ਚੰਡੀਗੜ੍ਹ : ਪਹਿਲੇ ਦਿਨ ਹੀ ਖ਼ਰਾਬ ਹੋਈ ਇਲੈਕਟ੍ਰਿਕ ਬੱਸ, ਲੱਗ ਗਿਆ ਜਾਮ

11/15/2021 3:17:14 PM

ਚੰਡੀਗੜ੍ਹ (ਰਾਜਿੰਦਰ) : ਯੂ. ਟੀ. ਪ੍ਰਸ਼ਾਸਕ ਨੇ ਸ਼ਹਿਰ ’ਚ 11 ਇਲੈਕਟ੍ਰਿਕ ਬੱਸਾਂ ਦੀ ਸ਼ੁਰੂਆਤ ਕੀਤੀ ਹੈ ਪਰ ਪਹਿਲੇ ਹੀ ਦਿਨ ਇੱਕ ਇਲੈਕਟ੍ਰਿਕ ਬੱਸ ਖ਼ਰਾਬ ਹੋ ਗਈ। ਇਹ ਬੱਸ ਸੈਕਟਰ-17 ਬੱਸ ਸਟੈਂਡ ਦੇ ਸਾਹਮਣੇ ਸੈਕਟਰ-22 ਨੂੰ ਜਾਣ ਵਾਲੀ ਸੜਕ ’ਤੇ ਖੜ੍ਹ ਗਈ, ਜਿਸ ਕਾਰਨ ਜਾਮ ਵੀ ਲੱਗ ਗਿਆ। ਟ੍ਰੈਫਿਕ ਪੁਲਸ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਜਾਮ ਖੁੱਲ੍ਹਵਾਇਆ। ਵਿਭਾਗ ਨੇ ਦਾਅਵਾ ਕੀਤਾ ਕਿ ਕੁੱਝ ਸਮੇਂ ਬਾਅਦ ਹੀ ਬੱਸ ਨੂੰ ਠੀਕ ਕਰ ਦਿੱਤਾ ਗਿਆ ਅਤੇ ਉਸ ਨੂੰ ਦੁਬਾਰਾ ਰੂਟ ’ਤੇ ਉਤਾਰ ਦਿੱਤਾ। ਡਾਇਰੈਕਟਰ ਟਰਾਂਸਪੋਰਟ ਪ੍ਰਦੁਮਨ ਨੇ ਦੱਸਿਆ ਕਿ ਇਕ ਬੱਸ ’ਚ ਕੁੱਝ ਤਕਨੀਕੀ ਖ਼ਰਾਬੀ ਆ ਗਈ ਸੀ। ਕੁੱਝ ਸਮੇਂ ’ਚ ਹੀ ਇਸ ਬੱਸ ਨੂੰ ਠੀਕ ਕਰ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ 11 ’ਚੋਂ ਕੁੱਲ 10 ਬੱਸਾਂ ਨੂੰ ਸਾਰੇ ਰੂਟਾਂ ’ਤੇ ਉਤਾਰ ਦਿੱਤਾ ਗਿਆ ਹੈ, ਜਦੋਂ ਕਿ 1 ਬੱਸ ਨੂੰ ਲੋ ਪੈਣ ’ਤੇ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬਾਕੀ ਸਾਰੀਆਂ ਬੱਸਾਂ ਠੀਕ ਚੱਲੀਆਂ ਹਨ ਅਤੇ ਸਿਰਫ਼ ਇਕ ਹੀ ਬੱਸ ’ਚ ਤਕਨੀਕੀ ਖ਼ਰਾਬੀ ਆਈ ਸੀ, ਜਿਸ ਨੂੰ ਠੀਕ ਕਰ ਲਿਆ ਗਿਆ। ਦੱਸਣਯੋਗ ਹੈ ਕਿ ਸੈਕਟਰ-17 ਆਈ. ਐੱਸ. ਬੀ. ਟੀ. ਹੋਣ ਕਾਰਨ ਇਸ ਸੜਕ ਤੋਂ ਹੀ ਲਗਭਗ ਸਾਰੀਆਂ ਬੱਸਾਂ ਹੋ ਕੇ ਲੰਘਦੀਆਂ ਹਨ। ਇਹੀ ਕਾਰਨ ਹੈ ਕਿ ਖ਼ਰਾਬੀ ਕਾਰਨ ਸੜਕ ’ਤੇ ਹੀ ਬੱਸ ਖੜ੍ਹੀ ਹੋਣ ਕਾਰਨ ਜਾਮ ਲੱਗ ਗਿਆ ਅਤੇ ਲੋਕ ਪਰੇਸ਼ਾਨ ਵੀ ਹੋਏ। ਟ੍ਰੈਫਿਕ ਪੁਲਸ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਜਾਮ ਖੁੱਲ੍ਹਵਾ ਦਿੱਤਾ।
 

Babita

This news is Content Editor Babita