ਪੰਜਾਬ ਅੰਦਰ ਬਿਜਲੀ ਬਿੱਲ ਭਰਨ ਵੇਲੇ ਖਪਤਕਾਰਾਂ ਦੀਆਂ ਜੇਬਾਂ ’ਤੇ ਲੱਗ ਰਹੀ ਹੈ ਭਾਰੀ ਆਰਥਿਕ ਸੱਟ!

02/17/2020 1:18:20 AM

ਮਾਨਸਾ (ਸੰਦੀਪ ਮਿੱਤਲ)-ਹੋਰਨਾਂ ਸੂਬਿਆਂ ਦੇ ਮੁਕਾਬਲੇ ਪੰਜਾਬ ਅੰਦਰ ਬਿਜਲੀ ਦਰਾਂ ਲੋਡ਼ ਤੋਂ ਵੱਧ ਹੋਣ ’ਤੇ ਬਿਜਲੀ ਬਿੱਲ ਭਰਨ ਵੇਲੇ ਸੂਬੇ ਦੇ ਖਪਤਕਾਰਾਂ ਦੀਆਂ ਜੇਬਾਂ ’ਤੇ ਭਾਰੀ ਆਰਥਿਕ ਸੱਟ ਲੱਗ ਰਹੀ ਹੈ। ਜਿਸ ਕਾਰਨ ਸੂਬੇ ਦੇ ਲੋਕਾਂ ਦੇ ਮਨਾਂ ’ਚ ਕਾਫੀ ਬੇਚੈਨੀ ਪਾਈ ਜਾ ਰਹੀ ਹੈ ਪਰ ਸੂਬਾ ਸਰਕਾਰ ਵੱਲੋਂ ਇਸ ਮਸਲੇ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਉਠਾਏ ਜਾ ਰਹੇ ਹਨ। ਸੂਝਵਾਨ ਲੋਕਾਂ ਦੀ ਰਾਇ ਹੈ ਕਿ ਜੇਕਰ ਬਿਜਲੀ ਟੈਰਿਫ ਅਨੁਸਾਰ ਇਹ ਬਿੱਲ ਸਿਰਫ ਇਕ ਮਹੀਨੇ ਦਾ ਭੇਜਿਆ ਜਾਵੇ ਤਾਂ ਸੂਬੇ ਅੰਦਰ ਖਪਤਕਾਰਾਂ ਨੂੰ ਆਉਣ ਵਾਲੇ ਬਿੱਲਾਂ ਦੀਆਂ ਦਰਾਂ ’ਚ ਕਾਫੀ ਕਟੌਤੀ ਹੋ ਸਕਦੀ ਹੈ, ਕਿਉਂਕਿ ਇਕੱਠੇ 2 ਮਹੀਨਿਆਂ ਦੇ ਬਿਜਲੀ ਦੇ ਬਿੱਲ ’ਚ ਯੂਨਿਟ ਵੱਧਣ ਨਾਲ ਬਿਜਲੀ ਦੇ ਬਿੱਲ ’ਚ ਬਿਜਲੀ ਦਰਾਂ ਦੇ ਟੈਰਿਫ ਅਨੁਸਾਰ ਕੀਮਤ ’ਚ ਹੋਰ ਵਾਧਾ ਹੋ ਜਾਂਦਾ ਹੈ। ਅਜਿਹੀ ਸਥਿਤੀ ’ਚ ਖਪਤਕਾਰਾਂ ਦੀ ਜੇਬ ’ਤੇ ਕਾਫੀ ਚੂਨਾ ਲੱਗ ਰਿਹਾ ਹੈ। ਜੇਕਰ ਦੇਖਿਆ ਜਾਵੇ ਤਾਂ ਦਿੱਲੀ ਅੰਦਰ ‘ਆਪ’ ਸਰਕਾਰ ਵੱਲੋਂ ਬਾਹਰੋਂ ਬਿਜਲੀ ਖਰੀਦ ਕੇ ਸੂਬੇ ਦੇ ਖਪਤਕਾਰਾਂ ਨੂੰ ਸਸਤੀ ਬਿਜਲੀ ਦਿੱਤੀ ਜਾ ਰਹੀ ਹੈ ਪਰ ਪੰਜਾਬ ਅੰਦਰ ਬਿਜਲੀ ਸਰਪਲਸ ਹੋਣ ਦੇ ਬਾਵਜੂਦ ਕਾਂਗਰਸ ਸਰਕਾਰ ਸੂਬੇ ਅੰਦਰ ਬਿਜਲੀ ਉਤਪਾਦਨ ਹੋਣ ’ਤੇ ਮਹਿੰਗੇ ਭਾਅ ’ਚ ਖਪਤਕਾਰਾਂ ਨੂੰ ਬਿਜਲੀ ਦੇ ਰਹੀ ਹੈ। ਇਸ ਤੋਂ ਇਲਾਵਾ ਸਰਦੀਆਂ ’ਚ ਵੀ ਸੂਬੇ ਦੇ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਭਰੋਸੇਯੋਗ ਸੂਤਰਾਂ ਅਨੁਸਾਰ ਪੰਜਾਬ ਅੰਦਰ ਬਿਜਲੀ ਦੀ ਸਲੈਬ ਹੱਦ ਦੇ ਹਿਸਾਬ ਨਾਲ ਬਿਜਲੀ ਦੇ ਰੇਟ ਤੈਅ ਕੀਤੇ ਜਾਂਦੇ ਹਨ ਪਰ ਬਿਜਲੀ ਵਿਭਾਗ ਵੱਲੋਂ ਖਪਤਕਾਰਾਂ ਨੂੰ 2 ਮਹੀਨੇ ਦਾ ਬਿਜਲੀ ਬਿੱਲ ਭੇਜਣ ਕਾਰਨ ਇਸ ਦੇ ਸਲੈਬ ਰੇਟ ਵੱਧ ਜਾਂਦੇ ਹਨ। ਜਿਸ ਸਦਕਾ ਖਪਤਕਾਰ ਭਾਰੀ ਰਾਸ਼ੀ ਦੇ ਬਿੱਲ ਭਰਨ ਨੂੰ ਮਜਬੂਰ ਹਨ। ਦੂਜੇ ਪਾਸੇ ਖੇਤੀ ਮੋਟਰਾਂ ਦੇ ਬਿੱਲ ਮੁਆਫ ਕਰਨ ਨਾਲ ਵੀ ਇਸ ਦਾ ਵਾਧੂ ਬੋਝ ਆਮ ਖਪਤਕਾਰਾਂ ’ਤੇ ਪੈਂਦਾ ਹੈ। ਪਾਵਰਕਾਮ ਦੇ ਟੈਰਿਫ ਅਨੁਸਾਰ ਘਰੇਲੂ ਖਪਤਕਾਰਾਂ ਲਈ ਪਹਿਲੇ 100 ਯੂਨਿਟ ਤਕ 4.91 ਪੈਸੇ, ਅਗਲੇ 200 ਯੂਨਿਟਾਂ ਤਕ 6.51 ਪੈਸੇ, ਅਗਲੇ 200 ਯੂਨਿਟਾਂ ਤਕ 7.12 ਪੈਸੇ, ਬਾਕੀ ਬਚਦੇ ਯੂਨਿਟਾਂ ’ਤੇ 7.33 ਪੈਸੇ ਯੂਨਿਟ ਬਿਜਲੀ ਲਏ ਜਾਂਦੇ ਹਨ, ਜਦੋਂ ਕਿ ਵਪਾਰਕ ਕੰਮਾਂ ਲਈ ਪਹਿਲੇ 100 ਯੂਨਿਟਾਂ ਤਕ 6.86 ਪੈਸੇ ਅਗਲੇ 400 ਯੂਨਿਟ ਤੱਕ 7.12 ਪੈਸੇ ਅਤੇ ਬਾਕੀ ਬੱਚਦੇ ਯੂਨਿਟਾਂ ’ਤੇ 7.24 ਪੈਸੇ ਯੂਨਿਟ ਵਸੂਲੇ ਜਾਂਦੇ ਹਨ। ਸੂਬੇ ਅੰਦਰ ਖਪਤਕਾਰਾਂ ਨੂੰ ਬਿਜਲੀ ਬਿੱਲ 2 ਮਹੀਨੇ ਦਾ ਭੇਜਿਆ ਜਾਂਦਾ ਹੈ।

