ਬਿਜਲੀ ਗਰਿੱਡ ਨੂੰ ਅੱਗ ਲਾਉਣ ਵਾਲੇ ਡੇਰਾ ਪ੍ਰੇਮੀ ਅਜੇ ਪੁਲਸ ਨੇ ਨਹੀਂ ਕੀਤੇ ਗ੍ਰਿਫ਼ਤਾਰ

08/29/2017 3:09:23 PM

ਮੰਡੀ ਲੱਖੇਵਾਲੀ (ਸੁਖਪਾਲ ਢਿੱਲੋਂ) : 25 ਅਗਸਤ ਦੀ ਸ਼ਾਮ ਨੂੰ ਪਿੰਡ ਭਾਗਸਰ ਵਿਖੇ 66 ਕੇ.ਵੀ ਬਿਜਲੀ ਦੇ ਗਰਿੱਡ ਨੂੰ ਪੈਟਰੋਲ ਨਾਲ ਅੱਗ ਲਗਾਉਣ ਵਾਲੇ ਡੇਰਾ ਪ੍ਰੇਮੀਆਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ 26 ਅਗਸਤ ਨੂੰ ਥਾਣਾ ਲੱਖੇਵਾਲੀ ਦੀ ਪੁਲਸ ਵੱਲੋਂ 5-6 ਵਿਅਕਤੀਆਂ ਖਿਲਾਫ਼ ਪਰਚਾ ਦਰਜਾ ਕਰ ਲਿਆ ਗਿਆ ਸੀ ਪਰ ਇਹ ਡੇਰਾ ਪ੍ਰੇਮੀ ਪੁਲਸ ਦੀ ਗ੍ਰਿਫ਼ਤ ਤੋਂ ਅਜੇ ਬਾਹਰ ਹਨ।
ਪੁਲਸ ਨੇ ਕੁਝ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ
ਦੂਜੇ ਪਾਸੇ ਭਰੋਸੇਯੋਗ ਸੂਤਰਾਂ ਅਨੁਸਾਰ ਅੱਜ ਪਤਾ ਲੱਗਾ ਹੈ ਕਿ ਲੱਖੇਵਾਲੀ ਦੀ ਪੁਲਸ ਵੱਲੋਂ ਇਸ ਖੇਤਰ ਦੇ ਕੁਝ ਡੇਰਾ ਪ੍ਰੇਮੀਆਂ ਨੂੰ ਬੀਤੀ ਸ਼ਾਮ ਫੜਿਆ ਹੈ ਤੇ ਥਾਣੇ ਅੰਦਰ ਹੀ ਰੱਖਿਆ ਹੋਇਆ ਹੈ। ਪਰ ਪੁਲਸ ਨੇ ਇਸ ਗੱਲ ਦੀ ਪੁਸ਼ਟੀ ਅਜੇ ਤੱਕ ਨਹੀਂ ਕੀਤੀ। ਪਤਾ ਲੱਗਾ ਹੈ ਕਿ ਇਸ ਖੇਤਰ ਦੇ ਪਿੰਡਾਂ ਵਿਚ ਪਹਿਲੀ ਕਤਾਰ ਵਾਲੇ ਆਗੂਆਂ ਨੂੰ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੀਆਂ ਸਰਗਰਮੀਆਂ ਉਪਰ ਪੂਰੀ ਨਜ਼ਰ ਰੱਖੀ ਜਾ ਰਹੀ ਹੈ।
ਡੇਰਾ ਪ੍ਰੇਮੀ ਆ ਰਹੇ ਹਨ ਆਪਣੇ ਪਿੰਡਾਂ ਵਿਚ ਵਾਪਸ
ਇਸ ਖੇਤਰ ਦੇ ਪਿੰਡਾਂ ਤੋਂ ਜਿਹੜੇ ਡੇਰਾ ਪ੍ਰੇਮੀ ਸਿਰਸਾ ਜਾਂ ਪੰਚਕੂਲਾ ਵਿਖੇ ਗਏ ਸਨ, ਉਹ ਕਈ ਦਿਨਾਂ ਬਾਅਦ ਵਾਪਸ ਆਪਣੇ ਘਰਾਂ ਨੂੰ ਪਰਤ ਰਹੇ ਹਨ ਤੇ ਜਿਹੜੇ ਪ੍ਰੇਮੀ ਪਿੰਡਾਂ ਵਿਚ ਪੁੱਜ ਚੁੱਕੇ ਹਨ, ਉਨ੍ਹਾਂ ਦੀ ਕੋਈ ਸਰਗਰਮੀ ਨਜ਼ਰ ਨਹੀਂ ਆ ਰਹੀ ਤੇ ਉਹ ਬਿਲਕੁਲ ਚੁੱਪਚਾਪ ਹਨ। ਇਹ ਵੀ ਪਤਾ ਲੱਗਾ ਹੈ ਕਿ ਪਿੰਡ ਤਰਖਾਣ ਵਾਲਾ ਵਿਖੇ ਇਕ ਪਰਿਵਾਰ ਆਪਣੀ ਰਿਸ਼ਤੇਦਾਰੀ ਵਿਚ ਆ ਕੇ ਰਹਿਣ ਲੱਗਾ ਹੈ। ਉਕਤ ਪਰਿਵਾਰ ਪਿਛਲੇ 15 ਸਾਲਾਂ ਤੋਂ ਸਿਰਸਾ ਡੇਰੇ ਵਿਚ ਰਹਿ ਰਿਹਾ ਸੀ।