ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਤੋਂ ਤੰਗ ਆ ਕੇ ਬਿਜਲੀ ਬੋਰਡ ਮੁਲਾਜ਼ਮਾਂ ਨੇ ਕੀਤਾ ਸੰਘਰਸ਼

12/01/2017 3:14:43 PM

ਸ੍ਰੀ ਮੁਕਤਸਰ ਸਾਹਿਬ ( ਪਵਨ ਤਨੇਜਾ ) - ਪੰਜਾਬ ਰਾਜ ਪਾਵਰ ਲਿਮਟਿਡ ਅਤੇ ਪੰਜਾਬ ਰਾਜ ਬਿਜਲੀ ਟਰਾਂਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੀਆਂ ਯੂਨੀਅਨ, ਜੋ ਪੰਜਾਬ ਰਾਜ ਇੰਪਲਾਈਜ ਜੁਆਇੰਟ ਫੋਰਮ ਅੰਦਰ ਕੰਮ ਕਰਦੀਆਂ ਹਨ, ਵੱਲੋਂ ਸ਼ੁੱਕਰਵਾਰ ਨੂੰ ਸਥਾਨਿਕ ਕੋਟਕਪੂਰਾ ਰੋਡ ਤੇ ਬਿਜਲੀ ਬੋਰਡ ਦਫ਼ਤਰ ਦੇ ਗੇਟ ਅੱਗੇ ਵਿਸ਼ਾਲ ਰੋਸ ਰੈਲੀ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਦੋਨੋਂ ਕਾਰਪੋਰੇਸ਼ਨਾਂ ਦੀਆਂ ਮੈਨੇਜਮੈਂਟਾਂ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਦੀ ਤਨਖਾਹ ਬਿਨਾਂ ਕਿਸੇ ਦੇਰੀ ਦੇ ਦਿੱਤੀ ਜਾਵੇ ਤੇ ਅੱਗੇ ਤੋਂ ਸਮੇਂ ਸਿਰ ਤਨਖਾਹ ਦੇਣਾ ਯਕੀਨੀ ਬਣਾਇਆ ਜਾਵੇ। ਬੁਲਾਰਿਆਂ ਨੇ ਕਿਹਾ ਕਿ ਮੁਲਾਜ਼ਮਾਂ ਦੀ ਡਿਊਟੀ 8 ਘੰਟੇ ਕਰਨ ਅਤੇ ਹੋਰ ਮੰਗਾਂ ਨੂੰ ਲੈ ਕੇ ਕਾਰਪੋਰੇਸ਼ਨ ਦੇ ਮੈਂਬਰਾਂ, ਡਾਇਰੈਕਟਰਾਂ ਦਾ ਘਿਰਾਓ 14 ਦਸੰਬਰ ਨੂੰ ਇਕ ਰੋਜ਼ਾ ਹੜਤਾਲ ਕਰਕੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਤੋਂ ਤੰਗ ਆ ਕੇ ਮੁਲਾਜ਼ਮਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਆਗੂਆਂ ਨੇ ਅਪੀਲ ਕੀਤੀ ਕਿ ਸਰਕਾਰ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰੇ। ਇਸ ਮੌਕੇ ਸ਼ਿਕੰਦਰ ਨਾਥ ਵਿੱਤ ਸਕੱਤਰ ਪੰਜਾਬ, ਬਲਜੀਤ ਮੋਦਲਾ, ਸੁਖਪਾਲ ਸਿੰਘ, ਅਮਰਜੀਤ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।