ਾਨ ਹਨ ਕਿ ਪਾਣੀ ਦੀ ਵਧਦੀ ਰਫਤਾਰ ਜੇਕਰ ਇਸੇ ਤਰ੍ਹਾਂ ਜਾਰੀ ਰਹੀ ਤਾਂ ਇਹ 100 ਪਿੰਡਾਂ ਦੇ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਬਣ ਸਕਦੀ ਹੈ।
ਇਸੇ ਤਰ੍ਹਾਂ ਬਿਜਲੀ ਦੇ ਵੱਡੇ ਸਰੋਤ ਪੌਂਗ ਡੈਮ ਵਿਚ ਵੀ ਪਾਣੀ ਦਾ ਲੈਵਲ ਇਕਦਮ ਵਧ ਚੁੱਕਾ ਹੈ। ਇਸ ਡੈਮ ਵਿਚ ਲੰਘੇ ਸਾਲ ਅੱਜ ਦੇ ਦਿਨ ਪਾਣੀ ਦਾ ਲੈਵਲ 1308 ਫੁੱਟ ਸੀ। ਅੱਜ 1331 ਫੁੱਟ 'ਤੇ ਜਾ ਪੁੱਜਾ ਹੈ। ਇਸੇ ਤਰ੍ਹਾਂ ਆਰ. ਐੈੱਸ. ਡੀ. ਡੈਮ ਵੀ ਲੰਘੇ ਸਾਲ ਨਾਲੋਂ 17 ਮੀਟਰ ਉੱਚਾ ਚੱਲ ਰਿਹਾ ਹੈ।