ਇਸ ਮਾਮਲੇ ਨੂੰ ਲੈ ਕੇ ਜਦੋਂ ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਵੱਡੀਆਂ-ਵੱਡੀਆਂ ਸਹੂਲਤਾਂ ਦੇਣ ਦੇ ਬਿਆਨ ਤਾਂ ਦਾਗਦੀ ਹੈ ਪਰ ਪੰਜਾਬ ਵਾਸੀ ਇਨ੍ਹਾਂ ਸਹੂਲਤਾਂ ਤੋਂ ਬੇਹੱਦ ਦੂਰ ਹਨ। ਉਨ੍ਹਾਂ ਕਿਹਾ ਕਿ ਜੇਕਰ ਲੋਕ 2022 ’ਚ ਆਮ ਆਦਮੀ ਪਾਰਟੀ ਨੂੰ ਮੌਕਾ ਦਿੰਦੇ ਹਨ ਤਾਂ ਉਹ ਦਿੱਲੀ ਦੀ ਤਰਜ਼ ’ਤੇ ਪੰਜਾਬ ਅੰਦਰ ਸੂਬੇ ਦੇ ਲੋਕਾਂ ਨੂੰ ਸਿਹਤ ਤੇ ਸਿੱਖਿਆ ਸਹੂਲਤਾਂ ਦੇ ਨਾਲ-ਨਾਲ ਬਿਜਲੀ ਵੀ ਬਹੁਤ ਘੱਟ ਰੇਟਾਂ ’ਤੇ ਉਪਲੱਬਧ ਕਰਵਾਉਣ ਦੇ ਨਾਲ-ਨਾਲ ਪੰਜਾਬ ਵਾਸੀਆਂ ਨੂੰ ਅਨੇਕਾਂ ਸਹੂਲਤਾਂ ਦੇਣਗੇ, ਜੋ ਅੱਜ ਤਕ ਆਜ਼ਾਦੀ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਨਹੀਂ ਦਿੱਤੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਲੋਕਾਂ ਨੂੰ ਬਿਜਲੀ ਮੁਫਤ ਦੇਣ ਨਾਲ 22 ਲੱਖ ਪਰਿਵਾਰਾਂ ਨੂੰ ਦਿੱਲੀ ਅੰਦਰ ਬਿਜਲੀ ਬਿੱਲ ਜ਼ੀਰੋ ਆਉਣ ਲੱਗਾ ਹੈ।

Sunny Mehra

This news is Content Editor Sunny Mehra